ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਭਲਕੇ 20 ਫ਼ਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਉਸ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ (MLAs) ਨੇ ਸਪੀਕਰ ਸ੍ਰੀ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕੀਤੀ।
ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਦੀ ਅਗਵਾਈ ਸ੍ਰੀ ਅਮਨ ਅਰੋੜਾ ਕਰ ਰਹੇ ਸਨ। ਸਪੀਕਰ ਨੂੰ ਮੈਮੋਰੈਂਡਮ ਦੇਣ ਤੋਂ ਬਾਅਦ ਸ੍ਰੀ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਕਾਰਜਕਾਲ ਹੋਰ ਵਧਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੇ ਅਨੇਕ ਮਸਲਿਆਂ ਬਾਰੇ ਗੱਲਬਾਤ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਇੱਕ ਪਾਰਟੀ ਵਫ਼ਦ ਅੱਜ ਸ੍ਰੀ ਰਾਣਾ ਕੇਪੀ ਸਿੰਘ ਨੂੰ ਮਿਲਿਆ। ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਮਜੀਠੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੇ ਪੰਜਾ ਸਰਕਾਰ ਸੱਚਮੁਚ ਬਹਿਬਲ ਕਲਾਂ ਗੋਲੀਕਾਂਡ ਦੀ ਸਹੀ ਤਰੀਕੇ ਜਾਂਚ ਕਰਵਾਉਣ ਪ੍ਰਤੀ ਗੰਭੀਰ ਹੈ, ਤਾਂ ਇਹ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ ਤੇ ਚਾਹੇ ਐੱਨਆਈਏ ਤੋਂ ਕਰਵਾਈ ਜਾਵੇ।
ਸ੍ਰੀ ਮਜੀਠੀਆ ਨੇ ਕਿਹਾ ਕਿ ਬਹਿਬਲ ਕਲਾਂ ਕਾਂਡ ਵਿੱਚ ਪੰਜਾਬ ਪੁਲਿਸ ਦੀ ‘ਕਲੀਨ ਚਿਟ’ ਨੂੰ ਉਹ ਕਿਸੇ ਵੀ ਹਾਲਤ ’ਚ ਪ੍ਰਵਾਨ ਨਹੀਂ ਕਰਦੇ।
ਸ੍ਰੀ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਸੂਬੇ ’ਚ ਰੇਤ ਮਾਫ਼ੀਆ ਨੂੰ ਵੀ ਠੱਲ੍ਹ ਨਹੀਂ ਪਾ ਸਕੀ।
ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਅਮਨ ਅਰੋੜਾ ਨੇ ਇਸ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ–ਭਾਜਪਾ ਸਰਕਾਰ ਨੇ ਅੱਖਾਂ ਮੀਟ ਕੇ ਬਿਜਲੀ ਕੰਪਨੀਆਂ ਨਾਲ ਮਹਿੰਗੀ ਬਿਜਲੀ ਲਈ ਸਮਝੌਤੇ ਕਰ ਲਏ ਸਨ ਤੇ ਮੌਜੂਦਾ ਸਰਕਾਰ ਹੁਣ ਉਨ੍ਹਾਂ ਸਮਝੋਤਿਆਂ ਦਾ ਬਚਾਅ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਸਮਝੌਤੇ ਰੱਦ ਹੋਣੇ ਚਾਹੀਦੇ ਹਨ।