ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਜ਼ਾਰਾਂ ‘ਨਿਕੰਮੇ ਤੇ ਭ੍ਰਿਸ਼ਟ’ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਕਰੇਗੀ ਜਬਰੀ ਰਿਟਾਇਰ

ਹਜ਼ਾਰਾਂ ‘ਨਿਕੰਮੇ ਤੇ ਭ੍ਰਿਸ਼ਟ’ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਕਰੇਗੀ ਜਬਰੀ ਰਿਟਾਇਰ

ਪੰਜਾਬ ਸਰਕਾਰ ਨੇ ਵੱਖੋ–ਵੱਖਰੇ ਵਿਭਾਗਾਂ ਵਿੱਚ ਕੰਮ ਕਰ ਰਹੇ ਨਿਕੰਮੇ, ਲਾਪਰਵਾਹ ਅਤੇ ਭ੍ਰਿਸ਼ਟ ਕਰਮਚਾਰੀਆਂ ਦੀ ਸ਼ਨਾਖ਼ਤ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਅਜਿਹੇ ਕਰਮਚਾਰੀਆਂ ਦੀ ਸੂਚੀ ਤਿਆਰ ਕੀਤੀ ਜਾਵੇ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਉੱਤੇ ਅਗਲੇ ਕੁਝ ਦਿਨਾਂ ਵਿੱਚ ਸਖ਼ਤ ਕਾਰਵਾਈ ਹੋ ਸਕਦੀ ਹੈ।

 

 

ਪੰਜਾਬ ਸਰਕਾਰ ਦੇ ਜਲ ਵਸੀਲਿਆਂ ਬਾਰੇ ਵਿਭਾਗ ਦੀ ਚਿੱਠੀ ਮੁਤਾਬਕ ਅਜਿਹੇ ਮੁਲਾਜ਼ਮ ਜਿਨ੍ਹਾਂ ਦੇ ਕਾਰਜਕਾਲ ਦੇ 15, 20, 25 ਅਤੇ 30 ਸਾਲ ਮੁਕੰਮਲ ਹੋ ਚੁੱਕੇ ਹਨ; ਜਿਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਹੇਠਲੇ ਪੱਧਰ ਦੀ ਰਹੀ ਹੈ ਅਤੇ ਜੋ ਆਪਣੀ ਕਾਰਜ–ਸ਼ੈਲੀ ਵਿੱਚ ਨਿਕੰਮੇ ਅਤੇ ਲਾਪਰਵਾਹ ਪਾਏ ਗਏ ਹਨ ਅਤੇ ਜਿਨ੍ਹਾਂ ਵਿਰੁੱਧ ਵਿਭਾਗੀ ਜਾਂਚ ਤੋਂ ਬਾਅਦ ਇਹ ਗੱਲਾਂ ਪ੍ਰਮਾਣਿਤ ਵੀ ਹੋ ਚੁੱਕੀਆਂ ਹਨ। ਅਜਿਹੇ ਕਰਮਚਾਰੀਆਂ, ਜਿਨ੍ਹਾਂ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ, ਉਨ੍ਹਾਂ ਨੂੰ ਉਨ੍ਹਾਂ ਦੀਆਂ ਸਰਕਾਰੀ ਸੇਵਾਵਾਂ ਤੋਂ ਜਬਰੀ ਸੇਵਾ–ਮੁਕਤ ਕਰ ਦਿੱਤਾ ਜਾਵੇ।

 

 

ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਦੇ ਵੀ ਲਗਭਗ 6,000 ਭ੍ਰਿਸ਼ਟ ਅਤੇ ਲਾਪਰਵਾਹ ਕਰਮਚਾਰੀਆਂ ਦੀ ਇੱਕ ਸੂਚੀ ਤਿਆਰ ਕੀਤੀ ਜਾ ਰਹੀ ਹੈ। ਫ਼ਿਲਹਾਲ ਪੰਜਾਬ ਸਰਕਾਰ ਦੇ ਜਲ ਵਸੀਲੇ ਵਿਭਾਗ ਅਤੇ ਪੰਜਾਬ ਪੁਲਿਸ ਦੇ ਵਿਭਾਗਾਂ ਦੇ ਮੁਖੀਆਂ ਤੋਂ ਅਜਿਹੇ ਵੇਰਵੇ ਮੰਗੇ ਗਏ ਹਨ। ਪਤਾ ਲੱਗਾ ਹੈ ਕਿ ਅਗਲੇ ਕੁਝ ਦਿਨਾਂ ਦੌਰਾਨ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਉੱਤੇ ਇਹ ਹਦਾਇਤਾਂ ਲਾਗੂ ਕਰ ਦਿੱਤੀਆਂ ਜਾਣਗੀਆਂ।

 

 

ਪੰਜਾਬ ਸਰਕਾਰ ਦੇ ਬੁਲਾਰੇ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਤੇ ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਨੂੰ ਲੈ ਕੇ ‘ਜ਼ੀਰੋ ਟਾਲਰੈਂਸ’ ਨੀਤੀ ਹੈ। ਅਜਿਹੇ ਕਰਮਚਾਰੀਆਂ ਨੁੰ ਕਿਸੇ ਵੀ ਤਰ੍ਹਾਂ ਸਰਕਾਰ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ।

 

 

ਪੰਜਾਬ ਸਰਕਾਰ ਚਾਹੁੰਦੀ ਹੈ ਕਿ ਨਵੀਂ ਪ੍ਰਤਿਭਾ ਸਰਕਾਰ ਵਿੱਚ ਆਵੇ, ਤਾਂ ਜੋ ਸਰਕਾਰ ਦਾ ਕੰਮਕਾਜ ਵਧੀਆ ਢੰਗ ਨਾਲ ਚੱਲ ਸਕੇ। ਇਸੇ ਲਈ ਅਜਿਹੇ ਕਥਿਤ ਨਿਕੰਮੇ ਅਤੇ ਭ੍ਰਿਸ਼ਟ ਮੁਲਾਜ਼ਮਾਂ ਨੂੰ ਛੇਤੀ ਤੋਂ ਛੇਤੀ ਸੇਵਾ–ਮੁਕਤ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

 

 

ਇਸ ਬਾਰੇ ਟੀਵੀ ਚੈਨਲ ‘ਆਜ ਤੱਕ’ ਵੱਲੋਂ ਸਤੇਂਦਰ ਚੌਹਾਨ ਦੀ ਇੱਕ ਵਿਸਤ੍ਰਿਤ ਰਿਪੋਰਟ ਪ੍ਰਸਾਰਿਤ ਕੀਤੀ ਗਈ ਹੈ।

 

 

ਪੰਜਾਬ ਦੀਆਂ ਮੁਲਾਜ਼ਮ ਯੂਨੀਅਨਾਂ ਫ਼ਿਲਹਾਲ ਪੰਜਾਬ ਦੇ ਜਲ ਵਸੀਲੇ ਤੇ ਪੰਜਾਬ ਪੁਲਿਸ ਵਿਭਾਗ ਵਿੱਚ ਕੀਤੀ ਜਾਣ ਵਾਲੀ ਇਸ ਕਾਰਵਾਈ ਦੀ ਤਿਆਰੀ ਉੱਤੇ ਗ਼ੌਰ ਕਰ ਰਹੇ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਦੀਆਂ ਅਜਿਹੀਆਂ ਚਿੱਠੀਆਂ ਮਹਿਜ਼ ਖਾਨਾਪੂਰਤੀ ਹਨ ਤੇ ਸਰਕਾਰ ਅਜਿਹੇ ਕਿਸੇ ਵੀ ਮੁਲਾਜ਼ਮ ਵਿਰੁੱਧ ਕੋਈ ਕਾਰਵਾਈ ਨਹੀਂ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Government to retire forecefully Thousands of Careless and Corrupt Employees