ਡੇਅਰੀ ਫਾਰਮਿੰਗ ਦੇ ਖੇਤਰ ਨੂੰ ਮਜਬੂਤੀ ਪ੍ਰਦਾਨ ਕਰਨ ਲਈ, ਪੰਜਾਬ ਸਰਕਾਰ ਹੁਣ 10 ਪਸ਼ੂਆਂ ਦੀ ਖਰੀਦ ਲਈ ਮਿਲਣ ਵਾਲੀ ਸਬਸਿਡੀ ਨੂੰ ਵਧਾ ਕੇ 20 ਦੁਧਾਰੂ ਪਸ਼ੂਆਂ ਤੱਕ ਦੇ ਫਾਰਮ ਸਥਾਪਿਤ ਕਰਨ ਲਈ ਸਬਸਿਡੀ ਮੁਹੱਈਆ ਕਰਵਾਏਗੀ। ਜਿਸ ਲਈ ਪੰਜਾਬ ਸਰਕਾਰ ਵਲੋਂ 20 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੇ ਧੰਦੇ ਪ੍ਰਤੀ ਉਤਸਾਹਿਤ ਕਰਨ ਲਈ ਦੁਧਾਰੂ ਪਸ਼ੂਆਂ ਦੀ ਖਰੀਦ ਲਈ ਮਿਲਣ ਵਾਲੀ ਸਬਸਿਡੀ ਨੂੰ 10 ਪਸ਼ੂਆਂ ਤੋਂ ਵਧਾ ਕੇ 20 ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਜਨਰਲ ਕੈਟਾਗਰੀ ਨੂੰ 25% ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 33 % ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਸ਼ੂ ਪਾਲਕਾਂ ਦੀ ਕਾਫੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਜਿਸ ਨਾਲ ਹੁਣ ਡੇਅਰੀ ਫਾਰਮਿੰਗ 'ਤੇ ਹੋਣ ਵਾਲੀ ਲਾਗਤ ਵੀ ਘਟੇਗੀ।
ਡੇਅਰੀ ਵਿਕਾਸ ਮੰਤਰੀ ਨੇ ਅੱਗੇ ਦਸਿਆ ਕਿ ਉਨ੍ਹਾਂ ਦੱਸਿਆ ਕਿ ਕਿ ਡੇਅਰੀ ਫਾਰਮਿੰਗ ਦਾ ਧੰਦਾ ਅਪਣਾਕੇ ਕਿਸਾਨ ਆਪਣੇ ਰੋਜ਼ਾਨਾ ਦੀ ਘਰੇਲੂ ਜਰੂਰਤਾਂ ਪੂਰੀਆਂ ਕਰ ਸਕਦੇ ਹਨ ਜਦੋਂ ਕਿ ਇਸ ਦੇ ਮੁਕਾਬਲੇ ਰਵਾਇਤੀ ਫਸਲਾਂ ਤੋਂ ਆਮਦਨ ਛਿਮਾਹੀ ਬਾਅਦ ਆਉਂਦੀ ਹੈ।
ਉਨਾਂ ਇਹ ਵੀ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਵਿਦੇਸ਼ਾਂ ਤੋਂ ਉੱਤਮ ਨਸਲ ਦਾ ਸੈਕਸਡ ਸੀਮਨ ਵੀ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਸਿਰਫ ਵੱਛੀਆਂ ਹੀ ਪੈਦਾ ਹੋਣਗੀਆਂ ਤੇ ਅਵਾਰਾ ਪਸੂਆਂ ਦੀ ਮੁਸੀਬਤ ਤੋਂ ਛੁਟਕਾਰਾ ਵੀ ਪਾਇਆ ਜਾ ਸਕੇਗਾ ਅਤੇ ਨਾਲ ਹੀ ਡੇਅਰੀ ਫਾਰਮਿੰਗ ਦੇ ਧੰਦੇ ਵਿਚ ਦੁੱਧ ਦੀ ਪੈਦਾਵਾਰ ਨੂੰ ਵੀ ਅਸਾਨੀ ਨਾਲ ਵਧਾਇਆ ਜਾ ਸਕੇਗਾ।
ਚਾਰ ਹਫਤੇ ਦੀ ਡੇਅਰੀ ਉਦਮ ਸਿਖਲਾਈ ਵਿਸਥਾਰ ਕੇਦਰ, ਬੀਜਾ(ਲੁਧਿਆਣਾ), ਚਤਾਮਲੀ(ਰੋਪੜ), ਗਿੱਲ(ਮੋਗਾ), ਅਬੁੱਲ ਖੁਰਾਣਾ(ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ(ਮਾਨਸਾ) ਫਗਵਾੜਾ(ਕਪੂਰਥਲਾ), ਤਰਨਤਾਰਨ, ਸੰਗਰੂਰ ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਦਿੱਤੀ ਜਾਵੇਗੀ।
ਸਿਖਿਆਰਥੀਆਂ ਦੀ ਚੋਣ ਲਈ 3 ਜੂਨ 2019 ਨੂੰ ਸਵੇਰੇ 10.00 ਵਜੇ ਉਕਤ ਸਿਖਲਾਈ ਕੇਂਦਰਾਂ ਤੇ ਕਾਊਂਸਲਿੰਗ ਕੀਤੀ ਜਾਵੇਗੀ। ਘੱਟੋ ਘੱਟ 10 ਵੀਂ ਤੱਕ ਵਿੱਦਿਅਕ ਯੋਗਤਾ ਰੱਖਦੇ ਹੋਏ ਨੌਜਵਾਨ ਲੜਕੇ ਲੜਕੀਆਂ ਜਿੰਨਾਂ ਦੀ ਉਮਰ 18 ਤੋਂ 45 ਸਾਲ ਦੇ ਵਿੱਚ ਹੋਵੇ ਅਤੇ ਜਿੰਨਾਂ ਦਾ ਆਪਣਾ ਘੱਟੋ ਘੱਟ 5 ਦੁਧਾਰੂ ਪਸੂਆਂ ਦਾ ਡੇਅਰੀ ਫਾਰਮ ਹੋਵੇ, ਇਹ ਸਿਖਲਾਈ ਹਾਸਲ ਕਰ ਸਕਦੇ ਹਨ।
ਸਿਖਲਾਈ ਲਈ ਪ੍ਰਾਸਪੈਕਟਸ ਜਿਸ ਦੀ ਕੀਮਤ 100/- ਰੁਪਏ ਹੈ, ਸਬੰਧਤ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫਸਰ ਅਤੇ ਸਾਰੇ ਸਿਖਲਾਈ ਕੇਦਰਾਂ ਉੱਪਰ ਉਪਲਬੱਧ ਹਨ। ਚਾਹਵਾਨ ਦੁੱਧ ਉਤਪਾਦਕ ਆਪਣੇ ਜਿਲ੍ਹੇ ਦੇ ਡਿਪਟੀ ਡਾਇਰੈਕਟਰ, ਡੇਅਰੀ ਨਾਲ ਸੰਪਰਕ ਕਰਨ।