ਪੰਜਾਬ ਨੂੰ ਭਵਿੱਖ ਦੇ ਆਲਮੀ ਨਿਵੇਸ਼ ਕੇਂਦਰ ਵਜੋਂ ਕੀਤਾ ਪੇਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿਖੇ ਪੰਜਾਬ ਸਰਕਾਰ ਅਤੇ ਸ਼ੈਂਡਲਰ ਇੰਸਟੀਚਿਊਟ ਆਫ਼ ਗਵਰਨੈਂਸ (ਸੀਆਈਜੀ), ਸਿੰਗਾਪੁਰ ਦੇ ਦਰਮਿਆਨ ਸਮਝੌਤਾ ਸਹੀਬੱਧ ਕੀਤਾ ਗਿਆ ਜਿਸ ਮੁਤਾਬਕ ਮੈਗਸੀਪਾ ਵਿੱਚ ਅਧਿਕਾਰੀਆਂ ਲਈ ਲੀਡਰਸ਼ਿਪ ਟ੍ਰੇਨਿੰਗ ਦੀਆਂ ਗਤੀਵਿਧੀਆਂ ਅਤੇ ਸਮੱਰਥਾਵਾਂ ਨੂੰ ਉਭਾਰਨ ਲਈ ਰੂਪ ਰੇਖਾ ਤਿਆਰ ਕੀਤਾ ਜਾਣਾ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਭਾਈਵਾਲੀ ਪੰਜਾਬ ਨੂੰ ਭਵਿੱਖ ਦੇ ਆਲਮੀ ਨਿਵੇਸ਼ ਕੇਂਦਰ ਵਜੋਂ ਦਰਸਾਉਣ 'ਤੇ ਵੀ ਧਿਆਨ ਕੇਂਦਰਤ ਕਰੇਗੀ। ਉਨ੍ਹਾਂ ਕਿਹਾ ਕਿ ਸੀ.ਆਈ.ਜੀ. ਦਾ ਭਾਰਤ ਵਿਚ ਇਹ ਪਹਿਲਾ ਸਮਝੌਤਾ ਹੈ।
ਇਹ ਸਮਝੌਤਾ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਪੰਜਾਬ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਅਤੇ ਸੀ.ਆਈ.ਜੀ. ਦੇ ਕਾਰਜਕਾਰੀ ਡਾਇਰੈਕਟਰ ਵੂ ਵੀ ਨੈਂਗ ਵੱਲੋਂ ਸਹੀਬੱਧ ਕੀਤਾ ਗਿਆ। ਬਾਅਦ ਵਿੱਚ ਦੋਵਾਂ ਨੇ ਦੋਵਾਂ ਪਾਸਿਆਂ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਫਾਈਲਾਂ ਦਾ ਆਦਾਨ-ਪ੍ਰਦਾਨ ਕੀਤਾ।
ਸੀ.ਆਈ.ਜੀ. ਸਿੰਗਾਪੁਰ ਆਧਾਰਤ ਇੱਕ ਸੁਤੰਤਰ, ਨਿਰਪੱਖ ਸੰਗਠਨ ਹੈ ਜੋ ਸਮਰੱਥਾ ਵਿਕਾਸ, ਪ੍ਰੋਗਰਾਮ ਅਤੇ ਸਿਖਲਾਈ, ਸਰੋਤਾਂ, ਸਲਾਹਕਾਰ ਅਤੇ ਖੋਜਾਂ ਨਾਲ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਸਹਿਯੋਗ ਦਿੰਦਾ ਹੈ।
ਪ੍ਰਸ਼ਾਸਨਿਕ ਸੁਧਾਰਾਂ ਬਾਰੇ ਵਿਭਾਗ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸਨ (ਮੈਗਸਿਪਾ) ਵਿਖੇ ਸਿਖਲਾਈ ਲੈ ਰਹੇ ਅਧਿਕਾਰੀਆਂ ਵਿੱਚ ਅਗਵਾਈ ਅਤੇ ਸਿਖਲਾਈ ਦੀ ਯੋਗਤਾ ਵਧਾਉਣ ਤੋਂ ਇਲਾਵਾ ਸੂਬੇ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਸਬੰਧੀ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਦੇਵੇਗਾ।
ਉਨ੍ਹਾਂ ਆਸ ਪ੍ਰਗਟਾਈ ਕਿ ਸੂਬਾ ਸਰਕਾਰ ਅਤੇ ਸੀ.ਆਈ.ਜੀ. ਇਸ ਸਮਝੌਤੇ ਸਦਕਾ ਸੂਬੇ ਦੇ ਪ੍ਰਸ਼ਾਸਨ ਵਿੱਚ ਲੀਹੋਂ ਹਟਵੇਂ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕਰਨਗੇ।
......