ਪੰਜਾਬ ’ਚ ਇਸ ਵੇਲੇ ਸਖ਼ਤ ਠੰਢ ਪੈ ਰਹੀ ਹੈ। ਠੰਢ ਨਾਲੋਂ ਜ਼ਿਆਦਾ ਧੁੰਦ ਪੈ ਰਹੀ ਹੈ। ਅਜਿਹੇ ਖ਼ਰਾਬ ਮੌਸਮ ਕਾਰਨ ਪੰਜਾਬ ਸਰਕਾਰ ਨੇ ਰਾਜ ਦੇ ਸਰੇ ਸਰਕਾਰੀ, ਏਡਿਡ ਤੇ ਪ੍ਰਾਈਵੇਟ ਸਕੂਲਾਂ ਦੇ ਸਮੇਂ ਤਬਦੀਲ ਕਰ ਦਿੱਤੇ ਗਏ ਹਨ।
ਇਹ ਸਮੇਂ ਭਲਕੇ ਮੰਗਲਵਾਰ 24 ਦਸੰਬਰ ਤੋਂ ਬਦਲ ਜਾਣਗੇ ਤੇ ਇਹ 15 ਜਨਵਰੀ, 2020 ਤੱਕ ਬਦਲੇ ਰਹਿਣਗੇ।
ਪੰਜਾਬ ਸਿੱਖਿਆ ਵਿਭਾਗ ਦੇ ਡਾਇਰੈਕਟਰ ਸ੍ਰੀ ਸੁਖਜੀਤ ਪਾਲ ਸਿੰਘ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਰਾਜ ਦੇ ਸਾਰੇ ਪ੍ਰਾਇਮਰੀ ਸਕੂਲ ਹੁਣ ਸਵੇਰੇ 10 ਵਜੇ ਲੱਗਿਆ ਕਰਨਗੇ ਤੇ ਉਨ੍ਹਾਂ ਦੀ ਛੁੱਟੀ ਸ਼ਾਮੀਂ 3 ਵਜੇ ਹੋ ਜਾਇਆ ਕਰੇਗੀ।
ਰਾਜ ਦੇ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਵੀ ਲੱਗਣਗੇ ਤਾ ਸਵੇਰੇ 10 ਵਜੇ ਹੀ ਪਰ ਉਨ੍ਹਾਂ ਦੀ ਛੁੱਟੀ ਇੱਕ ਘੰਟਾ ਦੇਰੀ ਨਾਲ ਭਾਵ 4:00 ਵਜੇ ਹੋਇਆ ਕਰੇਗੀ।
ਦੋਹਰੀ ਸ਼ਿਫ਼ਟ ਵਾਲੇ ਸਕੂਲਾਂ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ।
ਇਸ ਦੌਰਾਨ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ ’ਚ ਠੰਢ ਹੋਰ ਵੀ ਜ਼ੋਰ ਫੜੇਗੀ।