ਪੰਜਾਬ ਮਨਾ ਰਿਹਾ ਹੈ 'ਚਿੱਟੇ ਦੇ ਵਿਰੋਧ ਚ ਕਾਲਾ ਹਫ਼ਤਾ'
ਨਸਿ਼ਆਂ ਦੀ ਨਿੱਤ ਵਧਦੀ ਜਾ ਰਹੀ ਦੁਰਵਰਤੋਂ ਤੋਂ ਅੱਕੇ ਅਤੇ ਹੰਭੇ ਲੋਕਾਂ ਵੱਲੋਂ ਹੁਣ ਸਮੁੱਚੇ ਪੰਜਾਬ `ਚ ‘ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫ਼ਤਾ` ਮਨਾਇਆ ਜਾ ਰਿਹਾ ਹੈ। ਅੱਜ ਇਸ ਦਾ ਦੂਜਾ ਦਿਨ ਹੈ। ਵੱਖੋ-ਵੱਖਰੇ ਸ਼ਹਿਰਾਂ ਵਿੱਚ ਸਮੂਹਕ ਤੌਰ `ਤੇ ਮਨਾਏ ਜਾ ਰਹੇ ਇਸ ਹਫ਼ਤੇ ਨੂੰ ਸੂਬੇ ਦੇ ਵੱਖੋ-ਵੱਖਰੇ ਵਰਗਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਹ ਸਾਰੇ ਮਿਲ ਕੇ ਇਹੋ ਨਾਅਰਾ ਦੇ ਰਹੇ ਹਨ ਕਿ - ਮਰੋ ਜਾਂ ਵਿਰੋਧ ਕਰੋ।
ਲੁਧਿਆਣਾ `ਚ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੇ ਕੀਤੀ। ਉਨ੍ਹਾਂ ਨੇ ਸ਼ਹਿਰ ਦੇ ਐਨ ਵਿਚਕਾਰ ਭਾਰਤ ਨਗਰ ਚੌਕ `ਚ ਰੋਸ ਮੁਜ਼ਾਹਰਾ ਕੀਤਾ। ਅਜਿਹੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਪੰਜਾਬ ਦੇ ਸਾਰੇ ਹੀ ਸ਼ਹਿਰਾਂ ਵਿੱਚ ਹੋ ਰਹੇ ਹਨ। ਇਹ ਹਾਲੇ ਪੰਜ ਦਿਨ ਹੋਰ ਚੱਲਣੇ ਹਨ।
ਹੁਣ ਤੱਕ ਜਿ਼ਆਦਾਤਰ ਪੰਜਾਬ ਦੇ ਮਾਲਵਾ ਇਲਾਕੇ `ਚ ਸੰਗਰੂਰ, ਫ਼ਰੀਦਕੋਟ, ਫ਼ਾਜਿ਼ਲਕਾ, ਮਲੋਟ, ਸ੍ਰੀ ਮੁਕਤਸਰ ਸਾਹਿਬ, ਫ਼ਤਿਹਗੜ੍ਹ ਸਾਹਿਬ, ਫਿ਼ਰੋਜ਼ਪੁਰ ਤੋਂ ਨਸਿ਼ਆਂ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰੇ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।
ਇੱਥੇ ਵਰਨਣਯੋਗ ਹੈ ਕਿ ਬੀਤੇ ਜੂਨ ਮਹੀਨੇ ਦੌਰਾਨ ਨਸਿ਼ਆਂ ਦੀ ਓਵਰਡੋਜ਼ ਕਾਰਨ ਅਨੇਕ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਕੁਝ ਵਿਡੀਓਜ਼ ਵੀ ਸਾਹਮਣੇ ਆਏ ਸਨ। ਉਨ੍ਹਾਂ ਤੋਂ ਬਾਅਦ ਹੀ ਸਮੁੱਚੇ ਪੰਜਾਬ ਦੀ ਜਨਤਾ ਵਿੱਚ ਇਸ ਮੁੱਦੇ ਨੂੰ ਲੈ ਕੇ ਵਿਆਪਕ ਰੋਹ ਪੈਦਾ ਹੋ ਗਿਆ ਹੈ। ਬੀਤੇ ਦਿਨੀਂ ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਇਸ ਦੀਆਂ ਸਿ਼ਕਾਇਤਾਂ ਪੁੱਜੀਆਂ ਸਨ। ਪੰਜਾਬ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਪਾਲੀ ਭੁਪਿੰਦਰ ਸਿੰਘ ਇਸ ਲਹਿਰ ਦੇ ਬਾਨੀਆਂ ਵਿੱਚੋਂ ਇੱਕ ਹਨ।
ਇਸ ਸਬੰਧੀ ਫ਼ੇਸਬੁੱਕ, ਟਵਿਟਰ ਅਤੇ ਸੋਸ਼ਲ ਮੀਡੀਆ ਦੇ ਹੋਰ ਮੰਚਾਂ `ਤੇ ‘ਮਰੋ ਜਾਂ ਵਿਰੋਧ ਕਰੋ` ਸਿਰਲੇਖ ਅਧੀਨ ਖ਼ਾਸ ਪੰਨੇ ਵੀ ਚਲਾਏ ਜਾ ਰਹੇ ਹਨ।
Can you believe that a VC of 3 universities, advisor of reserve bank and Padma Bhushan award winner Sardara Singh Johl was standing at a road in Ludhiana holding banner of #MaroJaVirodhKaro @BaltejPannu @BBCHindi @ZeePunjab @abpsanjha @News18Punjab @ndtv @NewsNationTV pic.twitter.com/gA5mcvy6Gn
— ਮਰੋ ਜਾਂ ਵਿਰੋਧ ਕਰੋ-Maro ja virodh kro (@MaroJaVirodhKar) June 30, 2018