ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਭਾਰਤ–ਪਾਕਿ ਦੀ ਸਰਹੱਦ ਉਤੇ ਪਹੁੰਚਕੇ ਕਰਤਾਰਪੁਰ ਲਾਂਘੇ ਦੇ ਚਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੂਰਬੀਨ ਰਾਹੀਂ ਪਾਕਿਸਤਾਨ ਵਾਲੇ ਪਾਸੇ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਵੀ ਕੀਤੇ।
ਇਸ ਮੌਕੇ ਉਨ੍ਹਾਂ ਨੇ ਸਰਹੱਦ ਉਤੇ ਸੁਰੱਖਿਆ ਕਰ ਰਹੇ ਬੀਐਸਐਫ ਦੇ ਅਮਲੇ ਅਤੇ ਕਰਤਾਰਪੁਰ ਲਾਂਘੇ ਉਤੇ ਕੰਮ ਕਰ ਰਹੇ ਲੋਕਾਂ ਨਾਲ ਗੱਲਬਾਤ ਕੀਤੀ। ਪਾਕਿਸਤਾਨ ਵੱਲੋਂ ਲਗਾਈ ਗਈ ਫੀਸ ਉਤੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ 20 ਡਾਲਰ ਫ਼ੀਸ ਲੈਣ ਦਾ ਉਹ ਵਿਰੋਧ ਕਰਦੇ ਹਨ।
ਉਨ੍ਹਾਂ ਨੇ ਕੇਂਦਰ ਸਰਕਾਰ ਅਪੀਲ ਕੀਤੀ ਕਿ ਸੰਗਤਾਂ ਉਤੇ ਲਗਾਈ ਜਾ ਰਹੀ ਫੀਸ ਤੋਂ ਛੋਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਗਾਈ ਜਾ ਰਹੀ ਫੀਸ ਖੁੱਲ੍ਹੇ ਦਰਸ਼ਨ-ਦੀਦਾਰੇ ਪਰੰਪਰਾ ਦੇ ਉਲਟ ਹੈ।
ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਓ ਪੀ ਸੋਨੀ, ਬਲਬੀਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਘ ਸਿੰਗਲਾ, ਸੁਨੀਲ ਜਾਖੜ ਤੋਂ ਇਲਾਵਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਤੇਜਬੀਰ ਸਿੰਘ ਪ੍ਰਮੁੱਖ ਸਕੱਤਰ, ਡੀ ਜੀ ਪੀ ਦਿਨਕਾਰ ਗੁਪਤਾ ਆਦਿ ਹਾਜ਼ਰ ਸਨ।