ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP – ਡੀਜੀਪੀ) ਸ੍ਰੀ ਦਿਨਕਰ ਗੁਪਤਾ ਨੂੰ ਕੇਂਦਰ ਸਰਕਾਰ ਵਿੱਚ ਡਾਇਰੈਕਟਰ ਜਨਰਲ ਪੱਧਰ ਦੇ ਅਹੁਦਿਆਂ ਉੱਤੇ ਤਾਇਨਾਤ ਰਹਿਣ ਲਈ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਕੇਂਦਰੀ ਕੈਬਿਨੇਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਕੱਲ੍ਹ ਸਨਿੱਚਰਵਾਰ ਨੂੰ ਹੁਕਮ ਜਾਰੀ ਕਰ ਦਿੱਤਾ ਸੀ।
ਸ੍ਰੀ ਦਿਨਕਰ ਗੁਪਤਾ ਉੱਤਰੀ ਭਾਰਤ ਦੇ ਸੱਤ ਸੂਬਿਆਂ ’ਚੋਂ ਇੱਕੋ–ਇੱਕ ਅਜਿਹੇ ਆਈਪੀਐੱਸ ਅਧਿਕਾਰੀ ਹਨ, ਜਿਨ੍ਹਾਂ ਦਾ ਨਾਂਅ ‘ਕੈਬਿਨੇਟ ਦੀ ਅਪਾਇੰਟਮੈਂਟ ਕਮੇਟੀ’ ਵਿੱਚ ਸ਼ਾਮਲ ਕੀਤਾ ਹੈ। ਸਾਲ 1987 ਦੇ 11 ਆਈਪੀਐੱਸ ਅਧਿਕਾਰੀਆਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਕਾਡਰ ਦੇ ਜਿਹੜੇ ਇਕਲੌਤੇ ਆਈਪੀਐੱਸ ਅਧਿਕਾਰੀ ਨੂੰ ਇੰਝ ਕੇਂਦਰ ਵਿੱਚ ਡੀਜੀਪੀ ਪੱਧਰ ਦੀਆਂ ਆਸਾਮੀਆਂ ਲਈ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ, ਉਹ ਸ੍ਰੀ ਸਾਮੰਤ ਗੋਇਲ ਹਨ, ਜੋ ਇਸ ਵੇਲੇ ‘ਰੀਸਰਚ ਐਂਡ ਐਨਾਲਾਇਸਿਸ ਵਿੰਗ’ (ਰਾੱਅ) ਦੇ ਮੁਖੀ ਹਨ।
ਚੇਤੇ ਰਹੇ ਕਿ ਸ੍ਰੀ ਦਿਨਕਰ ਗੁਪਤਾ ਨੂੰ ਫ਼ਰਵਰੀ 2019 ’ਚ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ (ਡੀਜੀਪੀ) ਨਿਯੁਕਤ ਕੀਤਾ ਗਿਆ ਸੀ ਕਿਉਂਕਿ ਡੀਜੀਪੀ (ਇੰਟੈਲੀਜੈਂਸ) ਵਜੋਂ ਉਨ੍ਹਾਂ ਦਾ ਟ੍ਰੈਕ ਰਿਕਾਰਡ ਅਤੇ ਕਰੀਅਰ ਪ੍ਰੋਫ਼ਾਹੀਲ ਬਹੁਤ ਪ੍ਰਭਾਵਸ਼ਾਲੀ ਰਿਹਾ ਸੀ।
ਡੀਜੀ ਇੰਟੈਲੀਜੈਂਸ ਵਜੋਂ ਸ੍ਰੀ ਦਿਨਕਰ ਗੁਪਤਾ ਨੇ ਪੰਜਾਬ ਪੁਲਿਸ ਦੇ ਖੁਫ਼ੀਆਵਿੰਗ, ਦਹਿਸ਼ਤਗਰਦੀ ਵਿਰੋਧੀ ਸਕੁਐਡ ਅਤੇ ਜੱਥੇਬੰਦਕ ਅਪਰਾਧ ਨਿਯੰਤ੍ਰਣ ਇਕਾਈ ਉੱਤੇ ਚੌਕਸ ਨਿਗਰਾਨੀ ਰੱਖੀ ਸੀ।
ਬੇਹਦ ਮਿਠਬੋਲੜੇ ਪੁਲਿਸ ਅਧਿਕਾਰੀ ਸ੍ਰੀ ਦਿਨਕਰ ਗੁਪਤਾ ਨੇ ਹਾਈ–ਪ੍ਰੋਫ਼ਾਈਲ ਕਤਲ ਕਾਂਡ ਹੱਲ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਨੇ ਖਾਲਿਸਤਾਨ–ਪੱਖੀ 50 ਮਾਡਿਯੂਲਜ਼ ਦਾ ਵੀ ਖਾਤਮਾ ਕੀਤਾ ਹੈ।
ਸ੍ਰੀ ਦਿਨਕਰ ਗੁਪਤਾ ਨੇ ਆਪਣਾ ਕਰੀਅਰ ਆਈਪੀਐੱਸ ਅਧਿਕਾਰੀ ਵਜੋਂ ਉਦੋਂ ਸ਼ੁਰੂ ਕੀਤਾ ਸੀ, ਜਦੋਂ ਪੰਜਾਬ ਵਿੱਚ ਦਹਿਸ਼ਤਗਰਦੀ ਸਿਖ਼ਰਾਂ ’ਤੇ ਸੀ। ਉਹ ਸਦਾ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਸਮੂਹਾਂ ਵਿੱਚ ਮੋਹਰੀ ਹੋ ਕੇ ਉਸ ਕਾਲੇ ਦੌਰ ਨਾਲ ਲੜੇ ਸਨ। ਉਹ ਸੱਤ ਸਾਲਾਂ ਤੱਕ ਲੁਧਿਆਣਾ, ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਐੱਸਐੱਸਪੀ ਵੀ ਰਹੇ ਹਨ।
ਉਹ ਜਲੰਧਰ ਤੇ ਲੁਧਿਆਣਾ ਰੇਂਜਸ ਦੇ ਡੀਆਈਜੀ ਵੀ ਰਹੇ ਹਨ ਤੇ ਫਿਰ ਉਹ ਅਗਲੇ 10 ਸਾਲਾਂ ਤੱਕ ਦਹਿਸ਼ਤਗਰਦੀ–ਵਿਰੋਧੀ ਅਤੇ ਖੁਫ਼ੀਆ ਵਿੰਗ ਦੀਆਂ ਟੀਮਾਂ ਦੇ ਮੁਖੀ ਬਣੇ ਰਹੇ।
ਉਹ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਅਤੇ ਅਮੈਰਿਕਨ ਯੂਨੀਵਰਸਿਟੀ, ਵਾਸ਼ਿੰਗਟਨ ਡੀਸੀ ਵਿਖੇ ਵਿਜ਼ਿਟਿੰਗ ਪ੍ਰੋਫ਼ੈਸਰ ਵਜੋਂ ਵੀ ਵਿਚਰਦੇ ਰਹੇ ਹਨ; ਜਿੱਥੇ ਉਨ੍ਹਾਂ ਦਹਿਸ਼ਤਗਰਦੀ ਨਾਲ ਲੜਨ ਦਾ ਕੋਰਸ ਪੜ੍ਹਾਇਆ ਸੀ। ਉਨ੍ਹਾਂ ਨੂੰ ਦੋ ਵਾਰ ਵੀਰਤਾ ਪੁਰਸਕਾਰ ਵੀ ਮਿਲ ਚੁੱਕੇ ਹਨ।
ਸ੍ਰੀ ਦਿਨਕਰ ਗੁਪਤਾ ਪ੍ਰਮੁੱਖ ਅਮੈਰਿਕਨ ਥਿੰਕ–ਟੈਂਕਸ ਲਈ ਕਈ ਵਾਰ ਭਾਸ਼ਣ ਵੀ ਦੇ ਚੁੱਕੇ ਹਨ।