ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਸਾਲ 2020 'ਚ 1.50 ਲੱਖ ਬੇਰੁਜ਼ਗਾਰਾਂ ਨੂੰ ਦੇਵੇਗੀ ਨੌਕਰੀ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਅੱਜ 2020-21 ਦਾ ਸਲਾਨਾ ਬਜਟ ਪੇਸ਼ ਕੀਤਾ ਹੈ। ਇਸ ਮੌਕੇ ਵਿੱਤ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਲ 2020-21 ਵਿੱਚ ਸਾਡਾ ਟੀਚਾ 800 ਤੋਂ ਵੱਧ ਪਲੇਸਮੈਂਟ ਕੈਂਪਾਂ ਦਾ ਆਯੋਜਨ ਕਰਨਾ ਅਤੇ 1,50,000 ਹੋਰ ਬਿਨੈਕਾਰਾਂ ਨੂੰ ਰੁਜ਼ਗਾਰ ਦੇਣ ਦਾ ਹੈ। 
 

ਵਿੱਤ ਮੰਤਰੀ ਨੇ ਕਿਹਾ, "ਭਾਰਤ ਸਰਕਾਰ ਨੇ ਬੇਰੁਜ਼ਗਾਰੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ, ਪਰ ਪੰਜਾਬ ਸਰਕਾਰ ਇਸ ਦੇ ਹੱਲ ਲਈ ਅਟਲ ਹੈ| ਸਾਡੀ ਸਰਕਾਰ 'ਘਰ-ਘਰ ਰੁਜ਼ਗਾਰ' ਮੁਹਿੰਮ ਤਹਿਤ ਹਰੇਕ ਘਰ ਵਿੱਚ ਇੱਕ ਨੌਕਰੀ ਦੇਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ, ਜਿਨ੍ਹਾਂ ਕੋਲ ਕੋਈ ਕੰਮ ਜਾਂ ਸਵੈ-ਰੁਜ਼ਗਾਰ ਨਹੀਂ ਹੈ| ਪੰਜਾਬ ਨੇ ਕੁਸ਼ਲ ਸਿਖਲਾਈ ਕੌਂਸਲਿੰਗ ਅਤੇ ਕਿੱਤਾ ਮੁਖੀ ਸੇਧਾਂ ਰਾਹੀਂ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਲਈ 'ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ' (ਪੀਜੀਆਰਕੇਏਐਮ) ਦੀ ਸਥਾਪਨਾ ਕੀਤੀ ਹੈ। ਸਰਕਾਰ ਰੁਜ਼ਗਾਰ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਲਈ ਯੋਗ ਨੀਤੀ ਪਾਲਸੀਆਂ ਲਿਆ ਰਹੀ ਹੈ।"
 

ਮਨਪ੍ਰੀਤ ਬਾਦਲ ਨੇ ਕਿਹਾ, "ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਕੈਰੀਅਰ ਦੀ ਸਲਾਹ, ਮੁਫਤ ਇੱਟਰਨੈੱਟ, ਹੁਨਰ ਸਿਖਲਾਈ ਦੇ ਵਿਕਲਪ, ਵਿਦੇਸ਼ੀ ਪਲੇਸਮੈਂਟ, ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹੋਏ 22 ਆਹਲਾ ਦਰਜੇ ਦੇ ਵਨ ਸਟਾਪ ਆਧੁਨਿਕ ਰੁਜ਼ਗਾਰ ਅਤੇ ਐਂਟਰਪ੍ਰਾਈਜ਼ ਦੇ ਜ਼ਿਲ੍ਹਾ ਬਿਊਰੋ (ਡੀਬੀਈਈ) ਸਥਾਪਿਤ ਕੀਤੇ ਹਨ।"
 

ਉਨ੍ਹਾਂ ਕਿਹਾ ਕਿ ਸਾਲ 2020-21 ਵਿੱਚ ਸਾਡਾ ਟੀਚਾ 800 ਤੋਂ ਵੱਧ ਪਲੇਸਮੈਂਟ ਕੈਂਪਾਂ ਦਾ ਆਯੋਜਨ ਕਰਨਾ, 1,50,000 ਹੋਰ ਬਿਨੈਕਾਰਾਂ ਨੂੰ ਰੁਜ਼ਗਾਰ ਪ੍ਰਾਪਤ ਕਰਨਾ ਅਤੇ 69,600 ਬੇਰੁਜ਼ਗਾਰ ਬਿਨੈਕਾਰਾਂ ਨੂੰ ਕੈਰੀਅਰ ਕਾਊਂਸਲਿੰਗ ਰਾਹੀਂ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਟੀਚੇ ਤਹਿਤ ਰੁਜ਼ਗਾਰ ਸਿਰਜਨਾ ਅਤੇ ਸਿਖਲਾਈ ਵਿਭਾਗ ਦੀਆਂ ਸਰਗਰਮੀਆਂ ਦਾ ਸਮਰਥਨ ਕਰਨ ਲਈ ਇਸ ਸਾਲ 324 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਪਿਛਲ਼ੀ ਸਰਕਾਰ ਦੇ ਅਖੀਰਲੇ ਸਾਲ 2016-17 ਦੌਰਾਨ ਕੀਤੇ ਗਏ 17.52 ਕਰੋੜ ਰੁਪਏ ਦੇ ਬਜਟ ਅਨੁਮਾਨਾਂ ਨਾਲੋਂ 20 ਗੁਣਾ ਵੱਧ ਹੈ।
 

ਹੁਸ਼ਿਆਰਪੁਰ 'ਚ ਬਣੇਗਾ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ :
ਵਿੱਤ ਮੰਤਰੀ ਨੇ ਦੱਸਿਆ, "ਪੰਜਾਬ ਸਰਕਾਰ ਨੇ ਨੌਜਵਾਨਾਂ ਦੀ ਫ਼ੌਜ 'ਚ ਭਰਤੀ ਵਿੱਚ ਸਹਾਇਤਾ ਲਈ ਹੁਸ਼ਿਆਰਪੁਰ ਵਿਖੇ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਨੂੰ ਸਥਾਪਤ ਕਰਨ ਦੀ ਤਜਵੀਜ਼ ਰੱਖੀ ਹੈ ਜੋ ਗ੍ਰੈਜੂਏਟ ਪੱਧਰ 'ਤੇ ਸੀਡੀਐਸਈ, ਏਐਫਸੀਏਟੀ, ਟੀਜੀਸੀ, ਜੇਏਜੀ, ਐਨਸੀਸੀ, ਸਪੈਸ਼ਲ ਐਂਟਰੀ ਸਕੀਮ, ਸ਼ਾਰਟ ਸਰਵਿਸ ਕਮਿਸ਼ਨ-ਨਾਨ ਟੈਕਨੀਕਲ (ਐਸਸੀਸੀਐਨਟੀ) ਲਈ ਆਰਮਡ ਫੋਰਸਿਸ ਵਿੱਚ ਭਰਤੀ ਅਤੇ ਭਾਰਤੀ ਮਿਲਟਰੀ ਅਕੈਡਮੀ (ਆਈਐਮਏ), ਅਧਿਕਾਰੀ ਸਿਖਲਾਈ ਪ੍ਰੋਗਰਾਮ (ਓ ਟੀ ਏ), ਏਅਰ ਫੋਰਸ ਸਿਖਲਾਈ ਅਤੇ ਨੇਵਲ ਅਕੈਡਮੀ ਵਿੱਚ ਨੌਜਵਾਨਾਂ ਨੂੰ ਭਰਤੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਇਸ ਮੰਤਵ ਲਈ ਸਾਲ 2020-21 ਦੌਰਾਨ 11 ਕਰੋੜ ਰੁਪਏ ਦੀ ਰਕਮ ਦੀ ਤਜਵੀਜ਼ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab govt present Budget 2020-21 jobs