ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਕੁਦਰਤੀ ਆਫ਼ਤ ਐਲਾਨੀ, ਮਿਲੇਗਾ ਮੁਆਵਜ਼ਾ

ਪੰਜਾਬ ਸਰਕਾਰ ਨੇ ਸੋਮਵਾਰ ਨੂੰ ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕੁਦਰਤੀ ਆਫ਼ਤ ਦਾ ਐਲਾਨ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨਰ ਮਾਲ ਨੂੰ ਇਸ ਸਬੰਧੀ ਤੁਰੰਤ ਹੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨਰ ਮਾਲ ਨੂੰ ਅਧਿਕਾਰਤ ਤੌਰ 'ਤੇ ਇਕ ਪਿੰਡ ਨੂੰ ਇਕ ਯੂਨਿਟ ਮੰਨ ਕੇ ਮੌਜੂਦਾ ਹੜ੍ਹਾਂ ਨੂੰ ਤੁਰੰਤ ਕੁਦਰਤੀ ਆਫ਼ਤ ਐਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਵੱਖ-ਵੱਖ ਕੰਪਨੀਆਂ ਤੋਂ ਬੀਮਾ ਕਲੇਮ ਕਰਨ ਵਿੱਚ ਸੁਵਿਧਾ ਹਾਸਲ ਹੋਵੇ।

 

ਸੂਬੇ ਵਿੱਚ ਹੜ੍ਹਾਂ ਦੀਆਂ ਤਿਆਰੀਆਂ ਦਾ ਸਮੀਖਿਆ ਕਰਨ ਲਈ ਆਪਣੇ ਸਰਕਾਰੀ ਰਿਹਾਇਸ਼ ਵਿਖੇ ਸ਼ਾਮ ਨੂੰ ਸੱਦੀ ਉਚ ਪੱਧਰੀ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਤਕਰੀਬਨ 100 ਕਰੋੜ ਰੁਪਏ ਦੇ ਬਕਾਇਆ ਫੰਡ ਤੁਰੰਤ ਜਾਰੀ ਕਰਨ ਲਈ ਕਿਹਾ ਜੋ ਕਿ ਪਿਛਲੀਆਂ ਫਸਲਾਂ/ਵਾਢੀ ਸਬੰਧੀ ਹਨ ਤਾਂ ਜੋ ਮਾਲ ਵਿਭਾਗ ਵੱਲੋਂ ਸਬੰਧਤ ਡਿਪਟੀ ਕਮਿਸ਼ਨਰਾਂ ਰਾਹੀਂ ਇਨ੍ਹਾਂ ਦੀ ਤੇਜ਼ੀ ਨਾਲ ਵੰਡ ਕੀਤੀ ਜਾ ਸਕੇ।

 

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਜ਼ਮੀਨੀ ਹਕੀਕਤਾਂ ਦਾ ਜਾਇਜ਼ਾ ਲੈਣ ਲਈ ਰੂਪਨਗਰ ਜ਼ਿਲੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਨਾਲ ਹੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਪੁਲਿਸ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਅਤੇ ਸੂਬਾ ਸਰਕਾਰ ਦੇ ਹੋਰ ਵਿਭਾਗਾਂ ਨਾਲ ਸੁਚੱਜਾ ਤਾਲਮੇਲ ਬਣਾ ਕੇ ਸਥਿਤੀ ਉਤੇ ਨਜ਼ਰ ਰੱਖੀ ਜਾ ਸਕੇ ਤਾਂ ਜੋ ਨਾ ਸਿਰਫ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਸਗੋਂ ਹੜਾਂ ਦੀ ਰੋਕਥਾਮ ਲਈ ਇੰਤਜ਼ਾਮ ਵੀ ਕੀਤੇ ਜਾ ਸਕਣ।

 

ਮੁੱਖ ਮੰਤਰੀ ਨੇ ਇਹ ਵੀ ਦਿਸ਼ਾ ਨਿਰਦੇਸ਼ ਦਿੱਤੇ ਕਿ ਨਿਰਧਾਰਤ ਨਿਯਮਾਂ ਮੁਤਾਬਕ ਮੁਆਵਜ਼ੇ ਦੀ ਵੰਡ ਖਾਸ ਕਰ ਕੇ ਮੌਤ ਦੇ ਮਾਮਲਿਆਂ ਵਿੱਚ ਮ੍ਰਿਤਕ ਦੇ ਵਾਰਸਾਂ ਨੂੰ ਤੇਜ਼ੀ ਨਾਲ ਕੀਤੀ ਜਾਵੇ ਜਦੋਂ ਕਿ ਪਰਵਾਸੀ ਮਜ਼ਦੂਰਾਂ ਨੂੰ ਆਰਜ਼ੀ ਗੁਜ਼ਾਰਾ ਭੱਤਾ ਦਿੱਤਾ ਜਾਵੇ ਜੋ ਕਿ ਸੂਬੇ ਦੀ ਨੀਤੀ ਅਨੁਸਾਰ ਮੌਜੂਦਾ ਰਾਹਤ ਨਿਯਮਾਂ ਅਧੀਨ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਇਹ ਰਾਹਤ ਮੁੱਖ ਮੰਤਰੀ ਦੇ ਰਾਹਤ ਫੰਡ ਵਿੱਚੋਂ ਦਿੱਤੀ ਜਾਵੇਗੀ।

 

ਕੈਪਟਨ ਅਮਰਿੰਦਰ ਸਿੰਘ ਨੇ ਡਰੇਨੇਜ ਵਿਭਾਗ ਨੂੰ ਫੌਜ ਦੀ ਮੱਦਦ ਨਾਲ ਪਾੜ ਪੂਰਨ ਦੇ ਤੁਰੰਤ ਨਿਰਦੇਸ਼ ਦਿੱਤੇ ਅਤੇ ਇਸ ਦੇ ਨਾਲ ਹੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਡੈਮਾਂ ਦੇ ਫਲੱਡ ਗੇਟ ਖੋਲ੍ਹਣ ਦੀ ਸੂਰਤ ਵਿੱਚ ਵਧੇਰੇ ਚੌਕਸ ਰਹਿਣ ਦੇ ਹੁਕਮ ਵੀ ਦਿੱਤੇ।

 

ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਮੁੱਖ ਮੰਤਰੀ ਸਕੱਤਰੇਤ ਅਤੇ ਮੁੱਖ ਸਕੱਤਰ ਵੱਲੋਂ ਚੰਡੀਮੰਦਰ ਦੀ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਦੇ ਦਫਤਰ ਨਾਲ ਪੂਰਨ ਤਾਲਮੇਲ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਫੌਜੀ ਸਹਾਇਤਾ ਸਬੰਧੀ ਸੂਬੇ ਦੀਆਂ ਲੋੜਾਂ ਤੋਂ ਜਾਣੂੰ ਕਰਵਾਇਆ ਜਾਵੇ। ਸਬੰਧਤ ਡਿਪਟੀ ਕਮਿਸ਼ਨਰ ਆਪਣੇ ਪੱਧਰ 'ਤੇ ਹਾਲਤ ਨੂੰ ਦੇਖਦੇ ਹੋਏ ਬੇਨਤੀ ਭੇਜਣਗੇ।

 

ਮੁੱਖ ਮੰਤਰੀ ਨੇ ਨਹਿਰੀ ਪ੍ਰਸ਼ਾਸਨ, ਸਿੰਜਾਈ/ਜਲ ਸਰੋਤ ਵਿਭਾਗ ਦੇ ਡਰੇਨੇਜ਼ ਵਿੰਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਨਹਿਰਾਂ ਵਿੱਚ ਪਾਣੀ ਛੱਡਣਾ ਯਕੀਨੀ ਬਣਾਇਆ ਜਾ ਸਕੇ ਅਤੇ ਨਦੀਆਂ ਵਿੱਚ ਪਾਣੀਆਂ ਦਾ ਵਹਾਅ ਸੰਤੁਲਨ ਵਿੱਚ ਰਹੇ। ਰਾਵੀ ਦਰਿਆ ਉਤੇ ਰਣਜੀਤ ਸਾਗਰ ਡੈਮ ਦੇ ਸਬੰਧ ਵਿੱਚ, ਜਿਸ ਦਾ ਪ੍ਰਬੰਧ ਅਤੇ ਚਲਾਉਣ ਸਬੰਧੀ ਅਧਿਕਾਰ ਸੂਬੇ ਦੇ ਜਲ ਸਰੋਤ/ਸਿੰਜਾਈ ਵਿਭਾਗ ਅਤੇ ਪਾਵਰਕੌਮ ਕੋਲ ਹਨ, ਸਥਿਤੀ ਨੂੰ ਨੇੜਿਓ ਵਾਚਿਆ ਜਾਵੇ ਤਾਂ ਜੋ ਪਾਣੀ ਛੱਡਣ ਸਬੰਧੀ ਢੁੱਕਵੇਂ ਪ੍ਰਬੰਧ ਚੁੱਕੇ ਜਾ ਸਕਣ ਅਤੇ ਇਸ ਤੋਂ ਇਲਾਵਾ ਫਲੱਡ ਗੇਟ ਖੋਲ•ਣ ਤੋਂ ਪਹਿਲਾਂ ਅਗਾਊਂ ਸੂਚਨਾ ਦਿੱਤੀ ਜਾ ਸਕੇ।

 

ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਵੱਖੋਂ-ਵੱਖ ਵਿਭਾਗਾਂ ਜਿਸ ਵਿੱਚ ਸਿਹਤ ਵਿਭਾਗ ਤੇ ਪਸ਼ੂ ਪਾਲਣ ਵਿਭਾਗ ਵੀ ਸ਼ਾਮਲ ਹਨ, ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਦਵਾਈਆਂ ਅਤੇ ਜਾਨਵਰਾਂ ਲਈ ਚਾਰਾ ਮੁਹੱਈਆ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

 

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਸੂਬੇ ਵਿਚਲੀ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਮੁੱਖ ਸਕੱਤਰ ਨੇ ਕਿਹਾ ਕਿ ਸਾਰੀ ਸਥਿਤੀ ਉਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਰਾਹਤ ਤੇ ਬਚਾਅ ਕਾਰਜ ਤਨਦੇਹੀ ਨਾਲ ਜਾਰੀ ਹਨ। ਵਿੱਤ ਕਮਿਸ਼ਨਰ ਮਾਲ ਨੇ ਮੁੱਖ ਮੰਤਰੀ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਆਫ਼ਤ ਨਾਲ ਨਜਿੱਠਣ ਲਈ ਲੋੜੀਂਦੇ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ 20 ਲੱਖ ਰੁਪਏ ਪ੍ਰਤੀ ਦੇ ਹਿਸਾਬ ਨਾਲ ਅਗਾਊਂ ਤੌਰ ਉਤੇ ਫੰਡ ਅਲਾਟ ਕੀਤੇ ਗਏ ਹਨ ਤਾਂ ਜੋ ਹੜ੍ਹਾਂ ਤੋਂ ਬਚਾਅ ਦੇ ਕਾਰਜ ਤੇਜ਼ੀ ਨਾਲ ਪੂਰੀ ਕੀਤੇ ਜਾ ਸਕਣ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab government announces natural disaster in flood-hit villages receives compensation