ਪੰਜਾਬ ਤੇ ਚੰਡੀਗੜ੍ਹ ’ਚ ਸਭ ਤੋਂ ਆਖ਼ਰੀ ਤੇ 7ਵੇਂ ਗੇੜ ’ਚ 19 ਮਈ ਨੂੰ ਵੋਟਾਂ ਪੈਣੀਆਂ ਹਨ। ਇਸ ਵਾਰ ਚੋਣ ਪ੍ਰਕਿਰਿਆ ਦੌਰਾਨ ਬਹੁਤ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਪਰ ਇਸ ਸਭ ਕੁਝ ਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਇਮਤਿਹਾਨਾਂ (ਪ੍ਰੀਖਿਆਵਾਂ) ਦੀਆਂ ਤਰੀਕਾਂ ਵਿੱਚ ਕੁਝ ਫੇਰ–ਬਦਲ ਕਰਨਾ ਪਿਆ ਹੈ।
ਪੰਜਾਬ ਯੂਨੀਵਰਸਿਟੀ ਵੱਲੋਂ ਅੱਜ ਜਾਰੀ ਕੀਤੀ ਗਈ ਇੱਕ ਅਧਿਸੂਚਨਾ ਰਾਹੀਂ ਦੱਸਿਆ ਕਿ 19 ਮਈ ਨੂੰ ਲੋਕ ਸਭਾ ਚੋਣਾਂ ਕਾਰਨ ਪ੍ਰੀਖਿਆਵਾਂ ਦੀ ਤਰੀਕ ਵਿੱਚ ਮਾਮੂਲੀ ਫੇਰ–ਬਦਲ ਕੀਤਾ ਗਿਆ ਹੈ। ਆਉਂਦੀ 20 ਮਈ ਦਿਨ ਸੋਮਵਾਰ ਨੂੰ ਹੋਣ ਵਾਲੀਆਂ ਅੰਡਰਗ੍ਰੈਜੂਏਟ / ਪੋਸਟਗ੍ਰੈਜੂਏਟ / ਪ੍ਰੋਫ਼ੈਸ਼ਨਲ ਅਤੇ ਹੋਰ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਉਸ ਦਿਨ ਦੀਆਂ ਸਾਰੀਆਂ ਪ੍ਰੀਖਿਆਵਾਂ ਲਈ ਹੁਣ ਨਵੀਂਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ, ਜਿਸ ਬਾਰੇ ਸੂਚਨਾ ਪੰਜਾਬ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਉੱਤੇ ਦਿੱਤੀ ਜਾਵੇਗੀ।
ਇੱਥੇ ਵਰਨਣਯੋਗ ਹੈ ਕਿ ਆਉਂਦੀ 19 ਮਈ ਦਿਨ ਐਤਵਾਰ ਨੂੰ ਜਿੱਥੇ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਕੁਝ ਲੋਕ ਸਭਾ ਹਲਕਿਆਂ ਵਿੱਚ ਵੋਟਾਂ ਪੈਣੀਆਂ ਹਨ, ਉੱਥੇ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਦੇ ਸਾਰੇ ਸੰਸਦੀ ਹਲਕਿਆਂ ਵਿੱਚ ਮਤਦਾਨ ਹੋਣਾ ਹੈ।