ਪ੍ਰਮੁੱਖ ਸਕੱਤਰ ਵੱਲੋਂ ਅਕਾਦਮਿਕ ਤੇ ਖੋਜ ਸੰਸਥਾਨਾਂ ਦੇ ਨੁਮਾਇੰਦਿਆਂ ਨਾਲ 5 ਨਵੰਬਰ ਦੇ ਸੰਮੇਲਨ ਤੋਂ ਪਹਿਲਾਂ ਵਿਚਾਰਾਂ
ਪੰਜਾਬ ਸਰਕਾਰ ਨੇ ਰੁਜ਼ਗਾਰ ਪੈਦਾ ਕਰਨ, ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ 'ਮਿਸ਼ਨ ਇਨੋਵੇਸ਼ਨ ਪੰਜਾਬ' ਤਹਿਤ 5 ਨਵੰਬਰ, 2019 ਨੂੰ 'ਪੰਜਾਬ ਇਨੋਵੇਸ਼ਨ ਐਂਡ ਟੈਕਨਾਲੋਜੀ ਸੰਮੇਲਨ 2019' ਕਰਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਇਥੇ ਪੰਜਾਬ ਭਵਨ ਵਿੱਚ ਅਕਾਦਮਿਕ ਤੇ ਖੋਜ ਸੰਸਥਾਨਾਂ ਦੇ ਨੁਮਾਇੰਦਿਆਂ ਨਾਲ ਬੈਠਕ ਦੌਰਾਨ ਇਸ ਮੈਗਾ ਸੰਮੇਲਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਕੇਸ਼ ਵਰਮਾ ਨੇ ਕਿਹਾ ਕਿ ਇਹ ਸੰਮੇਲਨ ਸਿੱਖਿਆ ਸ਼ਾਸਤਰੀਆਂ, ਖੋਜਕਾਰਾਂ, ਸਨਅਤਕਾਰਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਇਕ ਮੰਚ ਮੁਹੱਈਆ ਕਰਾਏਗਾ, ਜਿਸ ਰਾਹੀਂ ਇਕ ਵਿਆਪਕ ਨੀਤੀ ਬਣਾ ਕੇ ਪੰਜਾਬ ਨੂੰ ਵਿਕਾਸ ਦੀ ਸਿਖ਼ਰ 'ਤੇ ਪਹੁੰਚਾਉਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਹ ਸੰਮੇਲਨ ਪੰਜਾਬ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ ਅਤੇ ਇਸ ਦਾ ਉਦੇਸ਼ ਪੰਜਾਬ ਨੂੰ ਨਵੀਨਤਾ ਤੇ ਖੋਜ ਵਿੱਚ ਆਲਮੀ ਨਕਸ਼ੇ 'ਤੇ ਉਭਾਰਨਾ ਹੈ।
ਮੀਟਿੰਗ ਦੌਰਾਨ ਸੰਮੇਲਨ ਦੀ ਰੂਪ-ਰੇਖਾ 'ਤੇ ਵਿਆਪਕ ਵਿਚਾਰ-ਚਰਚਾ ਕੀਤੀ ਗਈ। ਇਸ ਸੰਮੇਲਨ 'ਚ ਨਵੀਨਤਾ ਅਤੇ ਅਕਾਦਮਿਕ ਖੇਤਰ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ, ਜਿਸ ਨਾਲ ਖੋਜ ਅਤੇ ਇਸ ਨੂੰ ਕਮਰਸ਼ੀਅਲ ਬਣਾਉਣ ਦੇ ਕਾਰਜ ਨੂੰ ਹੁਲਾਰਾ ਮਿਲੇਗਾ। ਇਹ ਸੈਸ਼ਨ ਯੂਨੀਵਰਸਿਟੀਆਂ ਨੂੰ ਸਫਲਤਾਪੂਰਵਕ ਵਪਾਰੀਕਰਨ ਸਮੇਤ ਵੱਖ ਵੱਖ ਸੈਕਟਰਾਂ ਵਿੱਚ ਇਸ ਦੇ ਅਮਲ ਨਾਲ ਆਪਣੇ ਖੇਤਰ ਦੇ ਵਿਕਾਸ ਲਈ ਵੀ ਪ੍ਰੇਰਿਤ ਕਰੇਗਾ।
....