ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

23 ਤੇ 24 ਦਸੰਬਰ ਨੂੰ ਕਰਵਾਇਆ ਜਾਵੇਗਾ 2 ਰੋਜ਼ਾ 'ਪੰਜਾਬ ਰਾਜ ਯੁਵਕ ਮੇਲਾ' : ਰਾਣਾ ਸੋਢੀ

'ਨਾਰੀ ਦਾ ਸਨਮਾਨ, ਨਸ਼ਿਆਂ ਦੇ ਤਿਆਗ, ਆਓ ਸਿਰਜੀਏ ਨਵਾਂ ਪੰਜਾਬ' ਦੇ ਬੈਨਰ ਹੇਠ ਕਰਵਾਇਆ ਜਾਵੇਗਾ ਪੰਜਾਬ ਰਾਜ ਯੁਵਕ ਮੇਲਾ

 

ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਸੂਬੇ 'ਚ ਪਹਿਲੀ ਵਾਰ ਨਵੀਂ ਅਤੇ ਵਿਲੱਖਣ ਸੋਚ ਨਾਲ ਨੌਜਵਾਨਾਂ ਵਿੱਚ ਅਨੌਖਾ ਵਿਕਾਸ ਮੁਖੀ ਰੰਗ ਭਰਨ ਲਈ 23 ਤੇ 24 ਦਸੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਦੋ ਰੋਜ਼ਾ 'ਪੰਜਾਬ ਰਾਜ ਯੁਵਕ ਮੇਲਾ-2019' ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ।

 

ਕੈਬਿਨੇਟ ਮੰਤਰੀ ਨੇ ਇਸ ਮੌਕੇ ਪੱਤਰਕਾਰਾਂ ਨੂੰ ਰਾਜ ਪੱਧਰੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਪੰਜਾਬ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਭਰਪੂਰ ਸ਼ਮੂਲੀਅਤ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਧੀਆਂ ਦੇ ਸਨਮਾਨ ਨੂੰ ਸਨਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਵਿਸ਼ੇਸ਼ ਸਮਾਗਮ 'ਨਾਰੀ ਦਾ ਸਨਮਾਨ, ਨਸ਼ਿਆਂ ਦਾ ਤਿਆਗ, ਆਓ ਸਿਰਜੀਏ ਨਵਾਂ ਪੰਜਾਬ' ਬੈਨਰ ਹੇਠ ਕਰਵਾਇਆ ਜਾ ਰਿਹਾ ਹੈ। 

 

ਰਾਣਾ ਸੋਢੀ ਨੇ ਦੱਸਿਆ ਕਿ ਇਸ ਸਮਾਗਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਪੰਜਾਬ ਦੇ ਹਰ ਪਿੰਡ ਅਤੇ ਕਸਬੇ ਤੋਂ ਯੂਥ ਕਲੱਬਾਂ ਦੇ 15000 ਤੋਂ ਵੱਧ ਨੌਜਵਾਨ ਯੁਵਕ ਮੇਲੇ ਵਿੱਚ ਸ਼ਮੂਲੀਅਤ ਕਰਨਗੇ, ਜਿਨ੍ਹਾਂ ਰਾਹੀਂ ਸੂਬੇ ਦੇ ਹੋਰਨਾਂ ਨੌਜਵਾਨਾਂ ਤੱਕ ਵੀ ਨਵੀਂ ਸੇਧ, ਨਵੀਂ ਉਮੀਦ ਅਤੇ ਨਵੀਂ ਸਵੇਰ ਦਾ ਸੁਨੇਹਾ ਪੁੱਜਦਾ ਕੀਤਾ ਜਾਵੇਗਾ। 

 

ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕਰਨ ਵਾਲੀਆਂ ਮਾਣਮੱਤੀਆਂ ਧੀਆਂ ਨੂੰ ਸਨਮਾਨ ਅਤੇ ਹੱਲਾਸ਼ੇਰੀ ਦੇਣ ਲਈ ਵੱਖ-ਵੱਖ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਪੰਜਾਬੀ ਮੁਟਿਆਰਾਂ ਨੂੰ ਰਾਜ ਪੱਧਰੀ ਪੁਰਸਕਾਰ ਦਿੱਤੇ ਜਾਣਗੇ ਅਤੇ ਨਾਰੀ ਸਸ਼ਕਤੀਕਰਨ ਵਿਸ਼ੇ 'ਤੇ ਸੈਮੀਨਾਰ ਅਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਜਾਣਗੀਆਂ। 

 

ਇਸੇ ਤਰ੍ਹਾਂ ਖੇਡਾਂ, ਸਿਵਲ ਸੇਵਾਵਾਂ, ਵਿਗਿਆਨ, ਤਕਨਾਲੋਜੀ, ਸੁਰੱਖਿਆ ਦਸਤਿਆਂ, ਖੇਤੀਬਾੜੀ ਅਤੇ ਵਪਾਰ, ਸੱਭਿਆਚਾਰ, ਸਾਹਿਤਕ, ਸਿਨੇਮਾ, ਸੰਗੀਤ, ਮੀਡੀਆ ਆਦਿ ਖੇਤਰਾਂ ਵਿੱਚ ਜਿਹੜੇ ਮਾਣ ਮੱਤੇ ਪੰਜਾਬੀ ਨੌਜਵਾਨਾਂ ਨੇ ਵੱਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ, ਦੀ ਹੌਸਲਾ ਅਫਜ਼ਾਈ ਲਈ 'ਪੰਜਾਬ ਯੂਥ ਅਚੀਵਰਜ਼' ਪੁਰਸਕਾਰ ਦਿੱਤੇ ਜਾਣਗੇ। 

 

ਰਾਣਾ ਸੋਢੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸਮਾਗਮ ਦੌਰਾਨ 'ਕਰੀਅਰ ਸਮਿਟ' ਦਾ ਆਯੋਜਨ ਕੀਤਾ ਜਾ ਰਿਹਾ ਹੈ। 

 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੈਬਿਨੇਟ ਮੰਤਰੀ ਨੇ ਦੱਸਿਆ ਕਿ ਇਸ ਮੌਕੇ ਸੱਭਿਆਚਾਰਕ ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ, ਐਮੀ ਵਿਰਕ, ਸਿੰਗਾ, ਨਿੰਜਾ ਤੋਂ ਇਲਾਵਾ ਹੋਰ ਮੰਨੇ-ਪ੍ਰਮੰਨੇ ਗਾਇਕਾਂ ਅਤੇ ਫ਼ਿਲਮੀ ਕਲਾਕਾਰਾਂ ਵੱਲੋਂ ਕਲਾਮਈ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab State Youth Fair to be held on December 23 and 24: Rana Sodhi