ਅਗਲੀ ਕਹਾਣੀ

ਪੰਜਾਬ ਦੇ ਸਰਕਾਰੀ ਮੁਲਾਜ਼ਮ ਲਾਉਣਗੇ ਬੂਟੇ

ਪੰਜਾਬ ਦੇ ਸਰਕਾਰੀ ਮੁਲਾਜ਼ਮ ਲਾਉਣਗੇ ਬੂਟੇ

-- ਸਰਕਾਰੀ ਮੁਲਾਜ਼ਮਾਂ ਵਲੋਂ ਬੂਟੇ ਲਾਉਣ ਸਬੰਧੀ ਵਿਭਾਗ ਮੁਖੀਆਂ ਨੂੰ ਭੇਜਿਆ ਜਾਵੇਗਾ ਪੱਤਰ

-- ਨੌਜਵਾਨਾਂ ਨੂੰ 'ਘਰ-ਘਰ ਹਰਿਆਲੀ' ਮੁਹਿੰਮ ਨਾਲ ਜੁੜਨ ਦੀ ਕੀਤੀ ਅਪੀਲ



       ਪੰਜਾਬ ਸਰਕਾਰ ਵਲੋਂ ਸੂਬੇ ਦੇ ਪੌਣ-ਪਾਣੀ ਨੂੰ ਸੁਧਾਰਨ ਅਤੇ ਸੂਬਾ ਵਾਸੀਆਂ ਲਈ ਰਹਿਣ-ਸਹਿਣ ਦਾ ਵਧੀਆ ਮਾਹੌਲ ਸਿਰਜਣ ਦੇ ਉਦੇਸ਼ ਨਾਲ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੂਬੇ ਦੇ ਸਰਕਾਰੀ ਮੁਲਾਜ਼ਮ ਵੀ ਬੂਟੇ ਲਾ ਕੇ ਆਪਣਾ ਯੋਗਦਾਨ ਪਾਉਣਗੇ।

       ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬੇ 'ਚ ਹਰਿਆਲੀ ਵਧਾਉਣ ਦੇ ਮਕਸਦ ਨਾਲ ਜੰਗਲਾਤ ਵਿਭਾਗ ਵਲੋਂ ਛੇਤੀ ਹੀ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਸਰਕਾਰੀ ਮੁਲਾਜ਼ਮਾਂ ਵਲੋਂ ਬੂਟੇ ਲਾਉਣ ਸਬੰਧੀ ਲਿਖਤੀ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਮੁਲਾਜ਼ਮਾਂ ਵਲੋਂ ਬੂਟੇ ਲਾਉਣ ਦੀ ਇਸ ਮੁਹਿੰਮ ਨੂੰ ਚੰਡੀਗੜ੍ਹ ਅਤੇ ਐਸ.ਏ.ਐਸ. ਨਗਰ (ਮੁਹਾਲੀ) ਤੋਂ ਸ਼ੁਰੂ ਕਰਕੇ ਪੜਾਅਵਾਰ ਢੰਗ ਨਾਲ ਬਾਕੀ ਜ਼ਿਲ੍ਹਿਆਂ ਤੱਕ ਲਿਜਾਇਆ ਜਾਵੇਗਾ।

       ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਚੰਡੀਗੜ੍ਹ ਤੇ ਐਸ.ਏ.ਐਸ. ਨਗਰ (ਮੁਹਾਲੀ) ਅਧੀਨ ਵੱਖ-ਵੱਖ ਵਿਭਾਗਾਂ 'ਚ ਸੇਵਾ ਨਿਭਾ ਰਹੇ ਕਰੀਬ 2.5 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਜੰਗਲਾਤ ਵਿਭਾਗ ਬੂਟੇ ਮੁਹੱਈਆ ਕਰਵਾਏਗਾ। ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਘੱਟੋ-ਘੱਟ ਇੱਕ-ਇੱਕ ਬੂਟਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਮੁਲਾਜ਼ਮ ਆਪਣੇ ਘਰ, ਪਾਰਕ, ਪਿੰਡ, ਸ਼ਹਿਰ ਜਾਂ ਜਿੱਥੇ ਵੀ ਯੋਗ ਥਾਂ ਉਪਲੱਬਧ ਹੋਵੇ, ਵਿਖੇ ਬੂਟੇ ਲਗਾ ਸਕਦੇ ਹਨ।

       ਸ. ਧਰਮਸੋਤ ਨੇ ਸੂਬੇ ਦੇ ਲੋਕਾਂ ਤੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ 'ਘਰ-ਘਰ ਹਰਿਆਲੀ' ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਕੂਲਾਂ/ਕਾਲਜਾਂ ਤੋਂ ਛੁੱਟੀ ਵਾਲੇ ਦਿਨ ਜਾਂ ਆਪਣੇ ਵਿਹਲ ਵਾਲੇ ਸਮੇਂ ਦੌਰਾਨ ਜ਼ਿਲ੍ਹਾ ਜੰਗਲਾਤ ਕਰਮਚਾਰੀਆਂ/ਅਧਿਕਾਰੀਆਂ ਨਾਲ ਸੰਪਰਕ ਕਰਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਵੀ ਯਕੀਨੀ ਬਣਾਉਣ।

       ਜੰਗਲਾਤ ਮੰਤਰੀ ਨੇ ਅੱਗੇ ਦੱਸਿਆ ਕਿ ਇੱਕ ਅਧਿਐਨ ਮੁਤਾਬਿਕ ਇੱਕ ਰੁੱਖ ਇੱਕ ਸਾਲ 'ਚ ਔਸਤਨ 260 ਪਾਊਂਡ ਆਕਸੀਜਨ ਦਿੰਦਾ ਹੈ ਅਤੇ ਇੱਕ ਛਾਂਦਾਰ ਰੁੱਖ ਦੋ ਵਿਅਕਤੀਆਂ ਨੂੰ ਜੀਵਨ ਭਰ ਆਕਸੀਜਨ ਦੇ ਸਕਦਾ ਹੈ। ਉਨ੍ਹਾਂ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਦੱਸਿਆ ਕਿ ਕੱਟੇ ਗਏ ਰੁੱਖ ਦੀ ਥਾਂ ਨਵਾਂ ਬੂਟਾ ਲਾਉਣਾ ਹੀ ਹੱਲ ਨਹੀਂ ਹੈ ਕਿਉਂਕਿ ਬੂਟੇ ਨੂੰ ਰੁੱਖ ਬਣਨ 'ਚ 7 ਤੋਂ 8 ਸਾਲ ਲੱਗ ਜਾਂਦੇ ਹਨ ਜਦਕਿ ਬੂਟੇ ਤੋਂ ਛਾਂਦਾਰ ਰੁੱਖ ਬਣਨ 'ਚ ਔਸਤਨ 25 ਸਾਲ ਲੱਗ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab government employees plants