ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨੀ ਨੂੰ ਬਚਾਉਣ ਲਈ ਸਹਿਕਾਰਤਾ ਲਹਿਰ ਮਜ਼ਬੂਤ ਕਰਨਗੇ ਪੰਜਾਬ ਤੇ ਉਡੀਸ਼ਾ

-----ਪੰਜਾਬ ਦੇ ਵਫਦ ਨੇ ਓਡੀਸ਼ਾ ਚ ਸਹਿਕਾਰੀ ਬੈਂਕਾਂ ਤੇ ਸੁਸਾਇਟੀਆਂ ਦੇ ਕੰਪਿਊਟਰੀਕਰਨ ਦਾ ਕੀਤਾ ਅਧਿਐਨ-----

 

''ਸਹਿਕਾਰਤਾ ਖੇਤਰ ਵਿੱਚ ਦੇਸ਼ ਭਰ ਦੇ ਸੂਬਿਆਂ ਲਈ ਮਾਲੀਏ ਦਾ ਮੁੱਖ ਸ੍ਰੋਤ ਬਣਨ ਦੀ ਵਧੇਰੇ ਸਮਰੱਥਾ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਸਮੂਹ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਦਾ ਰਸਮੀ ਅਤੇ ਗੈਰ ਰਸਮੀ ਮੰਚ ਬਣਾਉਣਾ ਬੇਹੱਦ ਜ਼ਰੂਰੀ ਹੈ ਜਿੱਥੇ ਭਾਰਤ ਸਰਕਾਰ ਨੂੰ ਸਿਫ਼ਾਰਸ਼ਾਂ ਭੇਜਣ ਲਈ ਸੂਬੇ ਦੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ 'ਤੇ ਵਿਚਾਰ ਕੀਤਾ ਜਾ ਸਕੇ।'' ਇਹ ਗੱਲ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਤਿੰਨ ਰੋਜ਼ਾ ਉਡੀਸ਼ਾ ਦੌਰੇ ਦੇ ਆਖਰੀ ਦਿਨ ਉਡੀਸ਼ਾ ਦੇ ਸਹਿਕਾਰਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਰਣਏਂਦਰ ਪ੍ਰਤਾਪ ਸਵੈਨ ਨਾਲ ਮੁਲਾਕਾਤ ਉਪਰੰਤ ਕਹੀ। ਸ੍ਰੀ ਸਵੈਨ ਨੇ ਸ. ਰੰਧਾਵਾ ਵੱਲੋਂ ਪੇਸ਼ ਕੀਤੇ ਇਸ ਪ੍ਰਸਤਾਵ 'ਤੇ ਸਹਿਮਤੀ ਪ੍ਰਗਟਾਈ।

 

ਸਹਿਕਾਰਤਾ ਮੰਤਰੀ ਦੀ ਅਗਵਾਈ ਵਿੱਚ ਇਸ ਵਫਦ ਨੇ ਉਡੀਸ਼ਾ ਸਟੇਟ ਕੋਆਪਰੇਟਿਵ ਬੈਂਕ, ਡੀ.ਸੀ.ਸੀ.ਬੀ. ਦੇ ਮੁੱਖ ਦਫ਼ਤਰ ਤੇ ਜ਼ਿਲ੍ਹਾ ਖੋਰਧਾ 'ਚ ਇਸ ਦੀ ਮਹਿਲਾ ਬ੍ਰਾਂਚ ਅਤੇ ਸ਼ਿਸ਼ੂਪਾਲ ਗੜ੍ਹ ਵਿਖੇ ਪ੍ਰਾਇਮਰੀ ਐਗਰੀਕਲਚਰਲ ਕਰੈਡਿਟ ਸੋਸਾਇਟੀ (ਪੀ.ਏ.ਸੀ.ਐਸ.) ਦਾ ਦੌਰਾ ਕੀਤਾ ਉਥੋਂ ਦੇ ਕੰਪਿਊਟਰੀਕਰਨ ਸਿਸਟਮ ਦਾ ਅਧਿਐਨ ਕੀਤਾ।

 

 

ਰੰਧਾਵਾ ਨੇ ਇਸ ਫੇਰੀ ਦੌਰਾਨ ਉਡੀਸ਼ਾ ਦੀ ਕੋਰ ਬੈਂਕਿੰਗ ਸਲਿਊਸ਼ਨ ਸਿਸਟਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਜ਼ਮੀਨੀ ਪੱਧਰ 'ਤੇ ਜਾਣਕਾਰੀ ਲੈਣ ਲਈ ਉਨ੍ਹਾਂ ਸੁਸਾਇਟੀਆਂ ਦੇ ਸਕੱਤਰਾਂ ਅਤੇ ਵੱਖ-ਵੱਖ ਬੈਂਕਾਂ ਦੀਆਂ ਬਰਾਂਚਾਂ ਦੇ ਸੇਲਜ਼ਮੈਨਜ਼ ਨਾਲ ਗੱਲਬਾਤ ਕੀਤੀ।

 

ਸ. ਰੰਧਾਵਾ ਵੱਲੋਂ ਪੰਜਾਬ ਸਰਕਾਰ ਦੇ ਸਹਿਕਾਰਤਾ ਖੇਤਰ ਵਿੱਚ ਚੁੱਕੇ ਨਿਵੇਕਲੇ ਕਦਮਾਂ ਬਾਰੇ ਜਾਣਕਾਰੀ ਦੇਣ 'ਤੇ ਉਡੀਸ਼ਾ ਦੇ ਸਹਿਕਾਰਤਾ ਮੰਤਰੀ ਸ੍ਰੀ ਸਵੈਨ ਨੇ ਇਨ੍ਹਾਂ ਕੋਸ਼ਿਸ਼ਾਂ ਦੀ ਸਲਾਹੁਤਾ ਕੀਤੀ। ਉਨ੍ਹਾਂ ਮੰਨਿਆ ਕਿ ਕਿਸਾਨੀ ਅਤੇ ਪੇਂਡੂ ਖੇਤਰ ਦੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਸਹਿਕਾਰਤਾ ਲਹਿਰ ਨੂੰ ਮਜ਼ਬੂਤੀ ਨਾਲ ਖੜ੍ਹਾ ਕਰਨ ਦੀ ਲੋੜ ਹੈ। ਦੋਵਾਂ ਮੰਤਰੀਆਂ ਦੇ ਇਸ ਮਾਮਲੇ 'ਤੇ ਇਕੋ ਰਾਏ ਸੀ ਕਿ ਸਹਿਕਾਰਤਾ ਖੇਤਰ ਕਿਸਾਨੀ ਦੀ ਰੀੜ੍ਹ ਦੀ ਹੱਡੀ ਜਿਸ ਨੂੰ ਮਜ਼ਬੂਤ ਕੀਤੇ ਬਿਨਾਂ ਕਿਸਾਨਾਂ ਦਾ ਫਾਇਦਾ ਸੰਭਵ ਨਹੀਂ ਅਤੇ ਕਿਸਾਨੀ ਦੀ ਮਜ਼ਬੂਤੀ ਹੀ ਦੇਸ਼ ਦੀ ਆਰਥਿਕਤਾ ਨੂੰ ਤਕੜਾ ਬਣਾ ਸਕਦੀ ਹੈ ਕਿਉਂਕਿ ਭਾਰਤ ਇਕ ਖੇਤੀ ਪ੍ਰਧਾਨ ਰਾਸ਼ਟਰ ਹੈ।

 

 

ਮੀਟਿੰਗ ਦੌਰਾਨ ਦੋਵੇਂ ਮੰਤਰੀਆਂ ਨੇ ਓਡੀਸ਼ਾ ਦੇ ਸਟੇਟ ਕੋਆਪਰੇਟਿਵ ਬੈਂਕ ਤੇ ਸਹਿਕਾਰਤਾ ਵਿਭਾਗ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਸ. ਰੰਧਾਵਾ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਤਜਰਬਾ ਕਾਫ਼ੀ ਸਿੱਖਣਯੋਗ ਰਿਹਾ ਹੈ ਅਤੇ ਭਰੋਸਾ ਦਿਵਾਇਆ ਕਿ ਉਹ ਓਡੀਸ਼ਾ ਦੁਆਰਾ ਅਪਣਾਏ ਜਾ ਰਹੇ ਉੱਤਮ ਅਭਿਆਸਾਂ ਨੂੰ ਲਾਗੂ ਕਰਨਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab and Odisha to strengthen cooperative movement to protect farmers