ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਦਾ ਐਲਾਨ, ਯੋਗ ਗ਼ਰੀਬ ਬੱਚਿਆਂ ਦੀ ਪੜ੍ਹਾਈ ਹੋਣ ਲੱਗੀ ਮੁਫ਼ਤ

ਸੂਬੇ ਦੇ ਆਰਥਿਕ ਤੌਰ 'ਤੇ ਪੱਛੜੇ ਯੋਗ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫੈਸਲਾ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਵਿੱਚ ਦਾਖਲ ਹੋਣ ਵਾਲੇ ਗਰੀਬ ਵਿਦਿਆਰਥੀਆਂ ਦੀ ਗਿਆਰਵੀਂ ਤੇ ਬਾਰ੍ਹਵੀਂ ਦੀ ਪੜ੍ਹਾਈ ਦਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ।

 

ਮਹਾਰਾਜਾ ਰਣਜੀਤ ਸਿੰਘ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਗਰਵਨਿੰਗ ਬਾਡੀ ਦੀ ਚੌਥੀ ਮੀਟਿੰਗ ਤੋਂ ਬਾਅਦ ਬੁਲਾਰੇ ਨੇ ਦੱਸਿਆ ਕਿ ਇਸ ਸੰਸਥਾ ਨੇ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਤਾਲੀਮ ਲਈ ਮੋਹਾਲੀ ਦੇ ਵੱਕਾਰੀ ਪ੍ਰਾਈਵੇਟ ਸਕੂਲ ਨਾਲ ਸਮਝੌਤਾ ਕੀਤਾ ਹੈ।

 

ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਲਈ ਮੌਜੂਦਾ ਸਮੇਂ 40 ਅਜਿਹੇ ਵਿਦਿਆਰਥੀਆਂ ਦੀ ਚੋਣ ਹੋਈ ਹੈ ਪਰ ਹਰੇਕ ਵਿਦਿਆਰਥੀ ਨੂੰ ਸਾਲਾਨਾ 45000 ਰੁਪਏ ਅਦਾ ਕਰਨ ਦੀ ਲੋੜ ਹੈ। ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਜਿਹੜੇ ਗਰੀਬ ਤੇ ਯੋਗ ਵਿਦਿਆਰਥੀ ਪ੍ਰਵੇਸ਼ ਪ੍ਰੀਖਿਆ ਦੇ ਅਧਾਰ 'ਤੇ ਸੰਸਥਾ ਵਿੱਚ ਦਾਖਲ ਹਨ, ਉਹ ਮੋਹਾਲੀ ਸਕੂਲ ਵਿੱਚ ਸਿੱਖਿਆ ਹਾਸਲ ਕਰਨ ਦੇ ਵੀ ਯੋਗ ਹੋਣਗੇ।

 

ਸੰਸਥਾ ਦੇ ਵਾਧੂ ਖਰਚਿਆਂ ਬਾਰੇ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਕਾਰਪਸ ਲਈ 18 ਕਰੋੜ ਦੀ ਰਾਸ਼ੀ ਜੁਟਾਉਣ ਲਈ 8.5 ਕਰੋੜ ਰੁਪਏ ਤੋਂ ਇਲਾਵਾ 9.5 ਕਰੋੜ ਰੁਪਏ ਦੇ ਵਾਧੂ ਫੰਡਾਂ ਦੀ ਮੰਗ ਸਬੰਧੀ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਘੋਖਣ ਲਈ ਕਿਹਾ।

 

ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਅਤੇ ਤਿਆਰ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਡਾਇਰੈਕਟਰ ਜਨਰਲ ਨੂੰ ਸਕੂਲ ਸਿੱਖਿਆ ਦੇ ਸਕੱਤਰ ਦੇ ਸਲਾਹ-ਮਸ਼ਵਰੇ ਨਾਲ ਪ੍ਰਾਈਵੇਟ ਸਕੂਲਾਂ ਵਿੱਚ ਕੈਡਿਟ ਟ੍ਰੇਨਿੰਗ ਵਿੰਗ ਦੀ ਸਥਾਪਨਾ ਦੀ ਯੋਜਨਾ ਦੀ ਤਰਜ਼ 'ਤੇ ਚੋਣਵੇਂ ਸਰਕਾਰੀ ਸਕੂਲਾਂ ਵਿੱਚ ਅਜਿਹੇ ਵਿੰਗ ਸਥਾਪਤ ਕਰਨ ਬਾਰੇ ਤਜਵੀਜ਼ ਤਿਆਰ ਕਰਨ ਦੇ ਹੁਕਮ ਦਿੱਤੇ।

 

ਅੱਜ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਪਟਿਆਲਾ, ਮੋਹਾਲੀ, ਸੰਗਰੂਰ, ਬਿਆਸ ਅਤੇ ਨਾਭਾ ਦੇ ਚੋਣਵੇਂ ਪ੍ਰਾਈਵੇਟ ਸਕੂਲਾਂ ਵਿੱਚ ਕੈਡਿਟ ਟ੍ਰੇਨਿੰਗ ਵਿੰਗ ਸਥਾਪਤ ਕਰਨ ਲਈ ਲੋੜੀਂਦੇ ਫੰਡਾਂ ਦੀ ਮਨਜ਼ੂਰੀ ਦੇਣ ਲਈ ਵੀ ਕਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਐਨ.ਡੀ.ਏ ਵਿੱਚ ਸ਼ਾਮਲ ਹੋਣ ਲਈ ਸਿਖਲਾਈ ਦਿੱਤੀ ਜਾ ਸਕੇ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੋਗਰਾਮ ਦੇ ਵਿਸਤਾਰ ਦਾ ਸੁਝਾਅ ਦਿੱਤਾ ਜਿਸ ਤਹਿਤ ਸੰਸਥਾ ਚੋਣਵੇਂ ਸਕੂਲਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਵੀ ਟ੍ਰੇਨਰ ਭੇਜੇਗੀ।

 

ਮੁੱਖ ਮੰਤਰੀ ਨੇ ਡਾਇਰੈਕਟਰ ਜਨਰਲ ਨੂੰ ਸੀ.ਈ.ਓ. ਪੇਡਾ ਨਾਲ ਮਿਲ ਕੇ 26 ਲੱਖ ਰੁਪਏ ਦੀ ਲਾਗਤ ਵਾਲੇ 50 ਕੇ.ਵੀ. ਰੂਫਟਾਪ ਸੋਲਰ ਪਾਵਰ ਜਨਰੇਸ਼ਨ ਦੀ ਸਥਾਪਨਾ ਲਈ ਸੰਭਾਵਨਾਵਾਂ ਤਲਾਸ਼ਣ ਲਈ ਵੀ ਕਿਹਾ।

 

ਇਕ ਹੋਰ ਕਦਮ ਚੁੱਕਦਿਆਂ ਮੁੱਖ ਮੰਤਰੀ ਨੇ ਗਵਰਨਿੰਗ ਬਾਡੀ ਦੀ ਮੀਟਿੰਗ ਦੌਰਾਨ ਵਿੱਤ ਵਿਭਾਗ ਨੂੰ ਲੜਕੀਆਂ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ ਕਾਰਪਸ ਵਿੱਚ ਵਾਧੇ ਦੇ ਪ੍ਰਸਤਾਵ ਦੀ ਸਮੀਖਿਆ ਕਰਨ ਲਈ ਵੀ ਕਿਹਾ ਤਾਂ ਜੋ ਇੰਸਟੀਚਿਊਟ ਨੂੰ ਆਰਥਿਕ ਤੌਰ 'ਤੇ ਆਤਮ-ਨਿਰਭਰ ਬਣਾਇਆ ਜਾ ਸਕੇ।

 

ਇੰਸਟੀਚਿਊਟ ਵਿੱਚ 13.20 ਲੱਖ ਰੁਪਏ ਦੀ ਲਾਗਤ ਨਾਲ ਤੁਪਕਾ ਸਿੰਜਾਈ ਪ੍ਰਣਾਲੀ ਅਤੇ ਘੱਟ ਡੂੰਘਾਈ ਵਾਲਾ ਬੋਰਵੈੱਲ ਲਗਾਉਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਡਾਇਰੈਕਟਰ ਜਨਰਲ ਨੂੰ ਮੁੱਖ ਭੂਮੀਪਾਲ ਕੋਲ ਇਹ ਮੁੱਦਾ ਉਠਾਉਣ ਲਈ ਕਿਹਾ ਕਿਉਂ ਜੋ ਭੌਂ ਸੰਭਾਲ ਵਿਭਾਗ ਵੱਲੋਂ ਇਸ 'ਤੇ ਸਬਸਿਡੀ ਦਿੱਤੀ ਜਾਂਦੀ ਹੈ।

 

ਇੰਸਟੀਚਿਊਟ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਸਕੱਤਰ ਨੂੰ ਇਹ ਮੁੱਦਾ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਕੋਲ ਉਠਾਉਣ ਲਈ ਕਿਹਾ ਤਾਂ ਜੋ ਸਮੇਂ-ਸਮੇਂ 'ਤੇ ਇੰਸਟੀਚਿਊਟ ਦੀ ਮੁਰੰਮਤ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਇਆ ਜਾ ਸਕੇ।

 

ਮਹਾਰਾਜਾ ਰਣਜੀਤ ਸਿੰਘ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਇਹ ਆਲ੍ਹਾ ਦਰਜੇ ਦੀ ਸੰਸਥਾ 40 ਵਿਦਿਆਰਥੀਆਂ ਨਾਲ ਸਾਲ 2011 ਵਿੱਚ ਸ਼ੁਰੂ ਕੀਤੀ ਗਈ ਸੀ। ਸੱਤ ਬੈਚ ਤੋਂ ਹੁਣ ਤੱਕ 134 ਕੈਡਿਟਾਂ ਨੂੰ ਵੱਖ-ਵੱਖ ਸਰਵਿਸ ਅਕੈਡਮੀਆਂ ਵਿੱਚ ਭੇਜਿਆ ਜਾ ਚੁੱਕਾ ਹੈ।

 

ਇਹ ਸੰਸਥਾ ਨੇ ਐਨ.ਡੀ.ਏ. ਦੀ ਮੈਰਿਟ ਲਿਸਟ ਵਿੱਚ ਦੋ ਮੌਕਿਆਂ 'ਤੇ ਆਲ ਇੰਡੀਆ ਰੈਂਕ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਸ ਤੋਂ ਇਲਾਵਾ ਆਫੀਸਰਜ਼ ਟ੍ਰੇਨਿੰਗ ਅਕੈਡਮੀ (ਓ.ਟੀ.ਏ.), ਚੇਨਈ ਦੀ ਮੈਰਿਟ ਲਿਸਟ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ।

 

ਇਸ ਸੰਸਥਾ ਦੇ ਕੈਡਿਟ ਨੇ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਅਤੇ ਇਸ ਦਾ ਇਕ ਕੈਡਿਟ ਓ.ਟੀ.ਏ. ਵਿੱਚ ਅਫਸਰ ਹੈ। ਇਸੇ ਤਰ੍ਹਾਂ ਐਨ.ਡੀ.ਏ. ਵਿੱਚ ਸੰਸਥਾ ਦਾ ਇਕ ਅਕੈਡਮੀ ਕੈਡਿਟ ਆਜੂਟੰਟ, ਇਕ ਬਟਾਲੀਅਨ ਕੈਡਿਟ ਕੈਪਟਨ ਅਤੇ ਇਕ ਸਕੁਐਡਰਨ ਕੈਡਿਟ ਕੈਪਟਨ ਹੈ। ਹੁਣ ਤੱਕ 58 ਕੈਡਿਟ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਜਦਕਿ 25 ਕੈਡਿਟ ਵੱਖ-ਵੱਖ ਅਕੈਡਮੀਆਂ ਵਿੱਚ ਜਾ ਚੁੱਕੇ ਹਨ।

 

ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ 'ਤੇ ਸੀ-ਪਾਈਟ ਦੀ ਗਵਰਨਿੰਗ ਕੌਂਸਲ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਇਸ ਦੇ ਡਾਇਰੈਕਟਰ ਜਨਰਲ ਨੂੰ ਫੌਰੀ ਤੌਰ 'ਤੇ ਮੌਜੂਦਾ ਕੈਂਪਾਂ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਆਖਿਆ ਤਾਂ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਵਿਆਪਕ ਢੰਗ ਨਾਲ ਸਿਖਲਾਈ ਮੁਹੱਈਆ ਕਰਵਾਈ ਜਾ ਸਕੇ।

 

ਉਨ੍ਹਾਂ ਨੇ ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ, ਸੰਗਰੂਰ ਅਤੇ ਰੂਪਨਗਰ ਵਿਖੇ ਸਥਾਈ ਤੌਰ 'ਤੇ ਸੀ-ਪਾਈਟ ਕੈਂਪ ਸਥਾਪਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਫੌਜ ਅਤੇ ਸੂਬਾਈ ਪੁਲੀਸ ਸੇਵਾਵਾਂ ਵਿੱਚ ਭਰਤੀ ਹੋਣ ਦੇ ਯੋਗ ਬਣਾਇਆ ਜਾ ਸਕੇ।

 

ਜ਼ਿਕਰਯੋਗ ਹੈ ਕਿ ਸੀ-ਪਾਈਟ ਵੱਖ-ਵੱਖ ਵਰਗਾਂ ਦੇ ਪੰਜਾਬੀ ਨੌਜਵਾਨਾਂ ਨੂੰ ਸਿਖਲਾਈ ਦਿੰਦੀ ਹੈ ਜਿਸ ਦਾ ਮੁੱਖ ਮਨੋਰਥ ਉਨ੍ਹਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣਾ ਹੈ। ਸੀ-ਪਾਈਟ ਵਿੱਚ ਸਿਖਲਾਈ ਦੌਰਾਨ ਨੌਜਵਾਨਾਂ ਦੀ ਸਰੀਰਕ ਫਿੱਟਨੈੱਸ ਅਤੇ ਵਿਦਿਅਕ ਗਿਆਨ 'ਚ ਸੁਧਾਰ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਕਿ ਉਹ ਕਿਸੇ ਵੀ ਭਰਤੀ ਪ੍ਰਕ੍ਰਿਆ ਮੌਕੇ ਸਫ਼ਲ ਹੋਣ ਲਈ ਤੈਅ ਜ਼ਰੂਰਤਾਂ 'ਤੇ ਖਰਾ ਉਤਰ ਸਕਣ।

 

ਸੀ-ਪਾਈਟ ਦੇ ਕਾਲਝਰਾਨੀ, ਤਲਵਾੜਾ, ਥੇਹ ਕਾਂਜਲਾ ਅਤੇ ਹਕੂਮਤ ਸਿੰਘ ਵਾਲਾ ਵਿਖੇ ਚਾਰ ਸਥਾਈ ਕੈਂਪਾਂ ਤੋਂ ਇਲਾਵਾ ਡੇਰਾ ਬਾਬਾ ਨਾਨਕ, ਰਾਣੀਕੇ, ਪੱਟੀ, ਲੁਧਿਆਣਾ, ਨਵਾਂਸ਼ਹਿਰ, ਬੋਰੇਵਾਲ, ਨਾਭਾ, ਸ਼ਹੀਦਗੜ੍ਹ, ਲਾਲੜੂ, ਨੰਗਲ ਅਤੇ ਕੈਰੋਂ ਵਿਖੇ 11 ਆਰਜ਼ੀ ਕੈਂਪ ਸਥਿਤ ਹਨ ਜਿਨ੍ਹਾਂ ਦੀ 2000 ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab government announced that these poor children were getting free education