ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਦੇ ਸੈਕਟਰ 14 ਤੱਕ

ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਦੇ ਸੈਕਟਰ 14 ਤੱਕ

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੀਆਂ ਜੜ੍ਹਾਂ ਲਾਹੌਰ (ਹੁਣ ਪਾਕਿਸਤਾਨ) `ਚ ਹਨ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਤੋਂ ਨਾ ਸਿਰਫ਼ ਉਸ ਦੀ ਰਾਜਧਾਨੀ ਲਾਹੌਰ ਖੁੱਸ ਗਈ, ਸਗੋਂ ਉੱਥੇ ਸਥਿਤ ਪੰਜਾਬ ਯੂਨੀਵਰਸਿਟੀ ਦਾ ਵੀ ਖ਼ਾਤਮਾ ਹੋ ਗਿਆ। ਉਹ ਖ਼ਲਾਅ ਭਰਨ ਲਈ 1 ਅਕਤੂਬਰ, 1947 `ਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ। ਇਸ ਲਈ ਪਹਿਲਾਂ 27 ਸਤੰਬਰ ਨੂੰ ਕੇਂਦਰ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਸੀ।


ਪੰਜਾਬ ਯੂਨੀਵਰਸਿਟੀ `ਤੇ ਇੱਕ ਝਾਤ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਕਟਰ 14 `ਚ ਸਥਿਤ ਹੈ। ਇਸ ਯੂਨੀਵਰਸਿਟੀ ਨੇ ਦੇਸ਼ ਨੂੰ ਇੱਕ ਪ੍ਰਧਾਨ ਮੰਤਰੀ ਵੀ ਦਿੱਤਾ ਹੈ।

ਯੂਨੀਵਰਸਿਟੀ ਕੈਂਪਸ 380 ਏਕੜ ਰਕਬੇ `ਚ ਸਥਿਤ ਹੈ।

ਇਸ ਦੇ 60 ਵਿਭਾਗ ਹਨ।

ਇਸ ਦੇ 14 ਹੋਸਟਲ ਹਨ - ਜਿਨ੍ਹਾਂ ਵਿੱਚੋਂ 7 ਲੜਕੀਆਂ ਲਈ ਤੇ 7 ਹੀ ਲੜਕਿਆਂ ਲਈ ਹਨ।

ਇਨ੍ਹਾਂ ਹੋਸਟਲਾਂ `ਚ ਕੁੱਲ 6,000 ਵਿਦਿਆਰਥੀ ਰਹਿ ਰਹੇ ਹਨ।

ਇੱਕ ਹੋਸਟਲ ਕੰਮਕਾਜੀ ਔਰਤਾਂ ਲਈ ਹੈ।

ਯੂਨੀਵਰਸਿਟੀ ਕੈਂਪਸ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਇੱਕ ਮੰਦਰ ਵੀ ਸਥਾਪਤ ਹਨ।

ਇੱਥੇ 1,000 ਅਧਿਆਪਕ ਹਨ।

ਕੈਂਪਸ ਅੰਦਰ ਇੱਕ ਸਕੂਲ ਵੀ ਹੈ।

ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ 7.5 ਲੱਖ ਕਿਤਾਬਾਂ ਹਨ

ਕੈਂਪਸ ਵਿੱਚ ਕੁੱਲ 7,200 ਰੁੱਖ ਲੱਗੇ ਹੋਏ ਹਨ।

1960ਵਿਆਂ ਦੇ ਅਰੰਭ ਵਿੱਚ ਇੱਥੇ ਬਲਵੰਤ ਗਾਰਗੀ ਓਪਨ ਏਅਰ ਥੀਏਟਰ ਸਥਾਪਤ ਕੀਤਾ ਗਿਆ ਸੀ, ਜਿੱਥੇ ਬਹੁਤ ਸਾਰੇ ਪ੍ਰਸਿੱਧ ਨਾਟਕ ਖੇਡੇ ਜਾ ਚੁੱਕੇ ਹਨ।


ਪਹਿਲਾਂ-ਪਹਿਲ 9-ਮੈਂਬਰੀ ਸਿੰਡੀਕੇਟ ਨੇ ਸੰਭਾਲਿਆ ਸੀ ਯੂਨੀਵਰਸਿਟੀ ਦਾ ਕੰਮ-ਕਾਜ
ਸਭ ਤੋਂ ਪਹਿਲਾਂ ਯੂਨੀਵਰਸਿਟੀ ਦਾ ਕੰਮ-ਕਾਜ ਇੱਕ ਅਸਥਾਈ 9-ਮੈਂਬਰੀ ਸਿੰਡੀਕੇਟ ਨੇ ਸੰਭਾਲਿਆ ਸੀ ਤੇ ਜਸਟਿਸ ਤੇਜਾ ਸਿੰਘ ਇਸ ਦੇ ਕਾਰਜਕਾਰੀ ਵਾਈਸ ਚਾਂਸਲਰ ਨਿਯੁਕਤ ਹੋਏ ਸਨ। ਬਾਅਦ `ਚ ਜੀਸੀ ਚੈਟਰਜੀ ਇਸ ਦੇ ਪਹਿਲੇ ਫ਼ੁਲ-ਟਾਈਮ ਵਾਈਸ ਚਾਂਸਲਰ ਬਣੇ ਸਨ ਪਰ ਉਨ੍ਹਾਂ ਦਾ ਕਾਰਜਕਾਲ ਬਹੁਤ ਛੋਟਾ ਜਿਹਾ ਰਿਹਾ ਸੀ। ਵਾਈਸ ਚਾਂਸਲਰ ਵਜੋਂ ਪਹਿਲੀ ਵਾਰ ਲੰਮਾ ਸਮਾਂ ਆਪਣਾ ਕਾਰਜਭਾਰ ਸੰਭਾਲਣ ਵਾਲੇ ਪਹਿਲੇ ਵਾਈਸ ਚਾਂਸਲਰ ਦੀਵਾਨ ਆਨੰਦ ਕੁਮਾਰ ਸਨ, ਜਿਨ੍ਹਾਂ 1949 `ਚ ਆਪਣਾ ਅਹੁਦਾ ਸੰਭਾਲਿਆ ਸੀ ਤੇ ਉਹ ਅੱਠ ਵਰ੍ਹੇ ਇਸ ਅਹੁਦੇ `ਤੇ ਰਹੇ ਸਨ।

ਇਹ ਸਫ਼ਰ ਕੋਈ ਇੰਨਾ ਸੁਖਾਵਾਂ ਵੀ ਨਹੀਂ ਸੀ ਰਿਹਾ। ਸਾਲ 1956 ਤੱਕ ਇਸ ਯੂਨੀਵਰਸਿਟੀ ਦੇ ਅਧਿਆਪਨ ਵਿਭਾਗ ਕਈ ਸ਼ਹਿਰਾਂ ਜਿਵੇਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਹੁਸਿ਼ਆਰਪੁਰ ਤੇ ਦਿੱਲੀ ਤੱਕ ਵਿੱਚ ਖਿੰਡੇ-ਪੁੰਡੇ ਜਿਹੇ ਰਹੇ ਸਨ। ਇਸ ਦੀ ਲਾਇਬ੍ਰੇਰੀ ਸਿ਼ਮਲਾ `ਚ ਹੁੰਦੀ ਸੀ। ਫਿਰ 1958 ਤੋਂ 1960 ਦੌਰਾਨ ਵਾਈਸ ਚਾਂਸਲਰ ਪ੍ਰੋਂ ਏਸੀ ਜੋਸ਼ੀ ਦੇ ਕਾਰਜਕਾਲ ਦੌਰਾਨ ਨਵੇਂ ਬਣੇ ਸ਼ਹਿਰ ਚੰਡੀਗੜ੍ਹ `ਚ ਇਸ ਦੇ ਸਾਰੇ ਵਿਭਾਗ ਇਕੱਠੇ ਹੋਏ ਸਨ। ਅੱਜ ਵੀ ਲਾਇਬ੍ਰੇਰੀ ਦਾ ਨਾਂਅ ਪ੍ਰੋਂ ਜੋਸ਼ੀ ਦੇ ਨਾਂਅ `ਤੇ ਹੀ ਹੈ।

ਪੰਜਾਬ ਦੇ ਚੀਫ਼ ਇੰਜੀਨੀਅਰ ਪੀਐੱਲ ਵਰਮਾ ਨੇ ਪਹਿਲੀ ਵਾਰ ਯੂਨੀਵਰਸਿਟੀ ਨੂੰ ਸਥਾਪਤ ਕਰਨ ਲਈ ਰਿਆਇਤੀ ਦਰਾਂ `ਤੇ ਚੰਡੀਗੜ੍ਹ ਦਾ ਇੱਕ ਪੂਰਾ ਸੈਕਟਰ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਨੇ ਹੀ ਪੰਜਾਬ ਸਰਕਾਰ ਨੂੰ ਇਸ ਸਬੰਧੀ ਯੂਨੀਵਰਸਿਟੀ ਦਾ ਡਿਜ਼ਾਇਨ ਤਿਆਰ ਕਰਨ ਦੀ ਇਜਾਜ਼ਤ ਆਰਕੀਟੈਕਟ ਜੁਗਲ ਚੌਧਰੀ ਨੂੰ ਦੇਣ ਲਈ ਮਨਾਇਆ ਸੀ। ਉਨ੍ਹਾਂ ਹੀ ਯੂਨੀਵਰਸਿਟੀ ਦੀਆਂ ਇਮਾਰਤਾਂ ਦੀ ਉਸਾਰੀ ਆਗਿਆ ਰਾਮ ਹੁਰਾਂ ਤੋਂ ਕਰਵਾਉਣ ਦੀ ਸਲਾਹ ਦਿੱਤੀ ਸੀ।

ਮੌਜੁਦਾ ਕਾਰਜਕਾਰੀ ਇੰਜੀਨੀਅਰ ਆਰਕੇ ਰਾਏ ਨੇ ਦੱਸਿਆ,‘‘ਆਗਿਆ ਰਾਮ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਨਿਯੁਕਤ ਹੋਏ ਸਨ, ਜਿਨ੍ਹਾਂ ਦੇ ਨਾਂਅ `ਤੇ ਇਸ ਵੇਲੇ ਮੌਜੂਦਾ ਨਿਰਮਾਣ ਦਫ਼ਤਰ ਸਥਾਪਤ ਹੈ। ਸਭ ਤੋਂ ਪਹਿਲਾਂ ਕੈਮੀਕਲ ਇੰਜੀਨੀਅਰਿੰਗ ਤੇ ਤਕਨਾਲੋਜੀ ਵਿਭਾਗ ਅਤੇ ਰਜਿਸਟਰਾਰ ਦਫ਼ਤਰ ਦੀਆਂ ਇਮਾਰਤਾਂ ਦੀ ਉਸਾਰੀ ਹੋਈ ਸੀ।``

1959 `ਚ ਆਰਕੀਟੈਕਟ ਭਾਨੂ ਮਾਥੁਰ, ਜੋ ਪਹਿਲਾਂ ਸਵਿਸ-ਫ਼ਰੈਂਚ ਆਰਕੀਟੈਕਟ ਪੀਅਰੇ ਜੀਨੇਰੇਟ ਨਾਲ ਵੀ ਕੰਮ ਕਰ ਚੁੱਕੇ ਸਨ, ਨੇ ਯੂਨੀਵਰਸਿਟੀ `ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹ ਕੈਂਪਸ `ਤੇ ਆਪਣੀ ਅਮਿੱਟ ਛਾਪ ਛੱਡ ਕੇ ਗਏ ਹਨ ਕਿਉਂਕਿ ਇਸ ਦੇ ਗਾਂਧੀ ਭਵਨ, ਏਸੀ ਜੋਸ਼ੀ ਲਾਇਬ੍ਰੇਰੀ, ਪ੍ਰਸ਼ਾਸਕੀ ਭਵਨ (ਐਡਮ. ਬਲਾਕ), ਕੁਝ ਹੋਸਟਲ ਉਨ੍ਹਾਂ ਦੇ ਹੀ ਡਿਜ਼ਾਇਨ ਕੀਤੇ ਹੋਏ ਹਨ ਤੇ ਕੁਝ ਹੋਰ ਵਿਭਾਗ ਵੀ ਉਨ੍ਹਾਂ ਭਾਨੂ ਮਾਥੁਰ ਦੇ ਸਹਿਯੋਗ ਨਾਲ ਤਿਆਰ ਕਰਵਾਏ ਸਨ।


ਇੱਕ ਛੋਟਾ ਸ਼ਹਿਰ
ਪੰਜਾਬ ਯੂਨੀਵਰਸਿਟੀ ਦੇ ਕੈਂਪਸ ਨੂੰ ਤੁਸੀਂ ਇੱਕ ਆਤਮ-ਨਿਰਭਰ ਸ਼ਹਿਰ ਵੀ ਮੰਨ ਸਕਦੇ ਹੋ। ਯੂਨੀਵਰਸਿਟੀ ਨੇ ਆਪਣੇ ਇੱਕ ਸਕੂਲ ਦੀ ਵੀ ਸ਼ੁਰੂਆਤ ਕੀਤੀ ਸੀ। ਲਾਇਬ੍ਰੇਰੀਅਨ ਰਸ਼ਮੀ ਯਾਦਵ ਨੇ ਦੱਸਿਆ ਕਿ ਉਹ ਖ਼ੁਦ ਇਸੇ ਸਕੂਲ ਵਿੱਚ ਪੜ੍ਹੇ ਹਲ ਤੇ 1961 `ਚ ਉਨ੍ਹਾਂ ਦੇ ਪਿਤਾ ਨੂੰ ਲਾਇਬ੍ਰੇਰੀ ਵਿੱਚ ਨੌਕਰੀ ਮਿਲੀ ਸੀ। ਰਸ਼ਮੀ ਯਾਦਵ ਹੁਰਾਂ ਨੇ ਫਿਰ ਮਨੋਵਿਗਿਆਨ ਵਿਸ਼ੇ ਵਿੱਚ ਪੋਸਟ-ਗ੍ਰੈਜੂਏਸ਼ਨ ਤੇ ਬਾਅਦ ਵਿੱਚ ਲਾਇਬ੍ਰੇਰੀ ਸਾਇੰਸ ਵਿੱਚ ਐੱਮਏ ਤੇ ਪੀ-ਐੱਚ.ਡੀ. ਕੀਤੀ ਸੀ। ਫਿਰ 1979 `ਚ ਉਹ ਅਸਿਸਟੈਂਟ ਲਾਇਬ੍ਰੇਰੀਅਨ ਵਜੋਂ ਨਿਯੁਕਤ ਹੋ ਗਏ ਸਨ। ਉਹ ਉਸ ਵੇਲੇ ਦੀਆਂ ਗੱਲਾਂ ਚੇਤੇ ਕਰਦਿਆਂ ਦੱਸਦੇ ਹਨ ਕਿ ਉਦੋਂ ਦੇ ਵਿਦਿਆਰਥੀ ਆਗੂ ਬਹੁਤ ਵਧੀਆ ਬੁਲਾਰੇ ਵੀ ਹੁੰਦੇ ਸਨ। ਖਾਣਾ ਬਹੁਤ ਸੁਆਦਲਾ ਤੇ ਸਸਤਾ ਹੁੰਦਾ ਸੀ। ‘ਸਾਨੂੰ ਪੰਜਾਬ ਸਵੀਟਸ ਤੋਂ 1 ਰੁਪਏ `ਚ ਛੋਲੇ ਅਤੇ ਸੱਤ ਪੂਰੀਆਂ ਮਿਲ ਜਾਂਦੀਆਂ ਸਨ।`

ਪੰਜਾਬ ਯੂਨੀਵਰਸਿਟੀ ਦੇ ਅੰਦਰੂਨੀ ਬਾਜ਼ਾਰ ਵਿੱਚ ‘ਪੰਜਾਬ ਸਵੀਟਸ` ਸਭ ਤੋਂ ਪੁਰਾਣੀਆਂ ਦੁਕਾਨਾਂ ਵਿੱਚੋਂ ਇੱਕ ਹੈ। ਉਸ ਦੇ ਮਾਲਕ ਸਵਰਨਜੀਤ ਸਿੰਘ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਿਤਾ ਬਿਹਾਰੀ ਲਾਲ ਭਾਟੀਆ ਦੇ ਇੱਕ ਦੋਸਤ ਨੇ ਇੱਥੇ ਆਉਣ ਲਈ ਮਨਾਇਆ ਸੀ। ‘ਸਾਡੀ ਦੁਕਾਨ ਅੰਮ੍ਰਿਤਸਰ `ਚ ਸੀ ਤੇ ਸਾਡੇ ਪਰਿਵਾਰ ਦਾ ਕਾਰੋਬਾਰ ਹਾਲੇ ਵੀ ਉੱਥੇ ਚੱਲਦਾ ਹੈ ਪਰ ਅਸੀਂ 1956 `ਚ ਇੱਥੇ ਆ ਗਏ ਸਾਂ, ਉਦੋਂ 14-15 ਸਾਲਾਂ ਦਾ ਹੁੰਦਾ ਸਾਂ। ਉਦੋਂ ਇੱਥੇ ਸਿਰਫ਼ ਕੁਝ ਕੁ ਇਮਾਰਤਾਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ।`

ਉਨ੍ਹਾਂ ਅੱਗੇ ਦੱਸਿਆ,‘‘ਪੱਕੀਆਂ ਦੁਕਾਨਾਂ ਕਿਤੇ ਨਹੀਂ ਸਨ। ਮੇਰੇ ਪਿਤਾ ਨੇ ਕੱਚੀ ਦੁਕਾਨ `ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਲਈ ਫਿਰ ਸਾਨੂੰ ਕੰਮ ਕਰਨ ਲਈ ਏ ਬਲਾਕ ਵਿੱਚ ਦੋ ਕੁਆਰਟਰ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਕੁਆਰਟਰ ਕੰਮ ਕਰਨ ਲਈ ਸੀ ਤੇ ਦੂਜਾ ਰਹਿਣ ਲਈ। ਇੰਝ ਯੂਨੀਵਰਸਿਟੀ ਦੇ ਬਾਜ਼ਾਰ ਦੀ ਸ਼ੁਰੂਆਤ ਹੋਈ ਸੀ।``  

‘‘ਜੌਹਰ ਦੀ ਪੰਸਾਰੀ ਦੀ ਦੁਕਾਨ ਸੀ, ਹਰੀ ਰਾਮ ਬਰਫ਼ ਵੇਚਦੇ ਸਨ ਤੇ ਰਾਮ ਮੂਰਤੀ ਦੀ ਰੇਹੜੀ ਹੁੰਦੀ ਸੀ, ਜਿਸ `ਤੇ ਉਹ ਪਾਨ ਤੇ ਸਿਗਰੇਟਾਂ ਵੇਚਦੇ ਸਨ। ਯੂਨੀਵਰਸਿਟੀ ਨੇ ਦੁਕਾਨਦਾਰਾਂ ਲਈ ਤਦ ਕੁਝ ਫ਼ਰਨੀਚਰ ਵੀ ਲੈ ਕੇ ਦਿੱਤਾ ਸੀ।``

‘ਆਤਮਾ ਰਾਮ ਐਂਡ ਸੰਨਜ਼` ਵੀ 1960ਵਿਆਂ ਦੇ ਅਰੰਭ ਦੌਰਾਨ ਇੱਥੇ ਆਏ ਸਨ। ਇਸ ਦੇ ਮੌਜੂਦਾ ਮਾਲਕ ਕਰਨ ਪੁਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਤੋਂ ਸੱਦਿਆ ਗਿਆ ਸੀ।

ਉਨ੍ਹਾਂ ਦੱਸਿਆ,‘‘ਇਹ ਕਿਤਾਬਾਂ ਦੀ ਦੁਕਾਨ ਹੁੰਦੀ ਸੀ, ਜੋ ਇੱਕ ਲਾਇਬ੍ਰੇਰੀ ਵਰਗੀ ਦਿਸਦੀ ਸੀ। ਹਰੇਕ ਵਿਸ਼ੇ ਲਈ ਸਾਡੇ ਸੈਕਸ਼ਨ ਬਣੇ ਹੋਏ ਸਨ। ਹੁਣ ਕਿਉਂਕਿ ਪੜ੍ਹਨ ਵਿੱਚ ਦਿਲਚਸਪੀ ਘਟਦੀ ਜਾ ਰਹੀ ਹੈ, ਇਸੇ ਲਈ ਹੁਣ ਇਸ ਨੂੰ ‘ਬੁੱਕ-ਕਮ-ਗਿਫ਼ਟ ਸ਼ਾਪ` ਵਿੱਚ ਤਬਦੀਲ ਕਰ ਦਿੱਤਾ ਹੈ। ਉਂਝ ਪੜ੍ਹਨ ਦੇ ਡਾਢੇ ਸ਼ੌਕੀਨ ਪ੍ਰੋਂ ਜਿਤੇਂਦਰ ਮੋਹਨ ਲਗਾਤਾਰ ਸਾਡੀ ਦੁਕਾਨ `ਤੇ ਆਉਂਦੇ ਹਨ। ਹੋਰ ਵੀ ਬਹੁਤ ਸਾਰੇ ਲੋਕ ਵਿਦੇਸ਼ `ਚ ਰਹਿੰਦੇ ਆਪਣੇ ਪੋਤਰੇ-ਪੋਤਰੀਆਂ ਤੇ ਦੋਹਤਰੇ-ਦੋਹਤਰੀਆਂ ਲਈ ਕਾਰਡ ਖ਼ਰੀਦਣ ਆਉਂਦੇ ਹਨ। ਤਤਕਾਲੀਨ ਵਾਈਸ ਚਾਂਸਲਰ ਦੀਵਾਨ ਆਨੰਦ ਕੁਮਾਰ ਕੋਲ ਲੱਕੜ ਦੀ ਇੱਕ ਬੱਘੀ ਹੁੰਦੀ ਸੀ ਤੇ ਮੈਂ ਉਸ ਦੀ ਸਵਾਰੀ ਅਕਸਰ ਕਰਦਾ ਹੁੰਦਾ ਸਾਂ।``


ਇੱਕ ਕਲਾਕਾਰ ਦਾ ਸੰਸਾਰ
ਭਾਰਤੀ ਰੰਗਮੰਚ ਵਿਭਾਗ ਦੇ ਸੇਵਾ-ਮੁਕਤ ਪ੍ਰੋਫ਼ੈਸਰ ਮਹੇਂਦਰ ਕੁਮਾਰ ਨੂੰ ਉਹ ਸਾਰੇ ਛਿਣ ਹਾਲੇ ਵੀ ਚੇਤੇ ਹਨ, ਜੋ ਉਨ੍ਹਾਂ ਪੰਜਾਬੀ ਦੇ ਉੱਘੇ ਸਾਹਿਤਕਾਰ ਬਲਵੰਤ ਗਾਰਗੀ ਨਾਲ ਬਿਤਾਏ ਸਨ। ਯੂਨੀਵਰਸਿਟੀ ਦਾ ਓਪਨ ਏਅਰ ਥੀਏਟਰ ਬਲਵੰਤ ਗਾਰਗੀ ਹੁਰਾਂ ਦੇ ਨਾਂਅ `ਤੇ ਹੀ ਹੈ। ਉਨ੍ਹਾਂ ਦੱਸਿਆ,‘ਬਲਵੰਤ ਗਾਰਗੀ ਨੂੰ 1965 `ਚ ਉਦੋਂ ਦੇ ਵਾਈਸ ਚਾਂਸਲਰ ਸੂਰਜ ਭਾਨ ਪੰਜ ਵਰ੍ਹਿਆਂ ਲਈ ਪੰਜਾਬ ਯੂਨੀਵਰਸਿਟੀ `ਚ ਵਿਜਿ਼ਟਿੰਗ ਫ਼ੈਕਲਟੀ ਵਜੋਂ ਲੈ ਕੇ ਆਏ ਸਨ। ਉਸ ਵੇਲੇ ਤਾਂ ਕੋਈ ਵਿਭਾਗ ਵੀ ਨਹੀਂ ਹੁੰਦਾ ਸੀ। ਗਾਰਗੀ ਹੁਰਾਂ ਨੂੰ ਡਬਲਿਊ-11 ਮਕਾਨ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਨਾਟਕਾਂ ਲਈ ਮੇਰੇ ਸਮੇਤ ਵੱਖੋ-ਵੱਖਰੇ ਵਿਭਾਗਾਂ `ਚੋਂ ਹੀ ਅਦਾਕਾਰ ਲੱਭ ਲਏ ਸਨ।`

ਉਨ੍ਹਾਂ ਅੱਗੇ ਦੱਸਿਆ,‘ਇਹ ਗਾਰਗੀ ਸਾਹਿਬ ਹੀ ਸਨ, ਜੋ ਵਿਸ਼ਵ-ਪੱਧਰੀ ਰੰਗਮੰਚ ਦੀ ਭਾਵਨਾ ਨੂੰ ਚੰਡੀਗੜ੍ਹ ਲੈ ਕੇ ਆਏ ਸਨ। ਐੱਮਐੱਫ਼ ਹੁਸੈਨ, ਸਤੀਸ਼ ਗੁਜਰਾਲ, ਜ਼ੋਹਰਾ ਸਹਿਗਲ, ਬੀ.ਵੀ. ਕਾਰੰਤ, ਈ. ਅਲਕਾਜ਼ੀ, ਆਰਜੀ ਬਜਾਜ, ਐੱਮਕੇ ਰੈਨਾ, ਵੀ. ਰਾਮਾਮੂਰਤੀ, ਸ੍ਰੀਲਤਾ ਸਵੀਮੀਨਾਥਨ ਜਿਹੀਆਂ ਸ਼ਖ਼ਸੀਅਤਾਂ ਇੱਥੇ ਉਨ੍ਹਾਂ ਨੂੰ ਮਿਲਣ ਲਈ ਆਉਂਦੀਆਂ ਰਹੀਆਂ ਹਨ।`

ਇੱਕ ਹੋਰ ਘਟਨਾ ਬਾਰੇ ਚੇਤੇ ਕਰਦਿਆਂ ਉਨ੍ਹਾਂ ਦੱਸਿਆ,‘‘ਇੱਕ ਵਾਰ ਬਲਵੰਤ ਗਾਰਗੀ ਨੇ ਇੱਕ ਲੜਕੇ ਨੂੰ ਇਹ ਆਖਦਿਆਂ ਝਾੜ ਪਾਈ ਸੀ, ਜੋ ਵਿਭਾਗ ਵਿੱਚ ਸੀਟੀ ਵਜਾ ਰਿਹਾ ਸੀ ਕਿ ਮਹਿੰਦਰ ਕੰਮ ਕਰ ਰਿਹਾ ਹੈ, ਉਸ ਨੂੰ ਮੈਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਜਦੋਂ ਉਸ ਲੜਕੇ ਨੇ ਕਿਹਾ, ਮੈਂ ਤਾਂ ਕੁਝ ਨਹੀਂ ਸੀ ਕਰ ਰਿਹਾ, ਤਦ ਗਾਰਗੀ ਹੁਰਾਂ ਜਵਾਬ ਦਿੱਤਾ ਕਿ ਇਸ ਦਾ ਮਤਲਬ ਹੈ ਕਿ ਮੈਂ ਸੋਚ ਰਿਹਾ ਹਾਂ। ਉਹ ਅਕਸਰ ਆਖਦੇ ਹੁੰਦੇ ਸਨ ਕਿ ‘ਇੱਕ ਕਲਾਕਾਰ ਕਦੇ ਵਿਹਲਾ ਨਹੀਂ ਬਹਿ ਸਕਦਾ।`।``

1969 `ਚ ਸਥਾਪਤ ਕਹਾਣੀਕਾਰ (ਜੋ ਹੁਣ 88 ਵਰ੍ਹਿਆਂ ਦੇ ਹਨ) ਪ੍ਰੋਂ ਵੀਰੇਂਦਰ ਮਹਿੰਦੀਰੱਤਾ ਪਹਿਲੀ ਵਾਰ ਲੈਕਚਰਾਰ ਵਜੋਂ ਪੰਜਾਬ ਯੂਨੀਵਰਸਿਟੀ `ਚ ਆਏ। ਸਾਲ 1946 `ਚ ਲਾਹੌਰ ਦੇ ਸਰਕਾਰੀ ਕਾਲਜ ਦੇ ਵਿਦਿਆਰਥੀ ਰਹੇ ਮਹਿੰਦੀਰੱਤਾ ਨੇ ਇੱਥੇ ਆ ਕੇ ਆਪਣੀ ਪੀ-ਐੱਚ.ਡੀ. ਮੁਕੰਮਲ ਕੀਤੀ ਸੀ।

ਆਪਣੇ ਪੰਜਾਬ ਯੂਨੀਵਰਸਿਟੀ ਦੇ ਦਿਨ ਚੇਤੇ ਕਰਦਿਆਂ ਉਹ ਦੱਸਦੇ ਹਨ,‘‘ਉਨ੍ਹਾਂ ਦਿਨਾਂ ਵਿੱਚ ਤਾਂ ਪ੍ਰੋਫ਼ੈਸਰ ਵੀ ਜਿ਼ਆਦਾਤਰ ਸਾਇਕਲਾਂ `ਤੇ ਆਉਂਦੇ ਹੁੰਦੇ ਸਨ। ਜਦੋਂ ਮੈਂ ਯੂਨੀਵਰਸਿਟੀ `ਚ ਆਇਆ ਸਾਂ, ਤਾਂ ਮੈਂ ਆਪਣੇ ਇੱਕ ਦੋਸਤ ਦੇ ਸੁਝਾਅ `ਤੇ ਨਾਟਕ ਲਿਖਣੇ ਸ਼ੁਰੂ ਕੀਤੇ ਸਨ। ਪ੍ਰੋਂ ਇੰਦਰਨਾਥ ਮਦਾਨ ਨੇ ਸਿਲੇਬਸ ਵਿੱਚ ਇੱਕ ਪੇਪਰ ‘ਨਾਟਕ ਔਰ ਰੰਗਮੰਚ` ਵੀ ਪਾਇਆ ਸੀ।``

ਉਹ ਚੇਤੇ ਕਰਦਿਆਂ ਦੱਸਦਿਆਂ ਹਨ ਕਿ ਇੱਕ ਵਿਦਿਆਰਥੀ ਕਲਾਕਾਰ ਕਿਵੇਂ ਚੱਲਦੇ ਨਾਟਕ ਦੌਰਾਨ ਸਿਰਫ਼ ਆਪਣੀ ਫ਼ੋਟੋ ਖਿਚਵਾਉਣ ਲਈ ਪੋਜ਼ ਬਣਾ ਕੇ ਖੜ੍ਹਾ ਹੋ ਜਾਂਦਾ ਸੀ। ‘‘ਫਿਰ ਆਪਣਾ ਅਗਲਾ ਸੰਵਾਦ ਬੋਲਣ ਤੋਂ ਪਹਿਲਾਂ ਉਹ ਫ਼ੋਟੋਗ੍ਰਾਫ਼ਰ ਨੂੰ ‘ਧੰਨਵਾਦ` ਆਖਦਾ ਤੇ ਫਿਰ ਨਾਟਕ ਅੱਗੇ ਤੁਰਦਾ ਸੀ। ਇਹੋ ਜਿਹੇ ਦਿਨ ਹੁੰਦੇ ਸਨ ਉਹ।``

ਮਹਿੰਦੀਰੱਤਾ ਨੇ ਦੱਸਿਆ ਕਿ ਭਾਰਤੀ ਰੰਗਮੰਚ ਵਿਭਾਗ ਦੇ ਵਿਦਿਆਰਥੀ ਕਿਵੇਂ ਉਨ੍ਹਾਂ ਕੋਲ ਆਉਂਦੇ ਸਨ ਅਤੇ ਕਲਾਸ ਦੀਆਂ ਪਿਛਲੀਆਂ ਕਤਾਰਾਂ ਵਿੱਚ ਬਹਿ ਕੇ ਉਹ ਲੈਕਚਰ ਸੁਣਦੇ ਸਨ, ਜਦੋਂ ਮੈਂ ਮੋਹਨ ਰਾਕੇਸ਼ ਦਾ ਨਾਟਕ ‘ਆਸ਼ਾੜ੍ਹ ਕਾ ਏਕ ਦਿਨ` (ਹਾੜ੍ਹ ਦੇ ਮੌਸਮ ਦਾ ਇੱਕ ਦਿਨ) ਪੜ੍ਹਾ ਰਿਹਾ ਹੁੰਦਾ ਸਾਂ।


ਚੋਣ-ਸਮਾਂ
ਪ੍ਰੋਂ ਇੰਦੂ ਬੰਗਾ ਚੇਤੇ ਕਰਦਿਆਂ ਦੱਸਦੇ ਹਨ ਕਿ 1970ਵਿਆਂ ਦੌਰਾਨ ਜਦੋਂ ਵਿਭਾਗ ਆਪਣੇ ਪ੍ਰਧਾਨ ਦੀ ਚੋਣ ਕਰਨ ਲਈ ਚੋਣਾਂ ਕਰਵਾਉਂਦੇ ਹੁੰਦੇ ਸਨ। ਉਹ ਮੁਸਕਰਾਉਂਦਿਆਂ ਦੱਸਦੇ ਹਨ,‘ਸਟੂਡੈਂਟਸ ਫ਼ੈਡਰੇਸ਼ਨ ਆਫ਼ ਇੰਡੀਆ (ਐੱਸਐੱਫ਼ਆਈ) ਦਾ ਉਦੋਂ ਪੂਰਾ ਜ਼ੋਰ ਹੁੰਦਾ ਸੀ, ਭਾਵੇਂ ਮੈਂ ਇਸ ਦੀ ਮੈਂਬਰ ਨਹੀਂ ਸਾਂ। ਜਦੋਂ ਮੈਂ ਚੋਣਾਂ `ਚ ਭਾਗ ਲਿਆ ਸੀ, ਤਾਂ ਹਰੇਕ ਨੇ ਇਹੋ ਆਖਣਾ ਕਿ ਇੱਕ ਕੁੜੀ ਪ੍ਰਧਾਨ ਕਿਵੇਂ ਹੋ ਸਕਦੀ ਹੈ ਪਰ ਮੈਂ ਜਿ਼ਆਦਾਤਰ ਲੜਕਿਆਂ ਦੇ ਸਮਰਥਨ ਨਾਲ ਜਿੱਤ ਗਈ ਸਾਂ।`

ਪ੍ਰੋਂ ਅਮਰੀਕ ਸਿੰਘ ਆਹਲੂਵਾਲੀਆ, ਜੋ 1981 `ਚ ਪੰਜਾਬ ਯੂਨੀਵਰਸਿਟੀ ਆਏ ਸਨ, ਨੇ ਦੱਸਿਆ ਕਿ ਉਦੋਂ ਸਿਰਫ਼ ਦੋ ਪਾਰਟੀਆਂ -- ਸੋਪੂ ਤੇ ਪੁਸੂ -- ਹੀ ਹੁੰਦੀਆਂ ਸਨ। ‘ਚੋਣਾਂ ਦਾ ਹਰ ਵੇਲੇ ਇੱਕੋ ਜਿਹਾ ਏਜੰਡਾ ਹੁੰਦਾ ਸੀ ਪਰ ਤਦ ਹੋਸਟਲਾਂ ਦੀ ਕੋਈ ਘਾਟ ਨਹੀਂ ਸੀ ਹੁੰਦੀ।`


ਇਨਾਮੀ ਖੋਜ
ਖੋਜ ਦੇ ਮਾਮਲੇ ਵਿੱਚ ਪੰਜਾਬ ਯੂਨੀਵਰਸਿਟੀ ਸਿਖ਼ਰਲੀਆਂ ਯੂਨੀਵਰਸਿਟੀਜ਼ ਵਿੱਚੋਂ ਇੱਕ ਰਹੀ ਹੈ; ਖ਼ਾਸ ਕਰ ਕੇ ਸਾਇੰਸਜ਼ ਦੇ ਮਾਮਲੇ ਵਿੱਚ। ਫਿ਼ਜਿ਼ਕਸ (ਭੌਤਿਕ ਵਿਗਿਆਨ) ਵਿਭਾਗ ਦੇ ਚਾਰ ਪ੍ਰੋਫ਼ੈਸਰਾਂ ਤੇ 10 ਵਿਦਿਆਰਥੀਆਂ ਨੇ ਜਨੇਵਾ ਦੀ ‘ਯੂਰੋਪੀਅਨ ਆਰਗੇਨਾਇਜ਼ੇਸ਼ਨ ਫ਼ਾਰ ਨਿਊਕਲੀਅਰ ਰੀਸਰਚ` (ਸੀਈਆਰਐੱਨ) ਵਿਖੇ ‘‘ਐਗਜਿ਼ਸਟੈਂਸ ਆਫ਼ ਗੌਡ ਪਾਰਟੀਕਲ`` (ਰੱਬੀ ਹੋਂਦ ਦਾ ਅੰਸ਼) ਨਾਲ ਸਬੰਧਤ ਬਹੁ-ਚਰਚਿਤ ਖੋਜ ਵਿੱਚ ਭਾਗ ਲਿਆ ਸੀ। ਇਸ ਵਿਭਾਗ ਕੋਲ ਪ੍ਰਮਾਣੂ ਫਿ਼ਜਿ਼ਕਸ ਦੀ ਖੋਜ ਲਈ ਆਪਣਾ ਖ਼ੁਦ ਦਾ ਸਾਈਕਲੋਟ੍ਰੌਨ ਹੈ। ਯੂਨੀਵਰਸਿਟੀ ਇੰਸਟੀਚਿਊਟ ਆਫ਼ ਫ਼ਾਰਮਾਸਿਊਟੀਕਲ ਸਾਇੰਸਜ਼ `ਚ ਵੀ ਖੋਜ ਦੀ ਸਰਦਾਰੀ ਕਾਇਮ ਰਹੀ ਹੈ।


ਪ੍ਰਸਿੱਧ ਸ਼ਖ਼ਸੀਅਤਾਂ ਆਉਂਦੀਆਂ ਰਹੀਆਂ ਹਨ ਯੂਨੀਵਰਸਿਟੀ ਕੈਂਪਸ `ਚ
ਉਨ੍ਹਾਂ ਯਾਦਗਾਰੀ ਤੇ ਸੁਨਹਿਰੀ ਦਿਨਾਂ `ਚ ਸਾਹਿਤ, ਕਲਾ ਤੇ ਵਿਗਿਆਨ ਦੇ ਖੇਤਰਾਂ ਦੀਆਂ ਵੱਡੀਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਯੂਨੀਵਰਸਿਟੀ `ਚ ਪੜ੍ਹਾਉਣ ਲਈ ਆਉਂਦੀਆਂ ਹੀ ਰਹਿੰਦੀਆਂ ਸਨ।

ਉੱਘੇ ਲੇਖਕ ਤੇ ਆਲੋਚਕ ਮੁਲਕ ਰਾਜ ਆਨੰਦ ਨੇ ਇੱਥੇ 1962 ਤੋਂ ਲੈ ਕੇ 1965 ਤੱਕ ਪੜ੍ਹਾਇਆ, ਜਦੋਂ ਉਨ੍ਹਾਂ ਲਲਿਤ ਕਲਾ ਤੇ ਡਿਜ਼ਾਇਨ (ਫ਼ਾਈਨ ਆਰਟਸ ਐਂਡ ਡਿਜ਼ਾਇਨ) ਵਿਭਾਗ, ਇੱਕ ਅਜਾਇਬਘਰ ਤੇ ਇੱਕ ਸਾਹਿਤਕ ਖੋਜ ਕੇਂਦਰ ਟੈਗੋਰ ਦੀ ਪ੍ਰੋਫ਼ੈਸਰਸਿ਼ਪ ਅਧੀਨ ਸਥਾਪਤ ਕਰਵਾਉਣ ਲਈ ਕੰਮ ਕੀਤਾ ਸੀ।

ਪ੍ਰੋਂ ਬੀਐੱਮ ਆਨੰਦ ਤੇ ਡਾ. ਯਸ਼ ਪਾਲ ਨੂੰ ਵਿਗਿਆਨ ਦੇ ਵਿਦਿਆਰਥੀ ਹਾਲੇ ਵੀ ਬਹੁਤ ਯਾਦ ਕਰਦੇ ਹਨ। ਪ੍ਰੋਂ ਬੀਐੱਨ ਗੋਸਵਾਮੀ ਦੀ ਕਲਾ ਦੇ ਬਹੁਤ ਪ੍ਰਸ਼ੰਸਕ ਹੁੰਦੇ ਸਨ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕੌਣ ਨਹੀਂ ਜਾਣਦਾ, ਉਹ ਵੀ ਕੈਂਪਸ `ਚ ਅਰਥ-ਸ਼ਾਸਤਰ (ਇਕਨੌਮਿਕਸ) ਪੜ੍ਹਾਉਂਦੇ ਰਹੇ ਹਨ।

ਮੌਜੂਦਾ ਵਾਈਸ ਚਾਂਸਲਰ ਅਰੁਣ ਕੇ. ਗਰੋਵਰ ਨੇ ਹੁਣ ਪੰਜਾਬ ਯੂਨਖੀਵਰਸਿਟੀ ਦਾ ਸਥਾਪਨਾ ਦਿਵਸ ਮਨਾਉਣਾ ਸ਼ੁਰੂ ਕੀਤਾ ਹੈ, ਤਾਂ ਇਸ ਦੇ ਵਿਸ਼ਾਲ ਅਤੀਤ ਨੂੰ ਪੁਨਰ-ਸੁਰਜੀਤ ਕੀਤਾ ਜਾ ਸਕੇ ਤੇ ਭਵਿੱਖ ਲਈ ਉਸ ਤੋਂ ਪ੍ਰੇਰਨਾ ਵੀ ਲਈ ਜਾ ਸਕੇ।


ਪੰਜਾਬ ਯੂਨੀਵਰਸਿਟੀ ਦੇ ਪਾਰਟ-ਟਾਈਮ ਵਾਈਸ ਚਾਂਸਲਰ ਰਹੇ
ਸਾਬਕਾ ਵਾਈਸ ਚਾਂਸਲਰ ਆਰਪੀ ਬਾਂਬਾਹ (92) 1952 `ਚ ਪੰਜਾਬ ਯੂਨੀਵਰਸਿਟੀ ਦੇ ਗਣਿਤ ਵਿਭਾਗ ਵਿੱਚ ਰੀਡਰ ਵਜੋਂ ਆਏ ਸਨ। ਉਨ੍ਹਾਂ ਨੇ ਯੂਨੀਵਰਸਿਟੀ ਦਾ ਉਹ ਵੇਲਾ ਵੀ ਵੇਖਿਆ ਹੈ, ਜਦੋਂ ਯੂਨੀਵਰਸਿਟੀ ਦਾ ਕੰਮ ਕਿਰਾਏ ਦੀ ਇਮਾਰਤ ਵਿੱਚ ਚੱਲਦਾ ਸੀ ਤੇ ਫਿਰ ਜਦੋਂ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਕੈਂਪਸ ਵਿੱਚ ਆਈ, ਉਹ ਸਮਾਂ ਵੀ ਉਨ੍ਹਾਂ ਨੇ ਭਲੀਭਾਂਤ ਵੇਖਿਆ ਸੀ।

ਗਿਣਤੀ ਦੇ ਸਿਧਾਂਤ ਤੇ ਡਿਸਕ੍ਰੀਟ ਜਿਓਮੈਟ੍ਰੀ ਦੇ ਗਣਿਤ-ਵਿਗਿਆਨੀ ਆਰਪੀ ਬਾਂਬਾਹ ਚੇਤੇ ਕਰਦਿਆਂ ਦੱਸਦੇ ਹਨ,‘ਯੂਨੀਵਰਸਿਟੀ ਬਿਲਕੁਲ ਵੱਖਰੇ ਤਰੀਕੇ ਕੰਮ ਕਰਦੀ ਹੁੰਦੀ ਸੀ। ਇੱਕ ਸਿਰਫ਼ ਇੱਕ ਨਿਰੀਖਣ ਇਕਾਈ ਵਜੋਂ ਵਿਚਰਦੀ ਸੀ ਤੇ ਪੜ੍ਹਾਉਣ ਦਾ ਕੰਮ ਇਸ ਨਾਲ ਸਬੰਧਤ ਕਾਲਜਾਂ ਵਿੱਚ ਚੱਲਦਾ ਸੀ।`

ਪ੍ਰੋ. ਆਰ.ਪੀ. ਬਾਂਬਾਹ

1985 ਤੋਂ ਲੈ ਕੇ 1991 ਤੱਕ ਵਾਈਸ ਚਾਂਸਲਰ ਰਹੇ ਆਰਪੀ ਬਾਂਬਾਹ ਨੇ ਅੱਗੇ ਦੱਸਿਆ,‘‘ਵਾਈਸ ਚਾਂਸਲਰ ਆਮ ਤੌਰ `ਤੇ ਜੱਜ ਤੇ ਅਜਿਹੇ ਹੋਰ ਅਧਿਕਾਰੀਆਂ `ਚੋਂ ਹੀ ਚੁਣੇ ਜਾਂਦੇ ਸਨ। ਉਹ ਯੂਨੀਵਰਸਿਟੀ ਦੇ ਪਾਰਟ-ਟਾਈਮ ਅਧਿਕਾਰੀਆਂ ਵਾਂਗ ਹੁੰਦੇ ਸਨ। ਮੁੱਖ ਕੰਮ ਰਜਿਸਟਰਾਰ ਦੇ ਹੱਥਾਂ `ਚ ਹੁੰਦਾ ਸੀ। ਜਿੱਥੇ ਹੁਣ ਵਾਈਸ ਚਾਂਸਲਰ ਦੀ ਰਿਹਾਇਸ਼ਗਾਹ ਹੈ, ਉਹ ਰਜਿਸਟਰਾਰ ਦੇ ਘਰ ਹੁੰਦਾ ਸੀ ਅਤੇ ਜੀ-ਬਲਾਕ ਦੇ ਉਹ ਘਰ ਜਿੱਥੇ ਹੁਣ ਅਧਿਆਪਕ ਰਹਿੰਦੇ ਹਨ, ਨੂੰ ਡਿਪਟੀ ਰਜਿਸਟਰਾਰ ਵਰਤਦੇ ਸਨ।``

ਉਨ੍ਹਾਂ ਅੱਗੇ ਦੱਸਿਆ,‘‘ਜਿਉਂ-ਜਿਉਂ ਅਧਿਆਪਨ ਵਿਭਾਗ ਕੈਂਪਸ `ਚ ਆਉਂਦੇ ਗਏ, ਵਾਈਸ ਚਾਂਸਲਰ ਦੀ ਭੂਮਿਕਾ ਵੱਡੀ ਹੁੰਦੀ ਚਲੀ ਗਈ। ਹੁਣ ਇਹ ਸਿਰਫ਼ ਇੱਕ ਯੂਨੀਵਰਸਿਟੀ ਨਹੀਂ, ਸਗੋਂ ਦੋ ਹਨ - ਇੱਕ ਜੋ ਪੜ੍ਹਾਉਂਦੀ ਹੈ ਤੇ ਦੂਜੀ ਕਾਲਜਾਂ ਵਿੱਚ ਪ੍ਰੀਖਿਆਵਾਂ ਕਰਵਾਉਂਦੀ ਹੈ।``

ਪ੍ਰੋਂ ਬਾਂਬਾਹ ਉਹ ਭਲੇ ਵੇਲੇ ਚੇਤੇ ਕਰਦਿਆਂ ਦੱਸਦੇ ਹਨ ਕਿ ਉਨ੍ਹਾਂ ਦੇ ਅਧਿਆਪਕ ਪ੍ਰੋਂ ਗੋਪਾਲ ਚਾਵਲਾ ਕਿਵੇਂ ਉਨ੍ਹਾਂ ਅੰਦਰ ਹਾਂ-ਪੱਖੀ ਮੁਕਾਬਲੇ ਭਾਵਨਾ ਭਰਦੇ ਹੋਏ ਸਮੀਕਰਨਾਂ ਤੇ ਫ਼ਾਰਮੂਲੇ ਸਮਝਾਉਂਦਿਆਂ ਆਖਦੇ ਸਨ,‘‘ਮੈਂ ਇਹ ਸਿੱਧ ਕਰ ਸਕਦਾ ਹਾਂ, ਕੀ ਤੂੰ ਕਰ ਸਕਦਾ ਹੈਂ?``

ਪ੍ਰੋਂ ਬਾਂਬਾਹ ਨੇ ਦੱਸਿਆ,‘‘ਉਨ੍ਹਾਂ ਦਿਨਾਂ `ਚ ਅਧਿਆਪਕ ਵਿਦਿਆਰਥੀਆਂ ਦੇ ਹਰ ਪੱਖੋਂ ਰਾਹ-ਦਿਸੇਰੇ ਹੁੰਦੇ ਸਨ। ਉਹ ਉਨ੍ਹਾਂ ਨਾਲ ਲਗਾਤਾਰ ਮੁਲਾਕਾਤਾਂ ਕਰਦੇ ਸਨ ਤੇ ਇਕੱਠੇ ਬਹਿ ਕੇ ਦੁਪਹਿਰ ਦਾ ਖਾਣਾ ਵੀ ਖਾਂਦੇ ਸਨ ਤੇ ਚਾਹ ਵੀ ਪੀਂਦੇ ਸਨ। ਹੁਸਿ਼ਆਰਪੁਰ `ਚ ਸਾਡਾ ਟੀਕੇਟੀ (ਟੀਅ - ਕੱਪ - ਟਾਕ) (ਚਾਹ - ਕੱਪ - ਗੱਲਬਾਤ) ਨਾਂਅ ਦਾ ਇੱਕ ਸਮੂਹ ਹੁੰਦਾ ਸੀ। ਵਿਦਿਆਰਥੀ ਤੇ ਪ੍ਰੋਫ਼ੈਸਰ ਇਕੱਠੇ ਬਹਿ ਕੇ ਚਾਹ ਵੀ ਪੀਂਦੇ ਸਨ ਤੇ ਗੰਭੀਰ ਵਿਚਾਰ-ਵਟਾਂਦਰਾ ਵੀ ਕਰਦੇ ਸਨ। ਸਿੱਖਿਆ ਦਾ ਅਜਿਹਾ ਸਭਿਆਚਾਰ ਵਿਕਸਤ ਹੋਣਾ ਚਾਹੀਦਾ ਹੈ।`` ਇੱਥੇ ਵਰਨਣਯੋਗ ਹੈ ਕਿ ਜਦੋਂ ਪ੍ਰੋਂ ਬਾਂਬਾਹ ਯੂਨੀਵਰਸਿਟੀ ਨਾਲ ਜੁੜੇ ਸਨ, ਤਦ ਇਸ ਦਾ ਮੁੱਖ ਕੰਮ ਹੁਸਿ਼ਆਰਪੁਰ ਤੋਂ ਚੱਲਦਾ ਸੀ।

ਉਨ੍ਹਾਂ ਇਹ ਵੀ ਦੱਸਿਆ,‘‘ਪੰਜਾਬ ਯੂਨੀਵਰਸਿਟੀ ਨੇ ਸਦਾ ਅਜਿਹੀਆਂ ਉੱਘੀਆਂ ਸ਼ਖ਼ਸੀਅਤਾਂ ਦੀਆਂ ਸੇਵਾਵਾਂ ਹੀ ਲਈਆਂ, ਜਿਹੜੇ ਆਪੋ-ਆਪਣੇ ਖੇਤਰਾਂ `ਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰ ਚੁੱਕੇ ਸਨ। ਯੂਨੀਵਰਸਿਟੀ ਨੂੰ ਅਜਿੇ ਲੋਕ ਨਿਯੁਕਤ ਕਰਨ ਦੀ ਪੂਰੀ ਆਜ਼ਾਦੀ ਸੀ। ਹੁਣ ਕਿਸੇ ਪ੍ਰੋਫ਼ੈਸਰ ਦੀ ਮੁਹਾਰਤ ਬਾਰੇ ਫ਼ੈਸਲਾ ਕਿਸੇ ਖੋਜ-ਪੱਤ੍ਰਿਕਾ `ਚ ਛਪੇ ਉਸ ਦੇ ਲੇਖਾਂ ਦੀ ਗਿਣਤੀ ਅਤੇ ਅਜਿਹੀਆਂ ਹੋਰ ਗੱਲਾਂ ਤੋਂ ਲਾਇਆ ਜਾਂਦਾ ਹੈ। ਯੂਨੀਵਰਸਿਟੀਜ਼ ਵਿੱਚ ਇੰਨਾ ਹੌਸਲਾ ਹੋਣਾ ਚਾਹੀਦਾ ਹੈ ਕਿ ਉਹ ਸ਼ਾਨਦਾਰ ਅਕਾਦਮੀਸ਼ੀਅਨਾਂ ਦੀਆਂ ਸੇਵਾਵਾਂ ਲੈ ਸਕਣ ਅਤੇ ਵਿਦਿਆਰਥੀਆਂ ਵਿੱਚੋਂ ਹੀ ਸੰਭਾਵੀ ਆਗੂ ਪੈਦਾ ਕਰ ਸਕਣ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab University - Lahore to Chandigarh Sector 14 A Special Report