ਪੰਜਾਬ ਦੇ ਸਭ ਤੋਂ ਪੁਰਾਣੇ ਸਿਨੇਮਾਘਰਾਂ ਵਿੱਚੋਂ ਇੱਕ ਫ਼ਿਰੋਜ਼ਪੁਰ ਦਾ ‘ਰਾਜਾ ਟਾਕੀਜ਼’ ਹੁਣ ਬੰਦ ਹੋ ਗਿਆ ਹੈ। ਕਿਸੇ ਵੇਲੇ ਇਹ ਸਿਨੇਮਾਘਰ ਪਾਕਿਸਤਾਨੀ ਫ਼ਿਲਮ–ਪ੍ਰੇਮੀਆਂ ਦਾ ਬਹੁਤ ਮਨਪਸੰਦ ਹੁੰਦਾ ਸੀ। ਇਸ ਦੇ ਮਾਲਕ ਹੁਣ ਇਸ ਵਿਰਾਸਤੀ ਜਾਇਦਾਦ ਨੂੰ ਵੇਚ ਰਹੇ ਹਨ।
ਇਹ ਪਹਿਲਾਂ ‘ਧਨੀ ਰਾਮ ਥੀਏਟਰ’ ਦੇ ਨਾਂਅ ਨਾਲ 1930 ’ਚ ਸਥਾਪਤ ਹੋਇਆ ਸੀ। ਸਾਲਾਂ ਬੱਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਰਿਹਾ ਇਹ ਸਿਨੇਮਾਘਰ ਹੁਣ ਵਧਦੇ ਟੈਕਸ ਤੇ ਮਲਟੀਪਲੈਕਸ ਕਲਚਰ ਅੱਗੇ ਆਖ਼ਰ ਗੋਡੇ ਟੇਕ ਗਿਆ।
ਸਿਨੇਮਾਘਰ ਦੇ ਮਾਲਕਾਂ ਦਾ ਕਹਿਣਾ ਹੈ ਕਿ ਲਗਾਤਾਰ ਘਟਦੀ ਦਰਸ਼ਕਾਂ ਦੀ ਗਿਣਤੀ ਤੇ ਰੱਖ–ਰਖਾਅ ਦੇ ਵਧਦੇ ਖ਼ਰਚੇ ਕਾਰਨ ਉਨ੍ਹਾਂ ‘ਰਾਜਾ ਟਾਕੀਜ਼’ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਿਨੇਮਾਘਰ ਦੇ ਮਾਲਕਾਂ ਵਿੱਚੋਂ ਇੱਕ ਸ੍ਰੀ ਸੁਭਾਸ਼ ਕਾਲੀਆ ਨੇ ਕਿਹਾ ਕਿ ਸ਼ਹਿਰ ’ਚ ਜ਼ਿਆਦਾ ਸਿਨੇਮਾਘਰ ਹੁਣ ਮਲਟੀਪਲੈਕਸ ’ਚ ਤਬਦੀਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਸ਼ਹਿਰ ਵਿੱਚ ਸਿਨੇਮਾਘਰ ਦਾ ਕੋਈ ਬਹੁਤਾ ਭਵਿੱਖ ਨਹੀਂ ਹੈ; ਇਸੇ ਲਈ ਹੁਣ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਬਜ਼ੁਰਗ ਦੁਰਗਾ ਪ੍ਰਸਾਦ ਨੇ ਪੁਰਾਣੇ ਵੇਲੇ ਚੇਤੇ ਕਰਦਿਆਂ ਦੱਸਿਆ ਕਿ ਕਦੇ ਵੱਡੀ ਗਿਣਤੀ ’ਚ ਪਾਕਿਸਤਾਨੀ ਲੋਕ ਇਸ ਸਿਨੇਮਾਘਰ ਵਿੱਚ ਆ ਕੇ ਸਿਨੇਮਾ ਵੇਖਦੇ ਹੁੰਦੇ ਸਨ। ਤਦ ਬਹੁਤ ਸਾਰੇ ਪਾਕਿਸਤਾਨੀ ਆਪਣੇ ਕਾਰੋਬਾਰਾਂ ਲਈ ਖ਼ਰੀਦਦਾਰੀਆਂ ਕਰਨ ਤੋਂ ਬਾਅਦ ਨਰਗਿਸ, ਸ਼ੰਮੀ ਕਪੂਰ, ਦਲੀਪ ਕੁਮਾਰ, ਦੇਵ ਆਨੰਦ ਤੇ ਰਾਜ ਕਪੂਰ ਜਿਹੇ ਆਪਣੇ ਮਨਪਸੰਦ ਫ਼ਿਲਮੀ ਅਦਾਕਾਰਾਂ ਦੀਆਂ ਫ਼ਿਲਮਾਂ ਇਸੇ ਸਿਨੇਮਾਘਰ ਵਿੱਚ ਆ ਕੇ ਵੇਖਦੇ ਹੁੰਦੇ ਸਨ।
ਪਰ ਸਾਲ 1971 ਚ ਭਾਰਤ–ਪਾਕਿਸਤਾਨ’ ਦੀ ਜੰਗ ਤੋਂ ਬਾਅਦ ਇਸ ਚੌਕੀ ਰਾਹੀਂ ਦੁਵੱਲਾ ਕਾਰੋਬਾਰ ਬੰਦ ਕਰ ਦਿੱਤਾ ਗਿਆ।