ਅੰਜ ਸਨਿੱਚਰਵਾਰ ਸਵੇਰੇ ਇੱਥੇ ਇੱਕ ਸੜਕ ਹਾਦਸੇ ’ਚ ਪੰਜਾਬ ਪੁਲਿਸ ਦੇ ਏਐੱਸਆਈ ਦੀ ਮੌਤ ਹੋ ਗਈ। ਇਹ ਹਾਦਸਾ ਅੰਮ੍ਰਿਤਸਰ–ਜਲੰਧਰ ਹਾਈਵੇਅ ਉੱਤੇ ਚੁਗਿੱਟੀ ਚੌਕ ਲਾਗੇ ਵਾਪਰਿਆ।
ਮ੍ਰਿਤਕ ਦੀ ਸ਼ਨਾਖ਼ਤ 45 ਸਾਲਾ ਰਿਚਰਡ ਮਸੀਹ ਵਜੋਂ ਹੋਈ ਹੈ। ਉਹ ਮੂਲ ਰੂਪ ’ਚ ਅੰਮ੍ਰਿਤਸਰ ਦਾ ਵਸਨੀਕ ਸੀ। ਉਹ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਕੋਰੋਨਾ ਲੌਕਡਾਊਨ–ਕਰਫ਼ਿਊ ਦੀ ਸਪੈਸ਼ਲ ਡਿਊਟੀ ’ਤੇ ਜਾ ਰਿਹਾ ਸੀ।
ਚਸ਼ਮਦੀਦ ਗਵਾਹਾਂ ਅਨੁਸਾਰ ਏਐੱਸਆਈ ਰਿਚਰਡ ਮਸੀਹ ਆਪਣੀ ਮਾਰੂਤੀ ਸਵਿਫ਼ਟ ਕਾਰ PB02DC 1476 ’ਚ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਿਹਾ ਸੀ।
ਕਾਰ ਕੁਝ ਤੇਜ਼–ਰਫ਼ਤਾਰ ਸੀ ਤੇ ਅੱਗੇ ਅਚਾਨਕ ਸੜਕ ਉੱਤੇ ਪਾਣੀ ਖੜ੍ਹਾ ਵੇਖ ਕੇ ਉਸ ਨੇ ਅਚਾਨਕ ਬ੍ਰੇਕਾਂ ਮਾਰੀਆਂ ਪਰ ਇੰਨੇ ਨੂੰ ਕਾਰ ਬੇਕਾਬੂ ਹੋ ਗਈ ਤੇ ਕੇਂਦਰੀ ਪਟੜੀ ਨਾਲ ਟਕਰਾ ਕੇ ਦੂਜੀ ਲੇਨ ’ਚ ਜਾ ਕੇ ਪਲਟ ਗਈ ਅਤੇ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਸ ਹਾਦਸੇ ’ਚ ਏਐੱਸਆਈ ਰਿਚਰਡ ਮਸੀਹ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਰਾਮਾ ਮੰਡੀ ਦੇ ਐੱਸਐੱਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਕਾਰ ਤੇਜ਼–ਰਫ਼ਤਾਰ ਸੀ ਤੇ ਡਰਾਇਵਰ ਉਸ ਉੱਤੋਂ ਆਪਣਾ ਕੰਟਰੋਲ ਗੁਆ ਬੈਠਾ ਤੇ ਇਹ ਭਾਣਾ ਵਰਤ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੋਸਟ–ਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।