ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਚਾਲੂ ਸਾਲ ਦੌਰਾਨ ਬੋਰਡ ਵੱਲੋਂ ਸੂਬੇ ਭਰ ’ਚ 2000 ਇਕਾਈਆਂ ਸਥਾਪਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਇਕਾਈਆਂ ਸਥਾਪਿਤ ਹੋਣ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ। ਇਹ ਪ੍ਰਗਟਾਵਾ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਮਮਤਾ ਦੱਤਾ ਨੇ ਅੱਜ, ਪੰਜਾਬ ਭਵਨ, ਚੰਡੀਗੜ ਵਿਖੇ ਮਹਾਤਮਾ ਗਾਂਧੀ ਜੀ ਦੀ 150ਵੀਂ ਜੈਯੰਤੀ ਮੌਕੇ ਕਰਵਾਏ ਗਏ ‘ਪੁਸ਼ਪਾਂਜਲੀ ਸਮਾਰੋਹ’ ਮੌਕੇ ਕੀਤਾ।
ਸ੍ਰੀਮਤੀ ਦੱਤਾ ਨੇ ਕਿਹਾ ਕਿ ਪੰਜਾਬ ਖਾਦੀ ਬੋਰਡ ਇੱਕ ਅਜਿਹੀ ਏਜੰਸੀ ਹੈ ਜੋ ਪਿਛਲੇ 60 ਵਰਿਆਂ ਤੋਂ ਕਾਰਜਸ਼ੀਲ ਹੈ। ਉਨਾਂ ਕਿਹਾ ਕਿ ਬੋਰਡ ਵੱਖ-ਵੱਖ ਸਕੀਮਾਂ ਤਹਿਤ ਘਰ-ਘਰ ਰੋਜ਼ਗਾਰ ਦੇਣ ਲਈ ਯਤਨਸ਼ੀਲ ਹੈ। ਉਨਾਂ ਕਿਹਾ ਕਿ ਪੰਜਾਬ ਖਾਦੀ ਬੋਰਡ ਵੱਲੋਂ ਕੇਂਦਰੀ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੀ ਪ੍ਰਧਾਨ ਮੰਤਰੀ ਰੋਜ਼ਗਾਰ ਉੱਤਪਤੀ ਪ੍ਰੋਗਰਾਮ ਸਕੀਮ ਤਹਿਤ 25 ਲੱਖ ਰੁਪਏ ਤੱਕ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ।
ਉਨਾਂ ਦੱਸਿਆ ਕਿ ਆਮ ਵਰਗ ਨੂੰ 25 ਫੀਸਦੀ ਦੀ ਦਰ ਨਾਲ ਵਿੱਤੀ ਲਾਭ ਜਦਕਿ ਅਨੁਸੂਚਿਤ ਜਾਤੀਆਂ/ਕਬੀਲੇ, ਪੱਛੜੀਆਂ ਸ਼ੇ੍ਰਣੀਆਂ, ਔਰਤਾਂ, ਸਾਬਕਾ ਫੌਜੀਆਂ, ਸਰੀਰਕ ਤੌਰ ’ਤੇ ਅਪੰਗ ਵਿਅਕਤੀਆਂ, ਘੱਟ ਗਿਣਤੀਆਂ ਤੇ ਸਰਹੱਦੀ ਇਲਾਕਿਆਂ ਆਦਿ ਨੂੰ 35 ਫੀਸਦੀ ਦੀ ਦਰ ਨਾਲ ਲਾਭ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਸਕੀਮ ਤਹਿਤ ਸਰਵਿਸ ਸੈਕਟਰ ਇੰਟਰਪ੍ਰਾਈਜ਼ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਉਪਲੱਬਧ ਹੈ।
ਚੇਅਰਪਰਸਨ ਨੇ ਦੱਸਿਆ ਕਿ ਚਾਲੂ ਸਾਲ ਦੌਰਾਨ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਬੋਰਡ, ਖਾਦੀ ਕਮਿਸ਼ਨ ਅਤੇ ਹੋਰਨਾਂ ਏਜੰਸੀਆਂ ਦੀ ਸਹਾਇਤਾ ਨਾਲ 250 ਕਰੋੜ ਰੁਪਏ ਦਾ ਕਰਜ਼ਾ ਮੁਹੱਈਆ ਕਰਵਾਇਆ ਗਿਆ ਹੈ, ਜਿਸ ਵਿੱਚ 63 ਕਰੋੜ ਰੁਪਏ ਦੀ ਸਬਸਿਡੀ ਦੀ ਵਿਵਸਥਾ ਵੀ ਸ਼ਾਮਲ ਹੈ।
ਉਨਾਂ ਕਿਹਾ ਕਿ ਖਾਦੀ ਬੋਰਡ ਪੇਂਡੂ ਖੇਤਰ ਰੋਜ਼ਗਾਰ ਸਿਰਜਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਉਨਾਂ ਕਿਹਾ ਕਿ ਬੋਰਡ ਕੇ.ਵੀ.ਆਈ. ਉੱਦਮੀਆਂ ਨੂੰ ਪ੍ਰਚੂਨ ਅਤੇ ਈ-ਕਮਰਸ ਚੈਨਲਾਂ ਰਾਹੀਂ ਉਨਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਿੱਚ ਸਹਾਇਤਾ ਲਈ ਵਿਸ਼ੇਸ਼ ਉਪਰਾਲੇ ਕਰੇਗਾ।
ਵਰਣਯੋਗ ਹੈ ਕਿ ‘ਪੁਸ਼ਪਾਂਜਲੀ ਸਮਾਰੋਹ’ ਵਿੱਚ ਪੰਜਾਬ ਖਾਦੀ ਬੋਰਡ ਵਲੋਂ ਸਹਾਇਤਾ ਪ੍ਰਾਪਤ ਉੱਦਮੀ ਵੀ ਸ਼ਾਮਲ ਹੋਏ ਜਿਨਾਂ ਨੇ ਆਪੋ-ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ। ਉਨਾਂ ਨੇ ਬੋਰਡ ਦੇ ਸਹਿਯੋਗ ਨਾਲ ਹਾਸਲ ਹੋਈ ਆਪਣੀ ਕਾਮਯਾਬੀ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਕੇ.ਵੀ.ਆਈ.ਸੀ. ਪੰਜਾਬ ਨਾਲ ਸਬੰਧਤ ਰਵਾਇਤੀ ਖੱਡੀ ਬੁਣਨ ਦੇ ਮਾਹਿਰਾਂ ਵਲੋਂ ‘ਚਰਖ਼ੇ’ ’ਤੇ ਕਤਾਈ ਕਰਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਅਤੇ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ, ਚੰਡੀਗੜ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇਸ ਸਮਾਰੋਹ ਮੌਕੇ ਪੰਜਾਬ ਖਾਦੀ ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਅਨਿਲ ਮਹਿਤਾ, ਮੈਂਬਰ ਸਕੱਤਰ ਸ੍ਰੀ ਕੇ.ਐਸ. ਬਰਾੜ ਅਤੇ ਸਮੂਹ ਨਵ-ਨਿਯੁਕਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਬੋਰਡ ਦੇ ਅਹੁਦੇਦਾਰਾਂ ਅਤੇ ਪਤਵੰਤੇ ਸੱਜਣਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਤਸਵੀਰ ’ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਗਾਂਧੀ ਜੀ ਦੇ ਪ੍ਰਸੰਦੀਦਾ ਭਜਨ ‘ਰਘੂਪਤੀ ਰਾਘਵ ਰਾਜਾ ਰਾਮ’ ਦਾ ਮਧੁਰ ਸੰਗੀਤ ਵੀ ਸੁਣਾਇਆ ਗਿਆ।
.