ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਵਿਧਾਇਕ 3 ਮਹੀਨਿਆਂ `ਚ ਤੀਜੀ ਵਾਰ ਅੰਡੇਮਾਨ ਟਾਪੂ ਜਾਣ ਲਈ ਤਿਆਰ

ਪੰਜਾਬ ਦੇ ਵਿਧਾਇਕ 3 ਮਹੀਨਿਆਂ `ਚ ਤੀਜੀ ਵਾਰ ਅੰਡੇਮਾਨ ਟਾਪੂ ਜਾਣ ਲਈ ਤਿਆਰ

ਪੰਜਾਬ ਦੇ ਵਿਧਾਇਕਾਂ ਦਾ ਇੱਕ ਸਮੂਹ ਛੇਤੀ ਹੀ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ `ਤੇ ਜਾ ਕੇ ਇਹ ਪਤਾ ਕਰੇਗਾ ਕਿ ਹੁਣ ਤੱਕ ਪੰਜਾਬੀ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਅੱਖੋਂ ਪ੍ਰੋਖੇ ਕਿਉਂ ਕੀਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਪੋਰਟ ਬਲੇਅਰ ਦੀ ਸੈਲਯੂਲਰ ਜੇਲ੍ਹ `ਚ ਰੱਖਿਆ ਗਿਆ ਸੀ। ਉਨ੍ਹੀਂ ਦਿਨੀਂ ਜਾਬਰ ਅੰਗਰੇਜ਼ ਸਰਕਾਰ ਸਿਆਸੀ ਕੈਦੀਆਂ ਨੂੰ ਦੇਸ਼-ਨਿਕਾਲਾ ਦੇਣ ਲਈ ਕਾਲੇ-ਪਾਣੀ ਦੀ ਸਜ਼ਾ ਦੇ ਦਿੰਦੀ ਸੀ ਅਤੇ ਅਜਿਹੇ ਕੈਦੀਆਂ ਨੂੰ ਪੋਰਟ ਬਲੇਅਰ ਦੀ ਸੈਲਯੂਲਰ ਜੇਲ੍ਹ `ਚ ਭੇਜ ਦਿੱਤਾ ਜਾਂਦਾ ਸੀ।


ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਇੱਕ ਖ਼ਾਸ ਕਮੇਟੀ ਵਿਧਾਇਕ ਸ੍ਰੀ ਹਰਪ੍ਰਤਾਪ ਅਜਨਾਲਾ ਦੀ ਅਗਵਾਈ ਹੇਠ ਅੰਡੇਮਾਨ ਤੇ ਨਿਕੋਬਾਰ ਟਾਪੂਆਂ `ਤੇ ਜਾਣ ਵਾਲੀ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਪੰਜਾਬ ਵਿਧਾਨ ਸਭਾ ਦੀਆਂ ਦੋ ਕਮੇਟੀਆਂ ਦੇ ਮੈਂਬਰ ਦੋ ਵਾਰ ਅੰਡੇਮਾਨ ਨਿਕੋਬਾਰ ਟਾਪੂਆਂ `ਤੇ ਜਾ ਆਏ ਹਨ।


ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੀ ਕਮੇਟੀ ਦੇ 8 ਮੈਂਬਰ ਬੀਤੇ ਅਕਤੂਬਰ ਮਹੀਨੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ `ਤੇ ਜਾ ਕੇ ਆਏ ਹਨ। ਤਦ ਉਸ ਟੂਰ ਦਾ ਤਿੰਨ ਲੱਖ ਰੁਪਏ ਦਾ ਬਿੱਲ ਬਣਿਆ ਸੀ। ਸ੍ਰੀ ਅਜਨਾਲਾ ਦੀ ਅਗਵਾਈ ਹੇਠ ਉਸ ਕਮੇਟੀ ਦੇ ਮੈਂਬਰਾਂ `ਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਤੇ ਬਲਜਿੰਦਰ ਕੌਰ ਵੀ ਮੌਜੂਦ ਸਨ।


ਬੀਤੇ ਨਵੰਬਰ ਮਹੀਨੇ ਸ੍ਰੀ ਨੱਥੂ ਰਾਮ ਦੀ ਅਗਵਾਈ ਹੇਠ ਦਲਿਤ ਕਲਿਆਣ ਕਮੇਟੀ ਦੇ ਚਾਰ ਮੈਂਬਰ ਵੀ ਉੱਥੇ ਜਾ ਕੇ ਆਏ ਸਨ; ਤਦ ਉਸ ਟੂਰ ਦਾ ਬਿੱਲ 2.5 ਲੱਖ ਰੁਪਏ ਬਣਿਆ ਸੀ।


ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਅਜਨਾਲਾ ਕਮੇਟੀ ਆਜ਼ਾਦੀ ਦੇ ਸੰਘਰਸ਼ ਦੌਰਾਨ ਕਾਲੇਪਾਣੀ ਦੀ ਸਜ਼ਾ ਭੁਗਤਣ ਵਾਲੇ ਪੰਜਾਬ ਦੇ ਸੁਤੰਤਰਤਾ ਸੈਨਾਨੀਆਂ ਬਾਰੇ ਇੱਕ ਰਿਪੋਰਟ ਤਿਆਰ ਕਰੇਗੀ। ਉਸ ਰਿਪੋਰਟ ਵਿੱਚ ਇਹ ਦੱਸਿਆ ਜਾਵੇਗਾ ਕਿ ਦੇਸ਼ ਦੇ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਕਿਹੜੇ ਹਾਲਾਤ `ਚ ਅੱਖੋਂ ਪ੍ਰੋਖੇ ਕੀਤਾ ਗਿਆ।


ਸਪੀਕਰ ਨੇ ਦੱਸਿਆ ਕਿ ਸੈਲਯੂਲਰ ਜੇਲ੍ਹ ਦੇ ਬਿਲਕੁਲ ਨਾਲ ‘ਲਾਈਟ ਐਂਡ ਸਾਊਂਡ` (ਰੌਸ਼ਨੀ ਅਤੇ ਆਵਾਜ਼) ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਬੰਗਾਲੀ ਇਨਕਲਾਬੀਆਂ; ਜਿਵੇਂ ਕਿ ਬਟੁਕੇਸ਼ਵਰ ਦੱਤ, ਸੁਬੋਧ ਰਾਏ ਤੇ ਬਰਿੰਦਰ ਘੋਸ਼ ਦਾ ਜਿ਼ਕਰ ਆਉਂਦਾ ਹੈ ਪਰ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਦਾ ਕਿਤੇ ਕੋਈ ਜਿ਼ਕਰ ਨਹੀਂ ਹੁੰਦਾ।


ਉੱਥੋਂ ਦੇ ਰਾਸ਼ਟਰੀ ਅਜਾਇਬਘਰ ਵਿੱਚ ਬੰਗਾਲ ਦੇ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਵੀ ਹਨ ਪਰ ਉੱਥੇ ਵੀ ਪੰਜਾਬੀ ਆਜ਼ਾਦੀ ਘੁਲਾਟੀਏ ਗ਼ਾਇਬ ਹਨ। ਪੋਰਟ ਬਲੇਅਰ ਹਵਾਈ ਅੱਡੇ ਦਾ ਨਾਂਅ ਵੀਰ ਸਾਵਰਕਰ (ਜੋ ਮਰਾਠੀ ਸਨ) ਦੇ ਨਾਂਅ `ਤੇ ਰੱਖਿਆ ਗਿਆ ਹੈ।


ਉਸ ਕਮੇਟੀ ਦੀ ਰਿਪੋਰਟ ਦੇ ਆਧਾਰ `ਤੇ ਪੰਜਾਬ ਵਿਧਾਨ ਸਭਾ `ਚ ਇੱਕ ਮਤਾ ਪਾਸ ਕਰ ਕੇ ਪੰਜਾਬ ਦੇ ਨਾਇਕਾਂ ਨੂੰ ਯੋਗ ਮਾਨਤਾ ਦੇਣ ਲਈ ਕੇਂਦਰ ਸਰਕਾਰ ਨੂੰ ਲਿਖਤੀ ਬੇਨਤੀ ਕੀਤੀ ਜਾਵੇਗੀ।


ਪਿਛਲੇ ਵਰ੍ਹੇ ਮਈ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਨੇ ਇੱਕ ਜਾਂਚ ਰਿਪੋਰਟ ਪੇਸ਼ ਕਰਦਿਆਂ ਕਿਹਾ ਸੀ ਕਿ ਅੰਡੇਮਾਨ ਦੀ ਜੇਲ੍ਹ `ਚ ਸਜ਼ਾਵਾਂ ਕੱਟਣ ਵਾਲੇ ਸਿੱਖ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਅੱਖੋਂ ਪ੍ਰੋਖੇ ਕੀਤਾ ਜਾ ਰਿਹਾ ਹੈ।


ਉਸ ਰਿਪੋਰਟ `ਚ ਇਹ ਦਾਅਵਾ ਕੀਤਾ ਗਿਆ ਸੀ ਕਿ ਸਿੱਖ ਸ਼ਹੀਦਾਂ ਤੇ ਪੰਜਾਬੀਆਂ ਦੇ ਨਾਂਅ ਪੱਥਰਾਂ `ਤੇ ਹੇਠਾਂ ਲਿਖੇ ਗਏ ਹਨ ਅਤੇ ਸਿੱਖ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਮੁਰੰਮਤ ਦੇ ਨਾਂਅ `ਤੇ ਇੱਕ ਵਾਰ ਲਾਹ ਕੇ ਦੋਬਾਰਾ ਟੰਗੀਆਂ ਹੀ ਨਹੀਂ ਗਈਆਂ।


ਸ਼੍ਰੋਮਣੀ ਕਮੇਟੀ ਦਾ ਵਫ਼ਦ ਤਦ ਲੈਫ਼ਟੀਨੈਂਟ ਗਵਰਨਰ ਜਗਦੀਸ਼ ਮੁਖੀ ਨੂੰ ਮਿਲਿਆ ਸੀ ਅਤੇ ਬੇਨਤੀ ਕੀਤੀ ਸੀ ਕਿ ਪੋਰਟ ਬਲੇਅਰ ਦੀਆਂ ਤਿੰਨ ਸੜਕਾਂ ਦੇ ਨਾਂਅ ਭਗਤ ਸਿੰਘ, ਡਾ. ਦੀਵਾਨ ਸਿੰਘ ਕਾਲੇਪਾਣੀ ਅਤੇ ਮਦਨ ਲਾਲ ਢੀਂਗਰਾ ਦੇ ਨਾਂਅ `ਤੇ ਰੱਖੇ ਜਾਣ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab MLAs all set for the Andamans third time in 3 months