ਪੰਜਾਬ ਦੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਦਸਿਆ ਕਿ ਪੰਜਾਬ ਸਰਕਾਰ ਨੇ ਹੁਣ ਤਕ ਕੁੱਲ 7 ਖਣਨ ਕਲੱਸਟਰਾਂ ‘ਚੋਂ 6 ਕਲੱਸਟਰਾਂ ਦੀ ਈ-ਨੀਲਾਮੀ ਤੋਂ 274.75 ਕਰੋੜ ਰੁਪਏ ਦੀ ਆਮਦਨ ਹੋਈ ਹੈ ਜਦਕਿ ਮੋਹਾਲੀ ਕਲੱਸਟਰ ਦੀ ਨੀਲਾਮੀ ਹੋਣੀ ਹਾਲੇ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਖਣਨ ਤੋਂ 300 ਕਰੋੜ ਰੁਪਏ ਦੀ ਕਮਾਈ ਦਾ ਟੀਚਾ ਮਿਥਿਆ ਸੀ। 6 ਕਲੱਸਟਰਾਂ ਦੀ ਨੀਲਾਮੀ ਨਾਲ ਹੋਈ ਕਮਾਈ ਤੋਂ ਬਾਅਦ ਇਸ ਟੀਚੇ ਦੀ 90 ਫੀਸਦੀ ਪੂਰਤੀ ਕਰ ਲਈ ਹੈ। ਸਰਕਾਰੀਆ ਨੇ ਦੱਸਿਆ ਕਿ ਰੋਪੜ ਕਲੱਸਟਰ 49.84 ਕਰੋੜ ਰੁਪਏ ਵਿਚ ਚੜ੍ਹਿਆ ਜਦਕਿ ਐਸਬੀਐਸ ਨਗਰ-ਲੁਧਿਆਣਾ-ਜਲੰਧਰ ਕਲੱਸਟਰ ਦੀ ਨੀਲਾਮੀ 59.02 ਕਰੋੜ ਰੁਪਏ ਵਿਚ ਹੋਈ।
ਇਸੇ ਤਰ੍ਹਾਂ ਫਿਰੋਜ਼ਪੁਰ-ਮੋਗਾ-ਫਰੀਦਕੋਟ ਕਲੱਸਟਰ ਤੋਂ ਸਰਕਾਰ ਨੂੰ 40.30 ਕਰੋੜ ਰੁਪਏ ਦੀ ਕਮਾਈ ਹੋਈ ਅਤੇ ਹੁਸ਼ਿਆਰਪੁਰ-ਗੁਰਦਾਸਪੁਰ ਕਲੱਸਟਰ 29.01 ਕਰੋੜ ਰੁਪਏ ਵਿਚ ਨੀਲਾਮ ਹੋਇਆ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ-ਤਰਨਤਾਰਨ-ਕਪੂਰਥਲਾ ਕਲੱਸਟਰ ਦੀ ਨੀਲਾਮੀ 34.40 ਕਰੋੜ ਰੁਪਏ ਵਿਚ ਜਦਕਿ ਪਠਾਨਕੋਟ ਕਲੱਸਟਰ ਤੋਂ ਸਰਕਾਰ ਨੂੰ 62.18 ਕਰੋੜ ਰੁਪਏ ਦਾ ਰੈਵਨਿਊ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਇਨ੍ਹਾਂ 6 ਕਲੱਸਟਰਾਂ ਤੋਂ ਕੁੱਲ 274.75 ਕਰੋੜ ਰੁਪਏ ਦੀ ਕਮਾਈ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਰੇਤ ਦੀਆਂ ਕੀਮਤਾਂ ਵੱਧਣ ਤੋਂ ਰੋਕਣ ਲਈ ਸੀਮਾ ਨਿਰਧਾਰਿਤ ਕੀਤੀ ਹੋਈ ਹੈ ਅਤੇ ਕੋਈ ਵੀ ਠੇਕੇਦਾਰ ਖੱਡ ‘ਤੇ ਪ੍ਰਤੀ 100 ਫੁੱਟ ਦੇ 900 ਰੁਪਏ ਤੋਂ ਜ਼ਿਆਦਾ ਨਹੀਂ ਲੈ ਸਕਦਾ।
.