ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਗਾੜੀ ਮਾਮਲੇ ਦੀ ਜਾਂਚ ਕਰੇਗੀ ਪੰਜਾਬ ਸਰਕਾਰ ਦੀ SIT

ਬਰਗਾੜੀ ਗੋਲੀਕਾਂਡ ਮਾਮਲੇ ਦੀ ਜਾਂਚ ਹੁਣ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਰੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਮਲੇ ਵਿੱਚ ਨਾਮਜ਼ਦ ਪੁਲਿਸ ਅਫ਼ਸਰਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
 

ਦੱਸ ਦਈਏ ਕਿ ਬਰਗਾੜੀ ਗੋਲੀਕਾਂਡ ਮਾਮਲੇ 'ਚ ਨਾਮਜ਼ਦ ਪੁਲਿਸ ਅਫ਼ਸਰਾਂ ਨੇ ਜਸਟਿਸ ਰਾਜਨ ਗੁਪਤਾ ਦੀ ਕੋਰਟ ਦੇ ਆਦੇਸ਼ਾਂ ਨੂੰ ਡਿਵੀਜ਼ਨ ਬੈਂਚ ਵਿੱਚ ਚੁਣੌਤੀ ਦਿੱਤੀ ਸੀ। ਪੰਜਾਬ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਬਿਕਰਮ ਸਿੰਘ ਤੇ ਹੋਰ ਨਾਮਜ਼ਦ ਪੁਲਿਸ ਅਫ਼ਸਰਾਂ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ ਅਤੇ ਨਾਲ ਹੀ ਜਸਟਿਸ ਰਣਜੀਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਰੱਦ ਕਰਨ ਦੀ ਮੰਗ ਕੀਤੀ ਗਈ ਸੀ।
 

ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ : ਕਦੋਂ ਕੀ ਹੋਇਆ
 

1 ਜੂਨ 2015 ਨੂੰ ਜ਼ਿਲ੍ਹਾ ਫਰੀਦਕੋਟ ਦੇ ਜੈਤੋਂ ਤਹਿਸੀਲ ਦੇ ਪਿੰਡ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ।


25 ਸਤੰਬਰ 2015 ਦੀ ਸਵੇਰ ਪਿੰਡ ਬੁਰਜ ਜਵਾਹਰ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਅਸ਼ਲੀਲ ਸ਼ਬਦਾਵਲੀ ਵਾਲਾ ਪੋਸਟਰ ਲੱਗਾ। ਪੁਲਿਸ ਪੋਸਟਰ ਲਾਉਣ ਵਾਲਿਆਂ ਨੂੰ ਫੜਨ ਵਿਚ ਨਾਕਾਮ ਰਹੀ।


12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਵਿੱਤਰ ਗ੍ਰੰਥ ਦੀ ਬੇਅਦਬੀ ਹੋਈ। ਉਸੇ ਪਵਿੱਤਰ ਗ੍ਰੰਥ ਦੇ ਅੰਗ ਖਿਲਾਰੇ ਗਏ, ਜੋ ਕਿ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਇਆ ਸੀ। ਮੁਲਜ਼ਮਾਂ ਨੇ ਬੇਅਦਬੀ ਤੋਂ 18 ਦਿਨ ਪਹਿਲਾਂ ਪੋਸਟਰ ਲਾ ਕੇ ਚਿਤਾਵਨੀ ਵੀ ਦਿੱਤੀ ਸੀ।


14 ਅਕਤੂਬਰ 2015 ਨੂੰ ਬਰਗਾੜੀ ਤੋਂ ਪਿੰਡ ਬਹਿਬਲ ਕਲਾਂ 'ਚ ਸਿੱਖ ਸੰਗਤ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਧਰਨੇ ਨੂੰ ਜਬਰੀ ਚੁੱਕਣ ਲਈ ਪੁਲਿਸ ਵੱਲੋਂ ਸਿੱਧੀ ਫਾਇਰਿੰਗ ਕੀਤੀ ਗਈ ਜਿਸ ਵਿੱਚ ਪਿੰਡ ਨਿਆਮੀਂਵਾਲਾ ਦੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ। ਇਸੇ ਦਿਨ ਹੀ ਕੋਟਕਪੂਰਾ ਬੱਤੀਆਂ ਵਾਲੇ ਚੌਕ 'ਚ ਸਿੱਖ ਸੰਗਤ ਦੇ ਰੋਸ ਧਰਨੇ ਨੂੰ ਪੁਲਿਸ ਨੇ ਜਬਰਦਸਤੀ ਉਠਾਇਆ। ਲਾਠੀਚਾਰਜ ਅਤੇ ਗੋਲ਼ੀਬਾਰੀ ਵਿਚ ਲਗਭਗ 100 ਲੋਕ ਜ਼ਖ਼ਮੀ ਹੋਏ ਸਨ।


15 ਅਕਤੂਬਰ 2015 ਨੂੰ ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਸ ਦੀ ਜਾਂਚ ਲਈ ਪੰਜਾਬ ਪੁਲਿਸ ਦੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਪ੍ਰਧਾਨਗੀ ਵਿਚ ਐਸਆਈਟੀ ਦਾ ਗਠਨ ਕੀਤਾ। ਇਸ ਦੇ ਨਾਲ ਹੀ ਘਟਨਾ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਜ਼ੋਰਾ ਸਿੰਘ ਦੀ ਪ੍ਰਧਾਨਗੀ ਵਿਚ ਕਮਿਸ਼ਨ ਦਾ ਗਠਨ ਕਰਵਾਇਆ।


20 ਅਕਤੂਬਰ, 2015 ਨੂੰ ਐੱਸਆਈਟੀ ਨੇ ਸਿੱਖ ਜਥੇਬੰਦੀਆਂ ਨਾਲ ਜੁੜੇ ਪਿੰਡ ਪੰਜਗਰਾਈਂ ਖੁਰਦ ਦੇ ਦੋ ਸਕੇ ਭਰਾਵਾਂ ਨੂੰ ਕੇਸ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਫੜਿਆ, ਪਰ ਉਨ੍ਹਾਂ ਖ਼ਿਲਾਫ਼ ਕੋਈ ਠੋਸ ਸਬੂਤ ਐੱਸਆਈਟੀ ਨੂੰ ਨਹੀਂ ਮਿਲ ਸਕਿਆ। ਦੋਵਾਂ ਭਰਾਵਾਂ ਨੂੰ ਕੇਸ ਤੋਂ ਡਿਸਚਾਰਜ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਐਸਆਈਟੀ ਕਾਰਨ ਬੈਕਫੁੱਟ 'ਤੇ ਆਈ ਸੂਬਾ ਸਰਕਾਰ ਨੇ 15 ਨਵੰਬਰ 2015 ਨੂੰ ਮਾਮਲਾ ਕੇਂਦਰੀ ਜਾਂਚ ਏਜੰਸੀ ਸੀਬੀਆਈ ਦੇ ਹਵਾਲੇ ਕਰ ਦਿੱਤਾ।


21 ਅਕਤੂਬਰ, 2015 ਨੂੰ ਬਹਿਬਲ ਗੋਲ਼ੀਕਾਂਡ ਦੇ ਮਾਮਲੇ ਵਿਚ ਸਿੱਖ ਸੰਗਤ ਦੇ ਦਬਾਅ ਵਿਚ ਬਾਜਾਖਾਨਾ ਪੁਲਿਸ ਵੱਲੋਂ ਅਣਪਛਾਤੀ ਪੁਲਿਸ ਪਾਰਟੀ 'ਤੇ ਕਤਲ ਦਾ ਕੇਸ ਦਰਜ ਕੀਤਾ ਗਿਆ।


30 ਜੂਨ 2016 ਨੂੰ ਸਾਢੇ ਸੱਤ ਮਹੀਨੇ ਦੀ ਜਾਂਚ ਪੜਤਾਲ ਉਪਰੰਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਗਾਵਾਹਾਂ, ਸਬੂਤਾਂ ਦੇ ਆਧਾਰ 'ਤੇ ਇਸ ਦੀ ਰਿਪੋਰਟ ਸੂਬਾ ਸਰਕਾਰ ਨੂੰ ਦਿੱਤੀ।


14 ਅਪ੍ਰੈਲ, 2017 ਨੂੰ ਨਵੀਂ ਬਣੀ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ।


16 ਅਪ੍ਰੈਲ, 2018 ਨੂੰ ਜਸਟਿਸ ਰਣਜੀਤ ਸਿੰਘ ਨੇ 1 ਸਾਲ 4 ਦਿਨ ਦੀ ਪੜਤਾਲ ਦੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ।


7 ਅਗੱਸਤ 2018 ਨੂੰ ਇਹ ਰਿਪੋਰਟ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਵੱਲੋਂ ਪੇਸ਼ ਕੀਤੀ ਗਈ।


ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ 12 ਅਗਸਤ 2018 ਨੂੰ ਬਹਿਬਲ ਗੋਲੀਕਾਂਡ ਵਾਲੇ ਕੇਸ ਵਿਚ ਵੇਲੇ ਦੇ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਚਰਨਜੀਤ ਸਿੰਘ ਸ਼ਰਮਾ, ਐਸਪੀ ਫਾਜ਼ਿਲਕਾ ਬਿਕਰਮਜੀਤ ਸਿੰਘ, ਐੱਸਆਈ ਅਰਮਜੀਤ ਸਿੰਘ ਕੁਲਾਰ ਨੂੰ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਕੋਟਕਪੂਰਾ ਦੇ ਮੁੱਖ ਚੌਕ ਵਿਚ ਜਥੇਬੰਦੀਆਂ ਦੇ ਧਰਨੇ 'ਤੇ ਫਾਇਰਿੰਗ ਮਾਮਲੇ ਵਿਚ ਵੀ ਕਮਿਸ਼ਨ ਦੀ ਸਿਫਾਰਸ਼ 'ਤੇ ਅਣਪਛਾਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਇਰਾਦਾ-ਏ-ਕਤਲ ਦੀ ਐੱਫਆਈਆਰ ਦਰਜ ਕੀਤੀ ਗਈ।


10 ਸਤੰਬਰ 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਹਦਾਇਤ 'ਤੇ ਪੰਜਾਬ ਸਰਕਾਰ ਨੇ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਪ੍ਰਧਾਨਗੀ ਵਿਚ ਐਸਆਈਟੀ ਦਾ ਗਠਨ ਕੀਤਾ। ਜਿਸ ਨੇ ਪੜਤਾਲ ਦੇ ਆਧਾਰ 'ਤੇ ਬਹਿਬਲ ਗੋਲ਼ੀਕਾਂਡ ਕੇਸ ਵਿਚ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸ਼ਰਮਾ ਅਤੇ ਕੋਟਕਪੂਰਾ ਗੋਲ਼ੀਕਾਂਡ ਵਿਚ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸ਼ਰਮਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐਸਪੀ ਬਲਜੀਤ ਸਿੰਘ, ਐੱਸਪੀ ਪਰਮਜੀਤ ਸਿੰਘ ਪੰਨੂੰ, ਐੱਸਆਈ ਗੁਰਦੀਪ ਸਿੰਘ ਪੰਧੇਰ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ 'ਤੇ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।


22 ਜੂਨ 2019 ਨੂੰ ਨਾਭਾ ਜੇਲ ਵਿਚ ਡੇਰਾ ਸੱਚਾ ਸੌਦਾ ਸਿਰਸਾ ਨਾਲ ਜੁੜੇ ਮਹਿੰਦਰਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ। ਕੋਟਕਪੂਰਾ ਵਾਸੀ ਬਿੱਟੂ ਨੂੰ ਐਸਆਈਟੀ ਵੱਲੋਂ ਇਕ ਹੋਰ ਪੁਰਾਣੇ ਮਾਮਲੇ ਵਿਚ 9 ਜੂਨ 2018 ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਬਿੱਟੂ ਡੇਰੇ ਦੀ 45 ਮੈਂਬਰੀ ਸੂਬਾਈ ਕਮੇਟੀ ਦੇ ਮੈਂਬਰ ਸਨ।
 

ਐਸਆਈਟੀ ਨੇ ਦਸ ਡੇਰਾ ਪੈਰੋਕਾਰ ਬਰਗਾੜੀ ਕਾਂਡ ਵਿਚ ਨਾਮਜ਼ਦ ਕੀਤੇ ਸਨ। ਜਿਸ ਵਿਚ ਬਿੱਟੂ ਦੇ ਨਾਲ ਹੀ ਸੁਖਜਿੰਦਰ ਸਿੰਘ ਸੰਨੀ ਅਤੇ ਸ਼ਕਤੀ ਸਿੰਘ ਨੂੰ 5 ਜੁਲਾਈ, 2018 ਨੂੰ ਸੀਬੀਆਈ ਨੇ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਸੀ, ਜਦਕਿ ਬਾਕੀ 7 ਹੋਰ ਡੇਰਾ ਪੈਰੋਕਾਰਾਂ ਤੋਂ ਫ਼ਰੀਦਕੋਟ ਜੇਲ੍ਹ ਵਿਚ ਪੁੱਛਗਿੱਛ ਹੋਈ ਸੀ। ਸੀਬੀਆਈ ਵੱਲੋਂ ਬਿੱਟੂ, ਸੁਖਜਿੰਦਰ ਅਤੇ ਸ਼ਕਤੀ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖਲ ਨਹੀਂ ਕੀਤੀ ਜਾ ਸਕੀ ਜਿਸ ਦੇ ਆਧਾਰ 'ਤੇ ਤਿੰਨਾਂ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab government SIT investigate Bargari case