ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਵਪਾਰਕ ਸੁਧਾਰਾਂ ਦੇ ਮਾਮਲੇ `ਚ ਪੱਛੜਿਆ

ਪੰਜਾਬ ਵਪਾਰਕ ਸੁਧਾਰਾਂ ਦੇ ਮਾਮਲੇ `ਚ ਪੱਛੜਿਆ

ਵਪਾਰਕ ਸੁਧਾਰਾਂ ਦੇ ਮਾਮਲੇ `ਚ ਪੰਜਾਬ ਕੁਝ ਪੱਛੜ ਗਿਆ ਹੈ; ਇਸੇ ਲਈ ਹੁਣ ‘ਕਾਰੋਬਾਰ ਕਰਨਾ ਸੁਖਾਲਾ ਬਣਾਉਣ` (ਈਜ਼ ਆਫ਼ ਡੂਇੰਗ ਬਿਜ਼ਨੇਸ) ਦੇ ਮਾਮਲੇ ਵਿੱਚ ਉਸ ਦੀ ਕਾਰਗੁਜ਼ਾਰੀ ਦੇ ਅੰਕੜੇ ਕਮਜ਼ੋਰ ਪੈਂਦੇ ਵਿਖਾਈ ਦਿੱਤੇ ਹਨ। ਪਿਛਲੇ ਵਰ੍ਹੇ ਉਹ ਇਸ ਮਾਮਲੇ `ਚ ਸਮੁੱਚੇ ਦੇਸ਼ `ਚੋਂ 12ਵੇਂ ਸਥਾਨ `ਤੇ ਸਨ ਪਰ ਇਸ ਵਾਰ ਪੱਛੜ ਕੇ 20ਵੇਂ ਸਥਾਨ `ਤੇ ਚਲਾ ਗਿਆ ਹੈ। ਪਰ ਪੰਜਾਬ ਸਰਕਾਰ ਨੂੰ ਆਸ ਹੈ ਕਿ ਛੇਤੀ ਹੀ ਇਸ ਹਾਲਤ ਵਿੱਚ ਸੁਧਾਰ ਹੋਵੇਗਾ। ਸਰਕਾਰੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਵਰਤੋਂਕਾਰਾਂ (ਯੂਜ਼ਰਜ਼) ਦੀ ਫ਼ੀਡਬੈਕ ਨੂੰ ਵੇਖੀਏ, ਤਾਂ ਉਨ੍ਹਾਂ ਦੀ ਕਾਰਗੁਜ਼ਾਰੀ ਬਿਹਤਰ ਰਹੀ ਹੈ ਅਤੇ ਉਨ੍ਹਾਂ ਇਹ ਰੈਂਕਿੰਗ ਪਿਛਲੇ ਵਰ੍ਹੇ ਦੀ ਜਾਣਕਾਰੀ ਦੇ ਆਧਾਰ `ਤੇ ਤਿਆਰ ਕੀਤੇ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ 201 ਸੁਧਾਰ ਲਾਗੂ ਕੀਤੇ ਗਏ ਸਨ।


ਅਜਿਹੀਆਂ ਦਰਜਾਬੰਦੀਆਂ (ਰੈਂਕਿੰਗਜ਼) ਵਿਸ਼ਵ ਬੈਂਕ ਅਤੇ ਉਦਯੋਗਿਕ ਨੀਤੀ ਤੇ ਪ੍ਰੋਤਸਾਹਨ ਵਿਭਾਗ (ਡੀਆਈਪੀਪੀ) ਵੱਲੋਂ ‘ਵਪਾਰ ਸੁਧਾਰ ਕਾਰਵਾਈ ਯੋਜਨਾ 2017` ਅਧੀਨ ਤਿਆਰ ਕੀਤੀਆਂ ਗਈਆਂ ਹਨ, ਜੋ ਮੰਗਲਵਾਰ ਨੂੰ ਜਾਰੀ ਹੋਈਆਂ ਸਨ। ਵਪਾਰਕ ਸੁਧਾਰਾਂ ਲਈ ਕਾਰਵਾਈ ਯੋਜਨਾ ਲਾਗੂ ਕਰਨ ਦੇ ਮਾਮਲੇ `ਤੇ ਪੰਜਾਬ ਦਾ ਨਾਂਅ ਹੁਣ ਜੰਮੂ-ਕਸ਼ਮੀਰ, ਗੋਆ, ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ, ਮਨੀਪੁਰ ਤੇ ਪੁੱਦੂਚੇਰੀ ਜਿਹੇ ਸੂਬਿਆਂ ਨਾਲ ਬੋਲਦਾ ਹੈ।


ਕੁੱਲ 34 ਵਿੱਚੋਂ ਪੰਜਾਬ ਨੂੰ 20ਵਾਂ ਸਥਾਨ ਹਾਸਲ ਹੋਇਆ ਹੈ ਤੇ ਉਸ ਨੂੰ 54% ਅੰਕ ਹਾਸਲ ਹੋਏ ਹਨ। ਕੇਂਦਰ ਸਰਕਾਰ ਨੇ ਅਜਿਹੀਆਂ ਰੈਂਕਿੰਗਜ਼ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਸੂਬਿਆਂ ਵਿੱਚ ਕਾਰੋਬਾਰੀ ਮਾਹੌਲ ਬਣਾਉਣ ਦਾ ਮੁਕਾਬਲਾ ਹੋਵੇ ਅਤੇ ਦੇਸ਼ ਅੰਦਰੋਂ ਅਤੇ ਵਿਦੇਸ਼ੀ ਨਿਵੇਸ਼ ਇੱਥੇ ਵੱਧ ਤੋਂ ਵੱਧ ਆ ਸਕਣ।


ਭਾਰਤ ਸਰਕਾਰ ਨੇ ਸਾਰੇ ਸੁਬਿਆਂ ਨੂੰ 372 ਕਾਰਵਾਈ ਨੁਕਤੇ ਦਿੱਤੇ ਸਨ, ਜਿਨ੍ਹਾਂ ਦੇ ਆਧਾਰ `ਤੇ ਉਨ੍ਹਾਂ ਨੇ ਕਾਰੋਬਾਰ ਕਰਨਾ ਹੋਰ ਸੁਖਾਲਾ ਬਣਾਉਣਾ ਸੀ ਪਰ ਪੰਜਾਬ ਇਨ੍ਹਾਂ ਵਿੱਚੋਂ 45 ਫ਼ੀ ਸਦੀ ਨੁਕਤਿਆਂ `ਤੇ ਕੋਈ ਕਾਰਵਾਈ ਨਾ ਕਰ ਸਕਿਆ। ਉਂਝ 201 ਸੁਧਾਰ ਉਸ ਨੇ ਲਾਗੂ ਕਰ ਦਿੱਤੇ ਹਨ ਤੇ ਹਾਲੇ 166 ਨੁਕਤਿਆਂ `ਤੇ ਕਾਰਵਾਈ ਲੋੜੀਂਦੀ ਹੈ।


ਇਸ ਦੌਰਾਨ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਦੀ ਘੱਟ ਦਰਜਾਬੰਦੀ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਉਸੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਿਸੇ ਉਦਯੋਗ ਨੇ ਪੰਜਾਬ ਵੱਲ ਮੂੰਹ ਨਹੀਂ ਕੀਤਾ। ਪੰਜਾਬ ਦੇ ਉਦਯੋਗ ਵਿਭਾਗ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਵਾਰ ਦੀ ਰੈਂਕਿੰਗ ਜੂਨ 2017 `ਚ ਇਕੱਠੀ ਕੀਤੀ ਗਈ ਜਾਣਕਾਰੀ ਉੱਤੇ ਆਧਾਰਤ ਹੈ।


ਉਦਯੋਗ ਤੇ ਵਣਜ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਰਾਕੇਸ਼ ਕੁਮਾਰ ਵਰਮਾ ਨੇ ਕਿਹਾ ਕਿ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਦੇ ਮਾਮਲੇ ਵਿੱਚ ਹੁਣ ਇੱਕਜੁਟ ਹੋ ਕੇ ਕੰਮ ਕਰਨ ਦਾ ਵੇਲਾ ਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab lagged behind in business reforms