ਪੰਜਾਬ ਪੁਲੀਸ ਦੇ ਸਾਈਬਰ ਕਰਾਈਮ ਸੈੱਲ ਨੇ ਕਰੋੜਾਂ ਰੁਪਏ ਦਾ ਬੈਂਕ ਘੁਟਾਲਾ ਕਰਨ ਵਾਲੇ ਗਰੋਹ ਦਾ ਪਰਦਾਸ਼ਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਲਸਾਜ਼ ਨੇ ਫਰਜ਼ੀ ਨਾਂ 'ਤੇ ਖੁਲ੍ਹਵਾਏ 5 ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਕੇ ਬਾਅਦ ਵਿੱਚ ਏ.ਟੀ.ਐਮ. ਅਤੇ ਚੈੱਕ ਜ਼ਰੀਏ ਕਢਵਾ ਲਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐਚ.ਡੀ.ਐਫ.ਸੀ. ਬੈਂਕ ਦੇ ਲੋਕੇਸ਼ਨ ਮੈਨੇਜਰ ਇਨਵੈਸਟੀਗੇਸ਼ਨ, ਰਿਸਕ ਇੰਟੈਲੀਜੈਂਸ ਅਤੇ ਕੰਟਰੋਲ ਯੂਨਿਟ ਵਿਜੈ ਕੁਮਾਰ ਵੱਲੋਂ 30/12/2019 ਨੂੰ ਐਚ.ਡੀ.ਐਫ.ਸੀ. ਬੈਂਕ ਦੇ ਖਾਤੇ ਵਿੱਚੋਂ ਤਕਨੀਕੀ ਪੈਂਤੜੇ ਨਾਲ ਤਕਰੀਬਨ 2 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਸਬੰਧੀ ਅਰਜ਼ੀ ਦਾਇਰ ਕੀਤੀ ਗਈ ਸੀ।
ਜਾਲਸਾਜ਼ਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਬਾਰੇ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਨੇ ਪੀੜਤ ਦੇ ਬੈਂਕ ਖਾਤੇ ਨਾਲ ਰਜਿਸਟਰ ਈਮੇਲ ਆਈ.ਡੀ. ਅਤੇ ਮੋਬਇਲ ਨੰਬਰ ਨੂੰ ਬੜੀ ਚਲਾਕੀ ਨਾਲ ਸਮਾਨ ਮੋਬਾਇਲ ਨੰਬਰ ਅਤੇ ਈਮੇਲ ਆਈ.ਡੀ. ਨਾਲ ਬਦਲ ਦਿੱਤਾ ਅਤੇ ਇਸ ਤਰ੍ਹਾਂ ਪੀੜਤ ਦੇ ਖਾਤੇ ਨਾਲ ਆਪਣਾ ਮੋਬਾਇਲ ਨੰਬਰ ਅਤੇ ਈਮੇਲ ਆਈ.ਡੀ. ਅਪਡੇਟ ਕਰਦਿਆਂ ਉਕਤ ਖਾਤੇ ਦਾ ਪੂਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ।
ਜਾਂਚ ਦੌਰਾਨ ਪਤਾ ਲੱਗਾ ਕਿ ਬੈਂਕ ਖਾਤਾ ਖੋਲ੍ਹਣ ਅਤੇ ਮੋਬਾਇਲ ਨੰਬਰ ਲੈਣ ਲਈ ਕੇ.ਵਾਈ.ਸੀ. ਦਸਤਾਵੇਜ਼ ਦੇ ਰੂਪ ਵਿੱਚ ਦਿੱਤੇ ਸਾਰੇ ਦਸਤਾਵੇਜ਼ ਜਾਅਲੀ ਸਨ। ਇਹ ਪਤਾ ਲੱਗਿਆ ਕਿ ਗਹੋਰ ਲੁਧਿਆਣਾ ਤੋਂ ਕੰਮ ਕਰ ਰਿਹਾ ਸੀ ਅਤੇ ਇਸ ਵਿੱਚ 3 ਵਿਅਕਤੀ ਸ਼ਾਮਲ ਸਨ। ਗਰੋਹ ਦੇ ਇਕ ਮੈਂਬਰ ਦੀ ਪਛਾਣ ਰਾਜੀਵ ਕੁਮਾਰ ਪੁੱਤਰ ਦੇਵ ਰਾਜ ਵਾਸੀ ਨਿਊ ਸ਼ਿਮਲਾਪੁਰੀ, ਲੁਧਿਆਣਾ ਵਜੋਂ ਹੋਈ ਹੈ।
ਇਸ ਕੇਸ ਵਿੱਚ 3 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਇਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਰਾਜੀਵ ਕੁਮਾਰ ਪੁੱਤਰ ਰਾਜ ਦੇਵ ਅਤੇ ਦੀਪਕ ਕੁਮਾਰ ਗੁਪਤਾ ਪੁੱਤਰ ਦਰਸ਼ਨ ਲਾਲ ਗੁਪਤਾ ਨੂੰ 28 ਜਨਵਰੀ, 2020 ਨੂੰ ਸ਼ਿਮਲਾਪੁਰੀ, ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਇਹਨਾਂ ਵਿੱਚੋਂ ਇਕ ਮੁਲਜ਼ਮ ਫਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਉਨ੍ਹਾਂ ਦੇ ਆਪਣੇ ਖਾਤਿਆਂ ਵਿੱਚ ਜਮ੍ਹਾਂ 10,00,000/- ਰੁਪਏ ਬਰਾਮਦ ਕੀਤੇ ਅਤੇ ਹੋਰ ਬਰਾਮਦਗੀਆਂ ਜਲਦ ਕੀਤੀਆਂ ਜਾਣਗੀਆਂ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਨਾਲ ਸਬੰਧਤ 4 ਹੋਰ ਕੇਸ ਵੀ ਹੱਲ ਹੋ ਗਏ।
ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਨੂੰ ਜੁਡੀਸ਼ਲ ਮੈਜਿਸਟਰੇਟ, ਐਸ.ਏ.ਐਸ.ਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋਵਾਂ ਮੁਲਜ਼ਮਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।