ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ-19 ਖਿਲਾਫ ਉਨ੍ਹਾਂ ਦੀ ਸਰਕਾਰ ਨੇ 4 ਪੜਾਵਾਂ ਵਿੱਚ ਵਿਵਸਥਾ ਕਰਨ ਦੀ ਯੋਜਨਾ ਬਣਾਈ ਹੈ ਜਿਸ ਤਹਿਤ ਪਹਿਲੇ ਪੜਾਅ ਵਿੱਚ 2000 ਮਰੀਜ਼, ਉਸ ਤੋਂ ਬਾਅਦ 10000 ਮਰੀਜ਼ਾਂ, 30000 ਮਰੀਜ਼ਾਂ ਅਤੇ ਇਕ ਲੱਖ ਮਰੀਜ਼ਾਂ ਨੂੰ ਏਕਾਂਤਵਾਸ ਅਤੇ ਇਲਾਜ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਵੈਂਟੀਲੇਟਰ, ਮਾਸਕ ਆਦਿ ਸਾਮਾਨ ਲੋੜੀਂਦੀ ਮਾਤਰਾ ਵਿੱਚ ਮੌਜੂਦ ਹੈ ਅਤੇ ਹੋਰ ਲਈ ਆਰਡਰ ਦਿੱਤੇ ਗਏ ਅਤੇ ਆਉਂਦੇ ਕੁਝ ਦਿਨਾਂ ਵਿੱਚ ਇਹ ਉਪਕਰਨ ਆਉਣੇ ਸ਼ੁਰੂ ਹੋ ਜਾਣਗੇ।
ਪੀ.ਪੀ.ਈ. ਕਿੱਟਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਕਿੱਟਾਂ ਬਣਾਉਣ ਲਈ ਲੁਧਿਆਣਾ ਦੇ ਦੋ ਮੈਨੂਫੈਕਚਰਿੰਗ ਯੂਨਿਟਾਂ ਨੂੰ ਮਨਜ਼ੂਰੀ ਮਿਲਣ ਨਾਲ ਸਮੋਵਾਰ ਤੋਂ ਰੋਜ਼ਾਨਾ 5000 ਕਿੱਟਾਂ ਦੇਣੀਆਂ ਸ਼ੁਰੂ ਦੇਣਗੇ ਅਤੇ ਭਾਰਤ ਸਰਕਾਰ ਰਾਹੀਂ ਜਾਂ ਸਿੱਧੇ ਤੌਰ 'ਤੇ ਹੋਰਨਾਂ ਸੂਬਿਆਂ ਨੂੰ ਭੇਜ ਸਕਣਗੇ।
ਮੈਡੀਕਲ ਸਟਾਫ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਸੇਵਾ-ਮੁਕਤ ਡਾਕਟਰ ਨਾਲ ਜੁੜੇ ਹਨ ਜਿਨ੍ਹਾਂ ਨੂੰ ਮਦਦ ਲਈ ਤਿਆਰ ਰੱਖਿਆ ਗਿਆ ਹੈ।
ਟੈਸਟਿੰਗ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਮੰਨਿਆ ਕਿ ਸੂਬੇ ਦੀ 2.8 ਕਰੋੜ ਦੀ ਆਬਾਦੀ ਦੇ ਮੁਕਾਬਲੇ ਹੁਣ ਤੱਕ ਕੀਤੇ 2877 ਟੈਸਟ ਕਾਫੀ ਨਹੀਂ ਹਨ। ਉਨ੍ਹਾਂ ਕਿਹਾ ਕਿ ਟੈਸਟਿੰਗ ਵਿੱਚ ਮੁਸ਼ਕਲ ਆਈ ਕਿਉਂਕਿ ਪੀ.ਜੀ.ਆਈ. ਚੰਡੀਗੜ੍ਹ ਸਮੇਤ ਪੰਜਾਬ ਵਿੱਚ ਸਿਰਫ ਦੋ ਹਸਪਤਾਲਾਂ ਵਿੱਚ ਟੈਸਟ ਦੀ ਇਜਾਜ਼ਤ ਦਿੱਤੀ ਗਈ ਪਰ ਇਕ ਦੋ ਪ੍ਰਾਈਵੇਟਾਂ ਲੈਬ ਸਮੇਤ ਇਕ ਹੋਰ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 25000 ਰੈਪਿਡ ਟੈਸਟਿੰਗ ਕਿੱਟਾਂ ਦੇ ਵੀ ਪਹੁੰਚਣ ਦੀ ਉਮੀਦ ਹੈ ਜਿਸ ਨਾਲ ਸੋਮਵਾਰ ਤੋਂ ਵੱਧ ਪ੍ਰਭਾਵਿਤ ਥਾਵਾਂ (ਹੌਟਸਪੌਟ) ਵਿੱਚ ਜਨਤਕ ਟੈਸਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਹੋਰ ਵਧੇਰੇ ਸਰਗਰਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਬੇਤਰਤੀਬੀ ਟੈਸਟਿੰਗ (ਰੈਂਡਮ ਟੈਸਟਿੰਗ) ਕੀਤੀ ਜਾਵੇਗੀ।