ਪੰਜਾਬ ਸਰਕਾਰ ਨੇ ਕੋਵਿਡ-19 ਦੇ ਫੈਲਾਅ ਦੇ ਮੱਦੇਨਜ਼ਰ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪੰਜਾਬ ਵਾਪਸ ਪਰਤੇ ਵਿਅਕਤੀਆਂ ਲਈ ਘਰ ਵਿਚ ਏਕਾਂਤਵਾਸ ‘ਚ ਰਹਿਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਾਕਾਰੀ ਦਿੰਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਸਿਸਟਮਿਕ ਬਿਮਾਰੀ ਹੈ, ਜੋ ਨੋਵਲ ਕੋਰੋਨਾ ਵਾਇਰਸ ਨਾਲ ਹੁੰਦੀ ਹੈ ਅਤੇ ਜ਼ਿਆਦਾਤਰ ਮੌਕਿਆਂ ’ਤੇ ਛਿੱਕਾਂ ਅਤੇ ਖੰਘ ਦੇ ਛਿੱਟਿਆਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਅਤੇ ਇੰਫੈਕਟਿਡ ਚੀਜ਼ਾਂ/ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ। ਇਸ ਲਈ ਜ਼ਰੂਰੀ ਹੈ ਕਿ ਵਾਇਰਸ ਸਬੰਧੀ ਸਾਰੇ ਸੰਪਰਕਾਂ ਨੂੰ ਇਕਾਂਤਵਾਸ ਕੀਤਾ ਜਾਵੇ ਅਤੇ ਡਾਕਟਰੀ ਜਾਂਚ ਕਰਵਾਈ ਜਾਵੇ।
ਐਡਵਾਇਜਰੀ ਅਨੁਸਾਰ ਨੋਵਲ ਕੋਰੋਨਾ ਵਾਇਰਸ ਬਿਮਾਰੀ (ਕੋਵਿਡ -19) ਦੇ ਯਾਤਰੂ ਨਾਲ ਸਬੰਧਤ/ਗ਼ੈਰ-ਸਬੰਧਤ ਸ਼ੱਕੀ ਮਾਮਲੇ ਦੀ ਪਛਾਣ ਕਰਨ ਤੋਂ ਬਾਅਦ ਲੋੜੀਂਦੀਆਂ ਸਿਹਤ ਸਹੂਲਤਾਂ ਦੇ ਕੇ ਉਸ ਨੂੰ ਤੁਰੰਤ ਇਕਾਂਤਵਾਸ ’ਚ ਭੇਜ ਦੇਣਾ ਚਾਹੀਦਾ ਹੈ।
ਯਾਤਰਾ ਤੋਂ ਵਾਪਸ ਆਏ ਸਾਰੇ ਵਿਅਕਤੀਆਂ ਨੂੰ 14 ਦਿਨ ਲਈ ਘਰ ਵਿਚ ਏਕਾਂਤਵਾਸ ਕੀਤਾ ਜਾਵੇਗਾ ਭਾਵੇਂ ਕਿ ਉਨ੍ਹਾਂ ਵਿੱਚ ਕਿਸੇ ਵੀ ਤਰਾਂ ਦੇ ਲੱਛਣ ਨਾ ਹੋਣ ਅਤੇ ਨੈਗੇਟਿਵ ਆਉਣ ਦੀ ਸਥਿਤੀ ਵਿਚ ਸਮੇਂ-ਸਮੇਂ ’ਤੇ ਸਿਹਤ ਟੀਮਾਂ ਵੱਲੋ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਵਾਪਸ ਪਰਤੇ ਵਿਅਕਤੀਆਂ ਵਲੋਂ ਇਨਾਂ ਹਦਾਇਤਾਂ ਦੀ ਪਾਲਣਾ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸਿਹਤ ਵਿਭਾਗ ਦੀ ਸਲਾਹ ਅਨੁਸਾਰ ਵਾਪਸ ਆਏ ਯਾਤਰੂ ਇੱਕ ਖੁੱਲ੍ਹੇ ਹਵਾਦਾਰ ਅਤੇ ਵੱਖਰੇ ਕਮਰੇ ਵਿੱਚ ਰਹੇ। ਕਮਰੇ ਵਿੱਚ ਵੱਖਰਾ ਟਾਇਲਟ ਹੋਵੇ ਤਾਂ ਚੰਗੀ ਗੱਲ ਹੈ। ਜੇ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਉਸੇ ਕਮਰੇ ਵਿੱਚ ਰਹਿੰਦਾ ਹੈ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਦੋਹਾਂ ਵਿੱਚਕਾਰ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਘਰ ਅੰਦਰ ਬਜ਼ੁਰਗਾਂ, ਗਰਭਵਤੀ ਮਹਿਲਾ, ਬੱਚਿਆਂ ਅਤੇ ਹੋਰ ਬਿਮਾਰੀਆਂ ਨਾਲ ਗ੍ਰਸਤ ਵਿਅਕਤੀਆਂ ਤੋਂ ਦੂਰ ਰਿਹਾ ਜਾਵੇ।
ਇਕਾਂਤਵਾਸ ਵਿੱਚ ਰਹਿ ਰਹੇ ਵਿਅਕਤੀ ਲਈ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਜਾਂ ਅਲਕੋਹਲ-ਯੁਕਤ ਹੈਂਡ ਸੈਨੀਟਾਈਜਰ ਨਾਲ ਧੋਂਦੇ ਰਹਿਣ। ਘਰੇਲੂ ਚੀਜਾਂ ਜਿਵੇਂ ਪਕਵਾਨ, ਪੀਣ ਵਾਲੇ ਗਲਾਸ, ਕੱਪ, ਖਾਣਾ ਖਾਣ ਵਾਲੇ ਬਰਤਨ, ਤੌਲੀਏ, ਬਿਸਤਰੇ ਅਤੇ ਹੋਰ ਚੀਜਾਂ ਘਰ ਦੇ ਹੋਰ ਮੈਂਬਰਾਂ ਨਾਲ ਸਾਂਝੀਆਂ ਨਾ ਕਰਨ। ਹਰ ਸਮੇਂ ਸਰਜੀਕਲ ਮਾਸਕ ਪਹਿਨ ਕੇ ਰੱਖਣ।
ਮਾਸਕ ਨੂੰ ਹਰ 6-8 ਘੰਟਿਆਂ ਬਾਅਦ ਬਦਲਿਆ ਜਾਵੇ ਅਤੇ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਜਾਵੇ। ਡਿਸਪੋਜੇਬਲ ਮਾਸਕ ਨੂੰ ਦੁਬਾਰਾ ਵਰਤੋਂ ਵਿਚ ਨਾ ਲਿਆਂਦਾ ਜਾਵੇ। ਜੇ ਖਾਂਸੀ / ਬੁਖਾਰ / ਸਾਹ ਲੈਣ ਵਿੱਚ ਤਕਲੀਫ ਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਕਤ ਵਿਅਕਤੀ ਵੱਲੋਂ ਤੁਰੰਤ ਨਜਦੀਕੀ ਸਿਹਤ ਕੇਂਦਰ ਜਾਂ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 0172-2920074/088720-90029 ’ਤੇ ਕਾਲ ਕਰਕੇ ਸੂਚਿਤ ਕੀਤਾ ਜਾਵੇ।
ਇਸ ਤੋਂ ਇਲਾਵਾ ਘਰ ਵਿੱਚ ਏਕਾਂਤਵਾਸ ਕੀਤੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨਾਂ ਨਿਰਦੇਸ਼ਾਂ ਅਨੁਸਾਰ ਸਿਰਫ ਇੱਕ ਨਿਰਧਾਰਿਤ ਵਿਅਕਤੀ, ਜੋ ਕਿ ਸਿਹਤਮੰਦ ਹੈ ਅਤੇ ਉਸਨੂੰ ਹੋਰ ਬਿਮਾਰੀ ਨਹੀਂ ਹੈ, ਉਸ ਨੂੰ ਹੀ ਇਕਾਂਤਵਾਸ ਕੀਤੇ ਵਿਅਕਤੀ ਦੀ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਮੈਲੀਆਂ ਚਾਦਰਾਂ/ਕੱਪੜਿਆਂ ਨੂੰ ਝਾੜਿਆਂ ਨਾ ਜਾਵੇ ਜਾਂ ਏਕਾਂਤਵਾਸ ਕੀਤੇ ਹੋਏ ਵਿਅਕਤੀ ਦੀ ਚਮੜੀ ਦੇ ਸਿੱਧੇ ਸੰਪਰਕ ਵਿਚ ਨਾ ਆਉਣ ਦਿਓ।
ਦਸਤਾਨੇ ਉਤਾਰਨ ਤੋਂ ਬਾਅਦ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਵੋ। ਜੇਕਰ ਇਕਾਂਤਵਾਸ ਕੀਤੇ ਵਿਅਕਤੀ ਵਿਚ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸਦੇ ਸਾਰੇ ਨਜ਼ਦੀਕੀ ਸੰਪਰਕਾਂ ਨੂੰ ਵੀ 14 ਦਿਨ ਲਈ ਘਰ ਵਿਚ ਇਕਾਂਤਵਾਸ ਕੀਤਾ ਜਾਵੇਗਾ ਅਤੇ ਹੋਰ 14 ਦਿਨ ਲਈ ਜਾਂ ਜਦੋਂ ਤੱਕ ਉਹ ਲੈਬ ਟੈਸਟ ਵਿਚ ਨੈਗੇਟਿਵ ਨਹੀਂ ਆ ਜਾਂਦੇ, ਉਸ ਸਮੇਂ ਤੱਕ ਨਿਗਰਾਨੀ ਵਿੱਚ ਰੱਖੇ ਜਾਣ।
.....