ਪੰਜਾਬ ਯੂਨੀਵਰਸਿਟੀ ਨਾਲ ਜੁੜੇ ਸਿਰਫ਼ ਚੰਡੀਗੜ੍ਹ ਦੇ ਕਾਲਜਾਂ ਵਿੱਚ ਬੀਐੱਡ ਦੇ ਦਾਖ਼ਲਿਆਂ ਦੀਆਂ ਤਰੀਕਾਂ ਵਿੱਚ ਕੁਝ ਫੇਰ-ਬਦਲ ਕੀਤੇ ਗਏ ਹਨ। ਇਹ ਤਬਦੀਲੀਆਂ ਬਾਰੇ ਫ਼ੈਸਲੇ ਅੱਜ ਸ਼ੁੱਕਰਵਾਰ ਨੂੰ ਯੂਨੀਵਰਸਿਟੀ ਦੀ ਸਲਾਹਕਾਰ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਲਏ ਗਏ।
ਦਾਖ਼ਲੇ ਦੇ ਨਵੇਂ ਤੇ ਬਦਲੇ ਪ੍ਰੋਗਰਾਮ ਅਨੁਸਾਰ ਹੁਣ ਵੈੱਬਸਾਈਟ `ਤੇ ਜਾਣਕਾਰੀ ਭਰਨ ਤੋਂ ਬਾਅਦ ਫ਼ੀਸ ਚਾਲਾਨ ਤਿਆਰ (ਜੈਨਰੇਟ) ਕਰਨ ਦੀ ਆਖ਼ਰੀ ਤਰੀਕ 5 ਜੁਲਾਈ ਹੋਵੇਗੀ ਅਤੇ ਵੈੱਬਸਾਈਟ ਤੋਂ ਤਿਆਰ ਚਾਲਾਨ ਦੀ ਵਰਤੋਂ ਕਰ ਕੇ ਸਟੇਟ ਬੈਂਕ ਆਫ਼ ਇੰਡੀਆ ਦੀ ਕਿਸੇ ਸ਼ਾਖ਼ਾ ਵਿੱਚ ਫ਼ੀਸ ਜਮ੍ਹਾ ਕਰਵਾਉਣ ਦੀ ਆਖ਼ਰੀ ਤਾਰੀਖ਼ ਹੁਣ 7 ਜੁਲਾਈ ਹੋਵੇਗੀ। ਵੈੱਬਸਾਈਟ `ਤੇ ਬਾਕੀ ਦੀ ਜਾਣਕਾਰੀ ਸਮੇਤ ਫ਼ੋਟੋਗ੍ਰਾਫ਼ ਅਤੇ ਹਸਤਾਖਰ ਅਪਲੋਡ ਕਰਨ ਦੀ ਆਖ਼ਰੀ ਤਰੀਕ 9 ਜੁਲਾਈ ਹੋਵੇਗੀ। ਕੌਮਨ ਐਂਟਰੈਂਸ ਟੈਸਟ (ਸਾਂਝੀ ਦਾਖ਼ਲਾ ਪ੍ਰੀਖਿਆ) ਲਈ ਐਡਮਿਟ ਕਾਰਡ 11 ਜੁਲਾਈ ਨੂੰ ਉਪਲਬਧ ਹੋਵੇਗਾ।
ਪ੍ਰੀਖਿਆ ਨਿਯੰਤ੍ਰਕ (ਕੰਟਰੋਲਰ ਆਫ਼ ਇਗਜ਼ਾਮੀਨੇਸ਼ਨ) ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਰਜ਼ੀਆਂ ਲਗਾਤਾਰ ਮਿਲ ਰਹੀਆਂ ਹਨ ਕਿਉਂਕਿ ਪੰਜਾਬ ਦੇ ਕਾਲਜਾਂ ਲਈ ਅਰਜ਼ੀਆਂ ਦੇਣ ਵਾਲੇ ਬਹੁਤੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਚੰਡੀਗੜ੍ਹ ਦੇ ਕਾਲਜਾਂ ਲਈ ਦਾਖ਼ਲਾ ਟੈਸਟ ਵੱਖਰਾ ਹੋਵੇਗਾ। ਹੁਣ ਚੰਡੀਗੜ੍ਹ ਦੇ ਕਾਲਜਾਂ ਦੇ ਪ੍ਰੋਗਰਾਮ ਵਿੱਚ ਵਿਦਿਅਰਾਥੀਆਂ ਦੀ ਸਹੂਲਤ ਲਈ ਹੀ ਫੇਰ-ਬਦਲ ਕੀਤਾ ਗਿਆ ਹੈ। ਉਂਝ ਦਾਖ਼ਲਾ ਪ੍ਰੀਖਿਆ ਦੀ ਤਰੀਕ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਹ ਪ੍ਰੀਖਿਆ ਪਹਿਲਾਂ ਮਿੱਥੀ ਤਰੀਕ ਅਨੁਸਾਰ 14 ਜੁਲਾਈ ਨੂੰ ਹੀ ਹੋਵੇਗੀ। ਆਹਮੋ-ਸਾਹਮਣੇ ਕਾਊਂਸਲਿੰਗ ਦਾ ਪ੍ਰੋਗਰਾਮ ਵੀ ਪਹਿਲਾਂ ਵਾਲਾ ਹੀ ਰਹੇਗਾ। ਉਮੀਦਵਾਰ ਦਾਖ਼ਲੇ ਲਈ ਵੈੱਬਸਾਈਟ ਉੱਤੇ ਜਾ ਸਕਦੇ ਹਨ।