ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ ਸੈਸ਼ਨ ਤੋਂ ਸ਼ੁਰੂ ਹੋ ਸਕਦੈ ਪੰਜਾਬ ਦਾ ਚੌਥਾ ਸਰਕਾਰੀ ਮੈਡੀਕਲ ਕਾਲਜ, ਮੋਹਾਲੀ

ਅਗਲੇ ਸੈਸ਼ਨ ਤੋਂ ਸ਼ੁਰੂ ਹੋ ਸਕਦੈ ਪੰਜਾਬ ਦਾ ਚੌਥਾ ਸਰਕਾਰੀ ਮੈਡੀਕਲ ਕਾਲਜ, ਮੋਹਾਲੀ

ਮੋਹਾਲੀ ਦੇ ਮੈਡੀਕਲ ਕਾਲਜ ਦੇ ਅਗਲੇ ਸੈਸ਼ਨ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਮੁੱਖ ਮੰਤਰੀ ਨੇ ਹੁਣ ਬੀਤੀ 21 ਜਨਵਰੀ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਇਸ ਮਾਮਲੇ ’ਚ ਕੰਮ ਦੀ ਰਫ਼ਤਾਰ ਹੁਣ ਤੇਜ਼ ਕੀਤੀ ਜਾਵੇ। ਪੰਜਾਬ ਵਿੱਚ ਇਹ ਚੌਥਾ ਸਰਕਾਰੀ ਮੈਡੀਕਲ ਕਾਲਜ ਹੋਵੇਗਾ।

 

 

ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਉਹ ਭਾਰਤੀ ਮੈਡੀਕਲ ਕੌਂਸਲ ਦੀ ਅਗਲੇ ਫ਼ਰਵਰੀ ਮਹੀਨੇ ਹੋਣ ਵਾਲੇ ਨਿਰੀਖਣ ਤੋਂ ਪਹਿਲਾਂ–ਪਹਿਲਾਂ ਇਸ ਕਾਲਜ ਦੀਆਂ ਸਾਰੀਆਂ ਰਸਮੀ ਕਾਰਵਾਈਆਂ ਮੁਕੰਮਲ ਕਰ ਲੈਣ। ਇਸ ਤੋਂ ਪਹਿਲਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਨੂੰ ਇਸ ਕਾਲਜ ਬਾਰੇ ਚੇਤੇ ਕਰਵਾਉਂਦਿਆਂ ਦੋਸ਼ ਲਾਇਆ ਸੀ ਕਿ ਸੂਬੇ ਦਾ ਵਿੱਤ ਵਿਭਾਗ ਆਪਣੀਆਂ ਪ੍ਰਵਾਨਗੀਆਂ ਦੇਣ ਵਿੱਚ ਬਹੁਤ ਦੇਰੀ ਕਰਦਾ ਹੈ।

 

 

ਸ੍ਰੀ ਬ੍ਰਹਮ ਮਹਿੰਦਰਾ ਨੇ ਬੀਤੀ 10 ਜਨਵਰੀ ਨੂੰ ਮੁੱਖ ਮੰਤਰੀ ਨੂੰ ਇਸ ਬਾਰੇ ਇੱਕ ਚਿੱਠੀ ਲਿਖੀ ਸੀ। ਸ੍ਰੀ ਬ੍ਰਹਮ ਮਹਿੰਦਰਾ ਨੇ ਇਹ ਕਾਰਵਾਈ ‘ਹਿੰਦੁਸਤਾਨ ਟਾਈਮਜ਼’ ਵਿੱਚ ਉਸ ਰਿਪੋਰਟ ਤੋਂ ਬਾਅਦ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਹਿਲੇ ਬਜਟ ਵਿੱਚ ਮੋਹਾਲੀ ਵਿਖੇ ਜਿਹੜਾ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਸੀ; ਉਸ ਦੀਆਂ ਮਨਜ਼ੂਰੀਆਂ ਵਿੱਤ ਵਿਭਾਗ ਵੱਲੋਂ ਬਹੁਤ ਹੌਲੀ–ਹੌਲੀ ਦਿੱਤੀਆਂ ਜਾ ਰਹੀਆਂ ਹਨ; ਇਸ ਨਾਲ ਐੱਮਬੀਬੀਐੱਸ ਦੀਆਂ ਕਲਾਸਾਂ ਸ਼ੁਰੂ ਕਰਨ ਵਿੱਚ ਦੇਰੀ ਹੋ ਸਕਦੀ ਹੈ।

 

 

ਇਹ ਮਨਜ਼ੂਰੀਆਂ ਅਧਿਆਪਕਾਂ ਦੀਆਂ 168, ਪੈਰਾਮੈਡਿਕਸ ਦੀਆਂ 826 ਆਸਾਮੀਆਂ ਪੈਦਾ ਕਰਨ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਪਿਛਲੇ ਵਰ੍ਹੇ ਅਗਸਤ ਤੋਂ ਕੁਝ ਵਿੱਤੀ ਵਿਵਸਥਾਵਾਂ ਵੀ ਮੁਲਤਵੀ ਪਈਆਂ ਹਨ। ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਸ੍ਰੀ ਬ੍ਰਹਮ ਮਹਿੰਦਰਾ ਨੇ ਲਿਖਿਆ ਸੀ ਕਿ ਬਿਸਤਰਿਆਂ ਤੇ ਕਲਾਸਰੂਮਾਂ ਲਈ ਟੈਂਡਰ ਹਾਲੇ ਮਨਜ਼ੂਰ ਕੀਤੇ ਜਾਣੇ ਹਨ ਪਰ ਆਸਾਮੀਆਂ ਤੇ ਫ਼ੰਡ ਮਨਜ਼ੂਰ ਨਾ ਹੋਣ ਕਾਰਨ ਨਿਰਮਾਣ ਕਾਰਜ ਪ੍ਰਭਾਵਿਤ ਹੋਏ ਹਨ।

 

 

ਇਹ ਮੈਡੀਕਲ ਕਾਲਜ ਖੋਲ੍ਹਣ ਦੀ ਮਨਜ਼ੂਰੀ ਕੇਂਦਰ ਸਰਕਾਰ ਨੇ 2014–2915 ਦੌਰਾਨ ਦਿੱਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਇਸ ਦੀ ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਹੀ ਤਿਆਰ ਨਾ ਕਰ ਸਕੀ। ਕੈਪਟਨ ਅਮਰਿੰਦਰ ਸਰਕਾਰ ਨੇ ਇਹ ਰਿਪੋਰਟ ਜਨਵਰੀ 2018 ’ਚ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਸੀ। ਇਸ ਪ੍ਰੋਜੈਕਟ ਲਈ ਕੇਂਦਰ ਸਰਕਾਰ ਨੇ 113 ਕਰੋੜ ਰੁਪਏ ਦੇਣੇ ਹਨ ਤੇ ਉਸ ਵਿੱਚੋਂ ਕੇਂਦਰ ਵੱਲੋਂ 100 ਕਰੋੜ ਰੁਪਏ ਇਹ ਰਿਪੋਰਟ ਮਿਲਦਿਆਂ ਹੀ ਜਾਰੀ ਕਰ ਦਿੱਤੇ ਗਏ ਸਨ। ਪੰਜਾਬ ਸਰਕਾਰ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਦਾ 40% ਭਾਵ 76 ਕਰੋੜ ਰੁਪਏ ਖ਼ਰਚ ਕਰ ਰਹੀ ਹੈ।  60% ਕੇਂਦਰ ਸਰਕਾਰ ਦੇ ਰਹੀ ਹੈ।

 

 

ਭਾਵੇਂ ਮੁੱਖ ਮੰਤਰੀ ਨੇ ਆਉਂਦੇ ਸੈਸ਼ਨ ਤੋਂ ਐੱਮਬੀਬੀਐੱਸ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਭਾਰਤੀ ਮੈਡੀਕਲ ਕੌਂਸਲ (MCI) ਦੀ ਜਿਹੜੀ ਟੀਮ ਪਿਛਲੇ ਵਰ੍ਹੇ ਨਵੰਬਰ ’ਚ ਇਸ ਕਾਲਜ ਦਾ ਦੌਰਾ ਕਰ ਕੇ ਗਈ ਸੀ; ਉਸ ਨੇ ਇੱਥੇ ਬੁਨਿਆਦੀ ਢਾਂਚੇ ਤੇ ਆਸਾਮੀਆਂ ਮਨਜ਼ੂਰ ਨਾ ਹੋਣ ਜਿਹੀਆਂ ਕਮੀਆਂ ਗਿਣਾ ਕੇ ਇਸ ਨੂੰ ਰੱਦ ਕਰ ਦਿੱਤਾ ਸੀ।

 

 

ਇਹ ਮੈਡੀਕਲ ਕਾਲਜ ਮੋਹਾਲੀ ਦੇ ਸਿਵਲ ਹਸਪਤਾਲ ’ਚ ਖੁੱਲ੍ਹਣਾ ਹੈ ਤੇ ਸਿਹਤ ਵਿਭਾਗ ਦਾ ਦਾਅਵਾ ਇਹ ਹੈ ਕਿ ਇੱਥੇ ਤਾਂ ਬੁਨਿਆਦੀ ਢਾਂਚਾ ਪਹਿਲਾਂ ਹੀ ਪੂਰੀ ਤਰ੍ਹਾਂ ਮੁਕੰਮਲ ਹੈ। ਸਿਵਲ ਹਸਪਤਾਲ ਦੇ ਨਾਲ ਹੀ ਜੁਝਾਰ ਨਗਰ ਪਿੰਡ ਦੀ ਪੰਚਾਇਤ ਹੈ; ਉਸ ਨੇ ਮੈਡੀਕਲ ਕਾਲਜ ਲਈ ਪਹਿਲਾਂ ਹੀ ਆਪਣੀ 10 ਏਕੜ ਜ਼ਮੀਨ ਦਾਨ ਕੀਤੀ ਹੈ। ਪੰਜਾਬ ਸਰਕਾਰ ਨੇ ਸਿਵਲ ਹਸਪਤਾਲ ਦੇ ਅਗਲੇ ਪਾਸੇ ਬਣੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਹੋਸਟਲ ਨੂੰ ਵੀ ਖ਼ਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s 4th Govt Medical College Mohali may be working next session