ਕਿਸਾਨਾਂ ਦੇ ਝੋਨੇ ਦੀ ਫਸਲ ਨੂੰ ਬਿਨਾਂ ਕਿਸੇ ਅੜਚਣ ਦੇ ਖਰੀਦ ਵਾਸਤੇ ਤੇ ਕੇਂਦਰੀ ਭੰਡਾਰ `ਚ ਚੌਲਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ `ਚ ਸਾਉਣੀ 2018-19 ਲਈ ਪੰਜਾਬ ਕਸਟਮ ਮਿਲਿੰਗ ਆਫ ਪੈਡੀ ਪਾਲਿਸ `ਤੇ ਸਹਿਮਤੀ ਦੇ ਦਿੱਤੀ ਗਈ। ਕਸਟਮ ਮਿਲਿੰਗ ਵਾਸਤੇ ਬਣਾਈ ਗਈ ਨੀਤੀ ਅਨੁਸਾਰ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਰਾਜ ਗੋਦਾਮ ਕਾਰਪੋਰੇਸ਼ਨ (ਪੀ.ਐਸ.ਡਬਲਿਊ.ਸੀ.) ਪੰਜਾਬ ਐਗਰੋ ਫੂਡ ਗਰੇਨਜ਼ ਕਾਰਪੋਰੇਸ਼ਨ (ਪੀ ਏ ਐਫ ਸੀ) ਅਤੇ ਭਾਰਤੀਯ ਖੁਰਾਕ ਨਿਗਮ (ਐਫ.ਸੀ.ਆਈ.) ਅਤੇ ਚੌਲ ਮਿਲਰਾਂ/ਉਨ੍ਹਾਂ ਦੇ ਕਾਨੂੰਨੀ ਵਾਰਸ ਕਾਰਜ ਕਰਨਗੇ। ਇਸ ਦੇ ਵਾਸਤੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਨੋਡਲ ਵਿਭਾਗ ਵਜੋਂ ਕਾਰਜ ਕਰੇਗਾ।
ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸਾਉਣੀ 2018-19 ਦੇ ਦੌਰਾਨ ਝੋਨੇ ਦੀ ਨਿਰਧਾਰਤ ਮੁਢਲੀ ਅਲਾਟਮੈਂਟ ਦਾ ਇਕੋਇਕ ਮੂਲ ਤੱਤ ਸਾਉਣੀ 2017-18 ਦੇ ਪਿਛਲੇ ਸੀਜ਼ਨ ਦੌਰਾਨ ਮਿਲ ਮਾਲਕਾਂ ਦੀ ਕਾਰਗੁਜਾਰੀ ’ਤੇ ਨਿਰਭਰ ਕਰੇਗਾ ਅਤੇ ਮਿੱਲਾਂ ਨੂੰ ਵਾਧੂ ਫੀਸਦੀ ਰਿਆਇਤਾਂ ਕਸਟਮ ਮਿਲਿੰਗ ਦੇ ਹੇਠ ਚਾਵਲਾਂ ਦੀ ਡਿਲਿਵਰੀ ਦੀ ਮਿਤੀ ਦੇ ਅਨੁਸਾਰ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਜਿਹੜੀਆਂ ਮਿੱਲਾਂ 31 ਜਨਵਰੀ ਤੱਕ ਝੋਨੇ ਦੀ ਛਟਾਈ ਮੁਕੰਮਲ ਕਰਨਗੀਆਂ, ਉਹ ਮੁਢਲੇ ਨਿਰਧਾਰਤ ਝੋਨੇ ਦਾ 15 ਫੀਸਦੀ ਵਾਧੂ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ। ਬੁਲਾਰੇ ਦੇ ਅਨੁਸਾਰ ਜਿਹੜੀਆਂ ਮਿੱਲਾਂ 28 ਫਰਵਰੀ ਤੱਕ ਚੌਲਾਂ ਦੀ ਡਿਲਿਵਰੀ ਮੁਕੰਮਲ ਕਰਨਗੀਆਂ ਉਹ ਮੁਢਲੇ ਨਿਰਧਾਰਤ ਝੋਨੇ ਦਾ ਵਾਧੂ 10 ਫੀਸਦੀ ਪ੍ਰਾਪਤ ਕਰ ਸਕਨਗੀਆਂ। ਬੁਲਾਰੇ ਦੇ ਅਨੁਸਾਰ ਸੂਬੇ ਵੱਲੋਂ ਇਸ ਸਾਲ 190 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਹ ਟੀਚਾ ਕਸਟਮ ਮਿਲਿੰਗ ਨੀਤੀ ਦੇ ਹੇਠ ਮੁਕੰਮਲ ਕੀਤਾ ਜਾਵੇਗਾ। ਐਫ.ਸੀ.ਆਈ. ਨੂੰ ਸਾਰੇ ਬਕਾਏ ਚਾਵਲ ਦੀ ਸਪਲਾਈ 31 ਮਾਰਚ, 2019 ਤੱਕ ਕੀਤੀ ਜਾਵੇਗੀ।