ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਪੰਜਾਬ ਨੇ ਵਿਸਾਖੀ 'ਤੇ ਪੰਜਾਬੀਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਕੀਤੀ ਅਪੀਲ

13 ਅਪ੍ਰੈਲ ਨੂੰ ਮਹਾਂਮਾਰੀ ਦੇ ਖ਼ਾਤਮੇ ਲਈ ਅਰਦਾਸ ਕਰਨ ਲਈ ਆਖਿਆ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਾਸੀਆਂ ਨੂੰ ਆਪਣੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਭਲਕੇ 13 ਅਪ੍ਰੈਲ ਨੂੰ ਸਵੇਰੇ 11 ਵਜੇ ਆਪੋ-ਆਪਣੇ ਘਰਾਂ ਤੋਂ ਜਾਨਲੇਵਾ ਦੁਸ਼ਮਣ ਕੋਵਿਡ-19 'ਤੇ ਸੂਬੇ ਦੀ ਜਿੱਤ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

 

 

ਵਿਸਾਖੀ 'ਤੇ ਪੰਜਾਬ ਦੇ ਲੋਕਾਂ ਦੇ ਨਾਂ ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਇਸ ਵਾਰ ਦੀ ਵਿਸਾਖੀ ਪਹਿਲਾਂ ਨਾਲੋਂ ਵੱਖਰੀ ਹੈ ਜਿਸ ਕਰਕੇ ਲੋਕ ਵਿਸ਼ਾਲ ਇਕੱਠਾਂ ਦੇ ਰੂਪ ਵਿੱਚ ਰਵਾਇਤੀ ਜੋਸ਼ੋ-ਖਰੋਸ਼ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਬਾਹਰ ਨਹੀਂ ਨਿਕਲ ਸਕਦੇ। 

 

ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਸਾਰਿਆਂ ਦਾ ਆਪਣੇ ਘਰਾਂ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਵਿਸਾਖੀ ਦੇ ਪਾਵਨ ਦਿਹਾੜੇ ਨੂੰ ਸੂਬੇ ਤੋਂ ਕੋਵਿਡ-19 ਦੇ ਮੁਕੰਮਲ ਖ਼ਾਤਮੇ ਲਈ ਅਰਦਾਸ ਕਰਕੇ ਮਨਾਇਆ ਜਾਵੇ।

 

ਮੁੱਖ ਮੰਤਰੀ ਨੇ ਅਪੀਲ ਕਰਦਿਆਂ ਕਿਹਾ ਕਿ 'ਆਓ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਸਾਨੂੰ ਅਤੇ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਾਡੇ ਲੋਕ ਸੁਰੱਖਿਅਤ ਤੇ ਸਦਾ ਖੁਸ਼ ਰਹਿਣ। ਉਨ੍ਹਾਂ ਕਿਹਾ ਕਿ ਇਹ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਲੋਕਾਂ ਨੂੰ ਕੀਤੀ ਹੈ ਕਿ ਉਹ ਇਸ ਸਾਲ ਵਿਸਾਖੀ ਮਨਾਉਣ ਲਈ ਇਕੱਠੇ ਜਾਂ ਬਾਹਰ ਨਾ ਹੋਣ।


ਉਨ੍ਹਾਂ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਅਤੇ ਹੋਰ ਸਿਹਤ, ਸਫਾਈ ਕਰਮਚਾਰੀਆਂ, ਪੁਲਿਸ, ਮਾਲ ਵਿਭਾਗ, ਧਾਰਮਿਕ ਸੰਸਥਾਵਾਂ, ਐਨ.ਜੀ.ਓਜ਼ ਸਣੇ ਇਸ ਸੰਕਟ ਵਿੱਚ ਸੰਘਰਸ਼ ਕਰ ਰਹੇ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ ਜਿਹੜੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਫਰੰਟਲਾਈਨ 'ਤੇ ਕੰਮ ਕਰ ਰਹੇ ਹਨ। 

 

ਉਨ੍ਹਾਂ ਐਸ.ਐਸ.ਪੀਜ਼ ਅਤੇ ਡੀ.ਸੀਜ਼ ਦਾ ਵੀ ਧੰਨਵਾਦ ਕੀਤਾ ਜਿਹੜੇ ਸਾਰੀ ਸਥਿਤੀ ਦਾ ਪ੍ਰਬੰਧਨ ਪੂਰੀ ਕਾਰਜਕੁਸ਼ਲਤਾ ਨਾਲ ਕਰ ਰਹੇ ਹਨ ਅਤੇ ਉਨ੍ਹਾਂ 'ਤੇ ਵਿਸ਼ਵਾਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਇਸੇ ਤਰ੍ਹਾਂ ਤਨਦੇਹੀ ਤੇ ਲਗਨ ਨਾਲ ਕੰਮ ਕਰਦੇ ਰਹਿਣਗੇ।

...
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUNJAB CM APPEALS TO PEOPLE NOT TO STEP OUT ON BAISAKHI IN VIEW OF COVID-19 CRISIS