ਪੰਜਾਬ ਸਰਕਾਰ ਨੇ ਸਾਰੇ 22 ਡਿਪਟੀ ਕਮਿਸ਼ਨਰਾਂ (DCs) ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਅਗਲੇ ਤਿੰਨ ਦਿਨ ਭਾਰੀ ਮੀਂਹ ਦੀ ਸੰਭਾਵਨਾ ਕਾਰਨ ਸਾਰੇ ਇੰਤਜ਼ਾਮ ਪਹਿਲਾਂ ਤੋਂ ਹੀ ਕਰ ਕੇ ਰੱਖਣ। ਇਹ ਜਾਣਕਾਰੀ ਏਐੱਨਆਈ ਵੱਲੋਂ ਦਿੱਤੀ ਗਈ ਹੈ।
ਚੇਤੇ ਰਹੇ ਕਿ ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਅੱਜ ਸ਼ਾਮ ਤੋਂ ਅਗਲੇ ਤਿੰਨ–ਚਾਰ ਦਿਨਾਂ ਤੱਕ ਭਾਰੀ ਵਰਖਾ ਦੀ ਚੇਤਾਵਨੀ ਦਿੱਤੀ ਹੋਈ ਹੈ।
ਇਸ ਸੰਭਾਵਨਾ ਕਾਰਨ ਪਟਿਆਲਾ, ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਦੇ ਉਨ੍ਹਾਂ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ; ਜਿਨ੍ਹਾਂ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਪਹਿਲਾਂ ਹੀ ਘੱਗਰ ਦਰਿਆ ਦੇ ਹੜ੍ਹ ਵਰਗੇ ਪਾਣੀ ਦੀ ਮਾਰ ਹੇਠ ਆ ਕੇ ਬਰਬਾਦ ਹੋ ਚੁੱਕੀਆਂ ਹਨ।
ਇੱਕ ਮੋਟੇ ਅਨੁਮਾਨ ਮੁਤਾਬਕ ਪੰਜਾਬ ਵਿੱਚ 90 ਹਜ਼ਾਰ ਏਕੜ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ; ਉਂਝ ਹਾਲੇ ਸਰਕਾਰੀ ਅਨੁਮਾਨ ਲੱਗਣੇ ਬਾਕੀ ਹਨ।
ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਇਨ੍ਹਾਂ ਹੜ੍ਹ–ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਤੇ ਬਾਅਦ ’ਚ ਅਧਿਕਾਰੀਆਂ ਨੂੰ ਹੜ੍ਹ ਦੀ ਮਾਰ ਹੇਠ ਆਏ ਕਿਸਾਨਾਂ ਦੀ ਸਾਰ ਲੈਣ ਤੇ ਉਨ੍ਹਾਂ ਦੇ ਨੁਕਸਾਨ ਜਾਇਜ਼ਾ ਲੈਣ ਦੇ ਹੁਕਮ ਵੀ ਦਿੱਤੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਸੀ ਕਿ ਉਹ ਕੇਂਦਰੀ ਮੰਤਰੀ ਨੂੰ ਮਿਲ ਕੇ ਘੱਗਰ ਦੇ ਕੰਢੇ ਮਜ਼ਬੂਤ ਕਰਵਾਉਣ ਬਾਰੇ ਗੱਲਬਾਤ ਕਰਨਗੇ।