ਅਗਲੀ ਕਹਾਣੀ

ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨੂੰ ਮਿਲਣਗੇ ਹੁਣ ਚੇਅਰਮੈਨੀਆਂ ਦੇ ਗੱਫੇ

ਪੰਜਾਬ ਦੇ ਰਾਜਪਾਲ ਨੇ ਦਿੱਤੀ ‘ਲਾਭ ਵਾਲੇ ਅਹੁਦਿਆਂ ਦੇ ਬਿਲ` ਨੂੰ ਪ੍ਰਵਾਨਗੀ

ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ‘ਪੰਜਾਬ ਰਾਜ ਵਿਧਾਨ ਸਭਾ (ਅਯੋਗਤਾ ਦੀ ਰੋਕਥਾਮ)(ਸੋਧ) ਬਿਲ, 2018` ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਸ ਪ੍ਰਵਾਨਗੀ ਦੀ ਪੁਸ਼ਟੀ ਕੀਤੀ। ਇੰਝ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਆਪਣੀ ਪਾਰਟੀ ਕਾਂਗਰਸ ਦੇ ਵਿਧਾਇਕਾਂ ਨੂੰ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਪਰਸਨ ਲਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਕੋਈ ਅਹੁਦਾ ਨਾ ਮਿਲਣ ਕਾਰਨ ਬਹੁਤ ਸਾਰੇ ਕਾਂਗਰਸੀ ਵਿਧਾਇਕ ਨਾਰਾਜ਼ ਚੱਲ ਰਹੇ ਹਨ ਕਿਉਂਕਿ ਚੋਣਾਂ ਵੇਲੇ ਉਨ੍ਹਾਂ ਨੂੰ ਲਾਹੇਵੰਦ (ਲਾਭ ਵਾਲੇ) ਅਹੁਦੇ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਇੰਝ ਹੁਣ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨੂੰ ਚੇਅਰਮੈਨੀਆਂ ਦੇ ਗੱਫੇ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਰਾਜਪਾਲ ਨੇ ਇਸ ਬਿਲ ਨੂੰ ਮਨਜ਼ੂਰੀ ਦੇਣ ਵਿੱਚ ਲਗਭਗ ਦੋ ਮਹੀਨਿਆਂ ਦਾ ਸਮਾਂ ਲਾ ਦਿੱਤਾ। ਬੀਤੀ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਨੇ ਇਹ ਬਿਲ ਪਾਸ ਕੀਤਾ ਸੀ ਤੇ ਲਾਹੇਵੰਦ ਅਹੁਦਿਆਂ ਦੀ ਮੌਜੂਦਾ ਸੂਚੀ ਦੇ ਵੱਖੋ-ਵੱਖਰੇ ਵਰਗ ਵੀ ਜੋੜੇ ਸਨ; ਜਿਨ੍ਹਾਂ `ਤੇ ਵਿਧਾਇਕਾਂ ਨੂੰ ਨਿਯੁਕਤ ਕੀਤਾ ਜਾਵੇ ਤੇ ਫਿਰ ਵੀ ਉਹ ਅਯੋਗ ਨਾ ਕਰਾਰ ਦਿੱਤੇ ਜਾਣ।


ਇੰਝ ਸੱਤਾਧਾਰੀ ਕਾਂਗਰਸ ਹੁਣ ਆਪਣੇ ਉਨ੍ਹਾਂ ਵਿਧਾਇਕਾਂ ਨੂੰ ਅਗਲੇ ਸਾਲ ਦੀਆਂ ਆਮ ਚੋਣਾਂ ਤੋਂ ਪਹਿਲਾਂ ਐਡਜਸਟ ਕਰ ਸਕੇਗੀ, ਜਿਨ੍ਹਾਂ ਨੂੰ ਕਿਸੇ ਕਾਰਨ ਮੰਤਰੀਆਂ ਦੇ ਅਹੁਦੇ ਨਹੀਂ ਮਿਲ ਸਕੇ।


ਇਸ ਤੋਂ ਪਹਿਲਾਂ ਪੰਜਾਬ ਸਰਕਾਰ ਅਜਿਹੀਆਂ ਸੋਧਾਂ ਕਰਨ ਲਈ ਆਰਡੀਨੈਂਸ ਦਾ ਰਾਹ ਵੀ ਅਪਣਾਇਆ ਸੀ ਪਰ ਰਾਜਪਾਲ ਨੇ ਆਪਣੀ ਮਨਜ਼ੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਤੇ ਇਸ ਸਬੰਧੀ ਬਿਲ ਪਹਿਲਾਂ ਵਿਧਾਨ ਸਭਾ `ਚ ਪੇਸ਼ ਕਰਨ ਲਈ ਆਖਿਆ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Governor gives assent to office of profit bill