ਅਗਲੀ ਕਹਾਣੀ

ਪੰਜਾਬ ’ਚ 2020 ਤਕ ਬਣ ਜਾਣਗੇ 9 ਨਵੇਂ ਜੱਚਾ-ਬੱਚਾ ਸਿਹਤ ਕੇਂਦਰ: ਸਿੱਧੂ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਸੂਬੇ ਸਰਕਾਰੀ ਹਸਪਤਾਲਾਂ ਵਿੱਚ ਚੰਗੇ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬੇ ਵਿੱਚ 9 ਨਵੇਂ ਐਮ.ਸੀ.ਐਚ (ਜੱਚਾ-ਬੱਚਾ ਸਿਹਤ) ਕੇਂਦਰਾਂ ਦੇ ਨਿਰਮਾਣ ਦਾ ਕੰਮ ਪ੍ਰਕਿਰਿਆ ਅਧੀਨ ਹੈ ਜੋ ਕਿ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗਾ।

 

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਈ.ਐਮ.ਆਰ (ਨਵਜਾਤ ਮੌਤ ਦਰ) ਅਤੇ ਐਮ.ਐਮ.ਆਰ (ਮਾਤਾ ਮੌਤ ਦਰ) ਵਿੱਚ ਸੁਧਾਰ ਕਰਨ ਲਈ ਸੂਬਾ ਸਰਕਾਰ ਵਲੋਂ ਮੋਗਾ, ਤਰਨ ਤਾਰਨ, ਫਤਿਹਗੜ੍ਹ ਚੂੜੀਆਂ, ਭਾਮ, ਸਮਾਣਾ, ਖੰਨਾ, ਸੰਗਰੂਰ ਮਾਲੇਰਕੋਟਲਾ ਅਤੇ ਨਕੋਦਰ ਵਿਚ ਨਵੇਂ ਐਮ.ਸੀ.ਐਚ(ਜੱਚਾ-ਬੱਚਾ ਸਿਹਤ) ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।

 

ਉਨ੍ਹਾਂ ਦੱਸਿਆ ਕਿ ਮਾਤਾ ਅਤੇ ਬੱਚਿਆਂ ਦੀ ਲਈ ਬਿਹਤਰ ਤੇ ਚੰਗੇ ਦਰਜੇ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ 8 ਹੋਰ ਨਵੇਂ ਐਮ.ਸੀ.ਐਚ (ਜੱਚਾ-ਬੱਚਾ ਸਿਹਤ) ਕੇਂਦਰ ਫਤਿਹਗੜ੍ਹ ਸਾਹਿਬ, ਗੋਨਿਆਣਾ, ਖੰਨਾ, ਫਗਵਾੜਾ, ਜਗਰਾਉਂ, ਬੁਢਲਾਢਾ, ਮਲੋਟ ਅਤੇ ਗਿੱਦੜਬਾਹਾ ਵਿੱਚ ਵੀ ਸਥਾਪਤ ਕਰਨ ਦਾ ਵੀ ਪ੍ਰਸਤਾਵ ਹੈ।

 

ਪੰਜਾਬ ਵਿੱਚ ਬੱਚਿਆਂ ਦੀ ਮੌਤ ਦਰ ਅਤੇ ਜੱਚਾ ਮੌਤ ਦਰ ਦੀ ਸਥਿਤੀ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜੱਚਾ-ਬੱਚਾ ਸਿਹਤ ਸਬੰਧੀ ਹੋਰਨਾਂ ਸੂਬਿਆਂ ਤੋਂ ਬਿਹਤਰ ਸਹੂਲਤਾਵਾਂ ਪ੍ਰਦਾਨ ਕਰ ਰਹੀ ਹੈ।

 

ਉਹਨਾਂ ਦੱਸਿਆ ਕਿ 2017 ਦੇ ਐਸ.ਆਰ.ਐਸ. (ਸੈਂਪਲ ਰਜਿਸਟਰੇਸਨ ਸਿਸਟਮ) ਅੰਕੜਿਆਂ ਅਨੁਸਾਰ ਪੰਜਾਬ ਵਿੱਚ ਬੱਚਿਆਂ ਦੀ ਮੌਤ ਦਰ (ਆਈ.ਐਮ.ਆਰ.) 21 ਪ੍ਰਤੀ 1000 ਹੈ ਜਦਿਕ ਕੌਮੀ ਪੱਧਰ 'ਤੇ ਇਹ ਦਰ 33 ਪ੍ਰਤੀ 1000 ਹੈ।

 

ਉਹਨਾਂ ਅੱਗੇ ਕਿਹਾ ਕਿ ਮਈ, 2018 ਵਿਚ ਜੱਚਾ ਮੌਤ ਦਰ 'ਤੇ ਜਾਰੀ ਕੀਤੇ ਐਸ.ਆਰ.ਐਸ. ਅੰਕੜਿਆਂ ਦੇ ਅਨੁਸਾਰ ਪੰਜਾਬ ਦੀ ਜੱਚਾ ਮੌਤ ਦਰ 122 ਪ੍ਰਤੀ ਲੱਖ ਹੈ ਜਦਕਿ ਇਹ ਦਰ ਕੌਮੀ ਪੱਧਰ 'ਤੇ 130 ਪ੍ਰਤੀ ਲੱਖ ਹੈ।

 

ਮੰਤਰੀ ਨੇ ਅੱਗੇ ਦੱਸਿਆ ਕਿ ਬੁਨਿਆਦੀ ਢਾਂਚੇ ਦੇ ਆਧੁਨੀਕੀਕਰਨ ਤੋਂ ਇਲਾਵਾ, ਸਿਹਤ ਵਿਭਾਗ ਸਿਹਤ ਸਟਾਫ ਅਤੇ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਹਿੱਤ ਵਿਕਾਸਸ਼ੀਲ ਭਾਗੀਦਾਰਾਂ ਦੇ ਤਕਨੀਕੀ ਸਹਿਯੋਗ ਨਾਲ ਹੁਨਰ ਆਧਾਰਿਤ ਸਿਖਲਾਈ ਵੀ ਦੇ ਰਿਹਾ ਹੈ।

 

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਇਕ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ ਜਿਸ ਤਹਿਤ ਪਰਿਵਾਰਾਂ ਨੂੰ ਗਰਭਵਤੀ ਮਹਿਲਾਵਾਂ ਦਾ ਜਣੇਪਾ ਘਰ ਦੀ ਬਜਾਇ ਸਰਕਾਰੀ ਹਸਪਤਾਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

 

ਉਹਨਾਂ ਕਿਹਾ ਕਿ ਜੱਚਾ-ਬੱਚਾ ਦੀ ਸੰਭਾਲ ਲਈ ਸਰਕਾਰੀ ਹਸਪਤਾਲ ਆਧੁਨਿਕ ਬਨਿਆਦੀ ਢਾਂਚੇ, ਮਾਹਿਰਾਂ, ਹੁਨਰਮੰਦ ਮੈਡੀਕਲ ਅਧਿਕਾਰੀਆਂ ਅਤੇ ਨਿਪੁੰਨ ਸਟਾਫ ਨਾਲ ਯੁੱਕਤ ਹਨ।

 

ਉਹਨਾਂ ਅੱਗੇ ਕਿਹਾ ਕਿ ਐਚ.ਐਮ.ਆਈ.ਐਸ. ਅੰਕੜਿਆਂ (ਅਪ੍ਰੈਲ-ਅਗਸਤ 2019) ਅਨੁਸਾਰ, ਪੰਜਾਬ ਨੇ ਸੂਬੇ ਭਰ ਵਿੱਚ 98.3 ਫੀਸਦੀ ਜਣੇਪੇ ਹਸਪਤਾਲਾਂ ਵਿੱਚ ਹੋਏ ਹਨ ਜਿਸ ਨੇ ਬਾਲ ਮੌਤ ਦਰ ਅਤੇ ਜੱਚਾ ਮੌਤ ਦਰ ਵਿੱਚ ਕਮੀ ਲਿਆਉਣ ਲਈ ਅਹਿਮ ਭੂਮਿਕਾ ਨਿਭਾਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab to have 9 new maternity health centers by 2020: Sidhu