ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਮਿੰਨੀ ਕਹਾਣੀ ਦਾ ਸ਼ਾਹ–ਅਸਵਾਰ – ਡਾ. ਸ਼ਿਆਮ ਸੁੰਦਰ ਦੀਪਤੀ

ਪੰਜਾਬੀ ਮਿੰਨੀ ਕਹਾਣੀ ਦਾ ਸ਼ਾਹ–ਅਸਵਾਰ – ਡਾ. ਸ਼ਿਆਮ ਸੁੰਦਰ ਦੀਪਤੀ

ਮਿੰਨੀ ਕਹਾਣੀ ਦੇ ਵੱਡੇ ਸਿਰਜਕ – 1

 

ਡਾ. ਸ਼ਿਆਮ ਸੁੰਦਰ ਦੀਪਤੀ ਦਾ ਨਾਂ ਪੰਜਾਬੀ ਮਿੰਨੀ ਕਹਾਣੀ ਦੇ ਉਨਾਂ ਮੋਢੀ ਕਹਾਣੀਕਾਰਾਂ ਵਿਚ ਗਿਣਿਆ ਜਾਂਦਾ ਹੈ। ਜਿਨ੍ਹਾਂ ਨੇ ਇਸ ਨੂੰ ਪੱਕੇ ਪੈਰੀਂ ਕਰਨ ਲਈ ਇੱਕ ਮਿਸ਼ਨ ਵਾਂਗ ਕੰਮ ਕੀਤਾ ਹੈ। ਤ੍ਰੈਮਾਸਿਕ ‘ਮਿੰਨੀ’ ਦਾ 1988 ਤੋਂ ਨਿਰੰਤਰ ਪ੍ਰਕਾਸ਼ਨ ਆਪਣੇ ਆਪ ਵਿੱਚ ਇੱਕ ਮਿਸਾਲ ਹੈ।

 

 

ਡਾ. ਦੀਪਤੀ ਇੱਕ ਬਹੁਪੱਖੀ ਸਖਸ਼ੀਅਤ ਹਨ। ਮਿੰਨੀ ਕਹਾਣੀ ਦੇ ਨਾਲ-ਨਾਲ ਉਨ੍ਹਾਂ ਨੇ ਕਵਿਤਾ, ਨਿਬੰਧ, ਆਲੋਚਨਾ, ਸੰਪਾਦਨ, ਅਨੁਵਾਦ,  ਮੁਲਾਕਾਤ ਆਦਿ ਵੰਨਗੀਆਂ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੈ। 

 


ਡਾ. ਸ਼ਿਆਮ ਸੁੰਦਰ ਦੀਪਤੀ ਦਾ ਜਨਮ  30 ਅਪ੍ਰੈਲ 1954 ਨੂੰ  ਅਬੋਹਰ (ਫਾਜ਼ਿਲਕਾ) ਵਿਖੇ ਹੋਇਆ। ਇਨਾਂ ਨੇ ਐਮ.ਬੀ.ਬੀ.ਐਸ, ਐਮ.ਡੀ. ਕਮਿਊਨਟੀ ਮੈਡੀਸਨ, ਐਮ.ਏ. ਪੰਜਾਬੀ, ਸਮਾਜ ਵਿਗਿਆਨ, ਐਮ.ਐਸ.ਸੀ. ਅਪਲਾਈਡ ਸਾਈਕਾਲੋਜੀ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਸਰਕਾਰੀ ਮੈਡੀਕਲ ਕਾਲਜ, ਅੰਮਿ੍ਰਤਸਰ ਵਿਖੇ ਪ੍ਰੋਫੈਸਰ, ਕਮਿਊਨਟੀ ਮੈਡੀਸਨ ਵਜੋਂ ਕਾਰਜਸ਼ੀਲ ਹਨ।

 


ਹੁਣ ਤੱਕ ਇਨਾਂ ਦੇ ਪੰਜ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ‘ਬੇੜੀਆਂ’, ‘ਇੱਕੋ ਹੀ ਸਵਾਲ’, ‘ਗੈਰ ਹਾਜ਼ਿਰ ਰਿਸ਼ਤਾ’, ‘ਮੇਰੀਆਂ ਪ੍ਰਤੀਨਿਧ ਮਿੰਨੀ ਕਹਾਣੀਆਂ’ , ‘ਤਰਕ ਦੇ ਸੁਰ’ ਤੋਂ ਇਲਾਵਾ ਪੰਜ ਦਰਜਨ ਤੋਂ ਉੱਪਰ ਕਹਾਣੀ, ਕਵਿਤਾ, ਲਲਿਤ ਨਿਬੰਧ ਤੇ ਗਿਆਨ ਸਾਹਿਤ ਦੀਆਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੰਜਾਬੀ ਵਿਚ 31 ਤੇ ਹਿੰਦੀ ਵਿਚ 3 ਮਿੰਨੀ ਕਹਾਣੀ ਸੰਗਿ੍ਰਹਾਂ ਦੇ  ਸੰਪਾਦਨ ਕਾਰਜ ਤੋਂ ਇਲਾਵਾ ਕਈ ਕਿਤਾਬਾਂ ਦਾ ਅਨੁਵਾਦ ਕਾਰਜ ਵੀ ਬਾਖੂਬੀ ਕੀਤਾ ਹੈ। ਜਿਸ ਕਾਰਨ ਕਈ ਮਾਨ ਸਨਮਾਨ ਵੀ ਮਿਲ ਚੁੱਕੇ ਹਨ।

 


ਡਾ. ਦੀਪਤੀ ਸਾਹਿਤਕ ਖੇਤਰ ਵਿਚ ਜਿੰਨੀ ਸਰਗਰਮੀ ਨਾਲ ਕਾਰਜ ਕਰ ਰਹੇ ਹਨ, ਓਨੀ ਹੀ ਸਰਗਰਮੀ ਨਾਲ ਸਮਾਜਿਕ ਖੇਤਰ ਵਿਚ ਵੱਖ ਵੱਖ ਚਲੰਤ ਮਸਲਿਆਂ ਨੂੰ ਲੈ ਕੇ ਕਾਰਜ ਕਰਦੇ ਹੋਏ ਇੱਕ ਬੁੱਧੀਜੀਵੀ ਚਿੰਤਕ ਦੇ ਤੌਰ ਤੇ ਵਿਚਰਦੇ ਹੋਏ ਇੱਕ ਨਰੋਆ ਤੇ ਸਿਹਤਮੰਦ ਸਮਾਜ ਸਿਰਜਣ ਦੇ ਯਤਨਾਂ ਵਿਚ ਲੱਗੇ ਹੋਏ ਹਨ।

 


ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਲਈ ਡਾ. ਦੀਪਤੀ ਦਾ ਕਾਰਜ ਲਾਮਿਸਾਲ ਹੈ। ਸੰਪਾਦਨ, ਮੌਲਿਕ ਲੇਖਣ ਤੋਂ ਇਲਾਵਾ ਵੱਖ ਵੱਖ ਤਰਾਂ ਦੇ ਸਮਾਗਮ ਆਯੋਜਿਤ ਕਰਨਾ ਵੀ ਕੋਈ ਛੋਟਾ ਕਾਰਜ ਨਹੀਂ ਹੈ। ਉਨ੍ਹਾਂ ਦੀਆਂ ਮਿੰਨੀ ਕਹਾਣੀਆਂ ਦੀ ਜੇਕਰ ਗੱਲ ਕਰੀਏ ਤਾਂ ਉਹ ਸਮਾਜਿਕ ਯਥਾਰਥ ਦੀ ਬਾਤ ਪਾਉਂਦੀਆਂ ਹੋਈਆਂ ਜੀਵਨ ਦੇ ਛੋਟੇ ਤੋਂ ਛੋਟੇ ਵਰਤਾਰੇ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀਆਂ ਹਨ ਹੋਈਆਂ ਵਿਭਿੰਨ ਸਮਾਜਿਕ ਸਰੋਕਾਰਾਂ ਨਾਲ ਵਾਬਾਸਤਾ ਹੁੰਦੀਆਂ ਹਨ। ਡਾ. ਦੀਪਤੀ ਮਿੰਨੀ ਕਹਾਣੀਆਂ ਵਿਚ ਨਵੇਂ ਵਿਸ਼ੇ ਪੇਸ਼ ਕਰਨ ਅਤੇ ਮਨੁੱਖੀ ਮਨ ਦੀ ਮਾਨਸਿਕਤਾ ਦੇ ਹਾਵ_ਭਾਵਾਂ ਨੂੰ ਡੂੰਘਾਈ ਨਾਲ ਚਿਤਰਣ ਦੀ ਖਾਸ ਮੁਹਾਰਤ ਰੱਖਦੇ ਹਨ।

 

ਪੇਸ਼ ਹਨ ਇੰਨਾਂ ਦੀਆਂ ਕੁਝ ਮਿੰਨੀ ਕਹਾਣੀਆਂ:

 

ਪਹਿਲੀ ਵਾਰ

ਅੱਜ ਉਸ ਦੀ ਪਿੱਠ ਵਿਚ ਦਰਦ ਸੀ। ਵਿਆਹ ਦੀਆਂ ਰਸਮਾਂ ਉਸ ਨੇ ਦੋ ਗੋਲੀਆਂ ਖਾ ਕੇ ਪੂਰੀਆਂ ਕੀਤੀਆਂ ਸਨ। ਇਹ ਉਸ ਦੀ ਰੁਟੀਨ ਸੀ, ਮਾਹਵਾਰੀ ਦੀ ਸਮੱਸਿਆਂ, ਜਦੋਂ ਉਹ ਦੋ ਤਿੰਨ ਦਿਨਾਂ ਲਈ ਨਿਢਾਲ ਹੋ ਜਾਂਦੀ। ਇਕ ਦਿਨ ਤਾਂ ਬਿਸਤਰੇ ਤੋਂ ਹੀ ਨਾ ਉੱਠ ਸਕਦੀ। 
ਉਸ ਨੇ ਵਿਆਹ ਦੀ ਤਾਰੀਖ ਤੈਅ ਹੋਣ ਤੇ , ਅੰਦਾਜ਼ਾ ਲਾਇਆ ਸੀ ਕਿ ਇਹ ਦਿਨ ਠੀਕ ਨਹੀਂ ਹੈ। ਉਸ ਨੇ ਮਾਂ ਨੂੰ ਤਾਰੀਖ ਬਦਲਣ ਲਈ ਵੀ ਕਿਹਾ ਸੀ।

 


ਮਾਂ ਉਸ ਦੇ ਦਰਦ ਨੂੰ ਜਾਣਦੀ ਸੀ। ਪਰ ਰਿੰਪੀ ਦੇ ਪਿਤਾ ਨੂੰ ਸਮਝਾਉਣਾ ਮੁਸ਼ਕਿਲ ਸੀ। ਦੂਸਰੀ ਗੱਲ, ਤਾਰੀਖ ਤਾਂ ਪੰਡਤ ਜੀ ਨੇ ਕੱਢੀ ਸੀ।
ਵੈਸੇ ਤਾਂ ਦੋ ਤਾਰੀਖਾਂ ਦੱਸੀਆਂ ਸਨ। ਰਿੰਪੀ ਨੇ ਦੂਸਰੀ ਤਾਰੀਖ ਦੀ ਸਲਾਹ ਦਿੱਤੀ ਤਾਂ ਉਹ ਮੁੰਡੇ ਵਾਲਿਆਂ ਨੂੰ ਸੂਟ ਨਾ ਕੀਤੀ। ਹੁਣ ਮੁੰਡੇ ਵਾਲਿਆਂ ਨੂੰ ਕੀ ਦੱਸੀਏ?

 


ਰਿੰਪੀ ਦਾ ਡਰ ਵਧ ਰਿਹਾ ਸੀ ਤੇ ਦਰਦ ਵੀ। ਉਸ ਦਾ ਮਨ ਕਰ ਰਿਹਾ ਸੀ ਕਿ ਕੋਈ ਦਰਦ ਦੀ ਇੱਕ ਗੋਲੀ ਹੀ ਲਿਆ ਦੇਵੇ। ਪਰ ਇੱਥੇ ਇਸ ਤਰਾਂ ਕੌਣ ਕਰੇਗਾ? ਉਹ ਤਾਂ ਸਵੇਰ ਤੋਂ ਹੀ ਘਿਰੀ ਬੈਠੀ ਹੈ ਤੇ ਹੁਣ ਇੱਕਲੀ ਰਮੇਸ਼ ਦਾ ਇੰਤਜ਼ਾਰ ਕਰ ਰਹੀ ਸੀ।

 


ਰਮੇਸ਼ ਅੰਦਰ ਆ ਗਿਆ ਸੀ ਤੇ ਉਹ ਦਰਦ ਨਾਲ ਸੁੰਗੜੀ ਜਾ ਰਹੀ ਸੀ।ਰਮੇਸ਼ ਬੈੱਡ ਤੇ ਆ, ਉਸ ਦੇ ਨੇੜੇ ਹੋਣ ਲੱਗਿਆ।

 


ਰਿੰਪੀ ਨੇ ਹਿੰਮਤ ਇੱਕਠੀ ਕਰਦਿਆਂ ਕਿਹਾ, “ਅੱਜ ਮੇਰੇ ਨੇੜੇ ਨਾ ਆਉਣਾ, ਅੱਜ ਮੈਂ ਠੀਕ ਨਹੀਂ ਹਾਂ।”

 


“ਕੀ ਗੱਲ! ਇਸ ਦਿਨ ਦੇ ਲਈ ਤਾਂ ” ਰਮੇਸ਼ ਨੇ ਉਸ ਦੇ ਇੱਕਠੇ ਹੋਏ ਗੋਡਿਆਂ ਤੇ ਹੱਥ ਰੱਖਦੇ ਕਿਹਾ।

 


“ਨਹੀਂ, ਅੱਜ ਮੈਂ ਭਿੱਟੀ ਹੋਈ ਹਾਂ।” ਰਿੰਪੀ ਦਰਦ ਦੇ ਮਾਰੇ ਏਨਾ ਹੀ ਕਹਿ ਸਕੀ ।

 


ਰਮੇਸ਼ ਨੂੰ ਸ਼ਾਇਦ ਇਸ ਦਾ ਮਤਲਬ ਪਤਾ ਸੀ। ਰਮੇਸ਼ ਨੇ ਉਸ ਦੇ ਚਿਹਰੇ ਨੂੰ ਸਿੱਧਾ ਕਰਦੇ ਕਿਹਾ, “ਤੂੰ ਬਹੁਤ ਸੋਹਣੀ ਲੱਗ ਰਹੀ ਹੈ।”

 


ਫਿਰ ਉਸ ਦੇ ਚਿਹਰੇ ਵੱਲ ਦੇਖ ਕੇ ਕਹਿਣ ਲੱਗਿਆ, “ਦਰਅਸਲ ਰਿੰਪੀ ਮੈਂ ਵੀ ਇਹੀ ਸੋਚ ਕੇ ਆਇਆ ਸੀ। ਤੈਨੂੰ ਦੱਸਾਂ, ਦੋਸਤਾਂ ਨੇ ਦੋ ਪੈੱਗ ਲਵਾ ‘ਤੇ। ਮੈਂ ਮਨਾਂ ਵੀ ਕੀਤਾ ਕਿ ਅੱਜ ਨੀਂ। ਪਤਾ ਹੈ ਅੱਗੋਂ ਕਿ ਕਹਿੰਦੇ.. ਹੱਸਣ ਲੱਗੇ ਤੇ ਮਜ਼ਾਕ ਕਰਦੇ, ‘ਅੱਜ ਹੀ ਤਾਂ ਲੋੜ।” 

 


ਰਿੰਪੀ ਨੂੰ ਥੋੜਾ ਅਰਾਮ ਮਹਿਸੂਸ ਹੋਇਆ ਤੇ ਰਮੇਸ਼ ਜੁੱਤੇ-ਕੱਪੜੇ ਲਾਹੁੰਦਾ-ਲਾਹੁੰਦਾ ਰੁਕ ਗਿਆ ਤੇ ਕਹਿਣ ਲੱਗਿਆ, “ਚੱਲ ਬਾਹਰ ਛੱਤ ਤੇ ਚਲਦੇ ਹਾਂ। ਉੱਥੇ ਚੰਨ-ਤਾਰਿਆਂ ਦੀ ਛਾਵੇਂ ਗੱਲਾਂ ਕਰਾਂਗੇ।”

 


ਬਾਹਰ ਅਸਮਾਨ ਵਿਚ ਚੰਨ ਪੂਰੇ ਸ਼ਾਬਾਸ ਵਿਚ ਸੀ।

 


ਰਮੇਸ਼ ਬੋਲਿਆ, “ਮੈਂ ਬਹੁਤ ਦਿਨਾਂ ਬਾਅਦ ਪੂਰਾ ਚੰਨ ਵੇਖਿਆ ਹੈ।”

 


ਰਿੰਪੀ ਨੇ ਰਮੇਸ਼ ਵੱਲ ਦੇਖਦਿਆਂ ਕਿਹਾ, “ਪਰ ਮੈਂ ਤਾਂ ਪਹਿਲੀ ਵਾਰ ਦੇਖਿਆ ਹੈ।”

===============

 

ਬਜ਼ੁਰਗ ਰਿਕਸ਼ੇ ਵਾਲਾ


    ਵੈਸੇ ਉਸ ਨੇ ਸਰਵਿਸ ਛੱਡ ਕੇ ਪੂਰਾ ਸਮਾਂ ਪੜਣ-ਲਿਖਣ ਵਿਚ ਲਾਉਣ ਬਾਰੇ ਸੋਚ ਲਿਆ ਸੀ, ਪਰ ਕਾਲਜ ਦੇ ਪਿ੍ਰੰਸੀਪਲ ਨੇ ਗੁਜਾਰਿਸ਼ ਕੀਤੀ ਕਿ ਹਫਤੇ ਵਿਚ ਦੋ ਘੰਟੇ ਆ ਕੇ ਪੜਾ ਜਾਇਆ ਕਰੇ ਤਾਂ ਉਹ ਇਸ ਲਈ ਮੰਨ ਗਿਆ ਸੀ।

 


    ਉਹ ਕਲਾਸ ਲੈਣ ਜਾਣ ਲਈ ਤਿਆਰ ਹੋ ਰਿਹਾ ਸੀ। ਕੱਲ ਦੀ ਸਵੇਰ ਉਸਦੇ ਚੇਤੇ ਵਿਚ ਅਜੇ ਵੀ ਹੂਬਹੂ ਸੀ। ਜਦੋਂ ਉਹ ਬਸ ਸਟੈਂਡ ਤੋਂ ਰਿਕਸ਼ੇ ਲਈ ਅਹੁੜਿਆ ਤਾਂ ਦੋ ਹੀ ਰਿਕਸ਼ੇ ਵਾਲੇ ਸੀ। ਉਹ ਪੈਸੇ ਤੈਅ ਕਰਕੇ ਇੱਕ ਰਿਕਸ਼ੇ ਵਿਚ ਬੈਠ ਗਿਆ।

 


    ਘੜੀ ਵੇਖਣ ਲੱਗਿਆ। ਅੱਠ ਵੱਜਣ ਵਿਚ ਵੀਹ ਮਿੰਟ ਸੀ। ਉਸਨੇ ਹਿਸਾਬ ਲਾਇਆ, ਦਸ-ਬਾਰਾਂ ਮਿੰਟਾਂ ਵਿਚ ਪਹੁੰਚ ਜਾਵੇਗਾ ਤੇ ਸਮੇਂ ਸਿਰ ਕਲਾਸ ਲੈ ਲਵੇਗਾ।

 


    ਪਰ ਰਿਕਸ਼ਾ ਤੁਰਦਿਆਂ ਹੀ ਉਸਨੂੰ ਲੱਗਿਆ ਰਿਕਸ਼ੇ ਦੀ ਤੋਰ ਢਿੱਲੀ ਹੈ। ਬੁਜ਼ਰਗ ਸੀ। ਚਿੱਟੀ ਦਾੜੀ। ਚਿਹਰੇ ਤੇ ਪੱਕੇ ਵਰਿਆਂ ਦੀ ਝਲਕ ਸੀ। ਉਮਰ ਦਾ ਪੈਂਡਾ ਮੁਕਾ ਚੁੱਕੀ ਉਸ ਬੁਜ਼ਰਗ ਦੀ ਹਾਲਤ ਤਾਂ ਸੀ ਕਿ ਉਹ ਅਰਾਮ ਕਰੇ, ਪਰ ਉਹ ਤਾਂ ਲੋਕਾਂ ਨੂੰ ਰਿਕਸ਼ੇ ‘ਤੇ ਬੈਠਾ ਕੇ ਹੋਰ ਪੈਂਡੇ ਤੈਅ ਕਰ ਰਿਹਾ ਸੀ। ਬੁਜ਼ਰਗ ਕਦੇ ਗੱਦੀ ਤੇ ਬੈਠ ਕੇ ਚਲਾਉਂਦਾ, ਕਦੇ ਰਫਤਾਰ ਦੇਣ ਲਈ ਖੜਾ ਹੋ ਜਾਂਦਾ, ਫਿਰ ਬੈਠ ਜਾਂਦਾ। ਜਿਵੇਂ ਥੱਕ ਗਿਆ ਹੋਵੇ। ਉਮਰ ਤਾਂ ਸੀ ਥਕਾਵਟ ਲਾਹੁਣ ਦੀ।

 


    ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸਨੇ ਗਲਤੀ ਕੀਤੀ ਹੈ ਬੁਜ਼ਰਗ ਰਿਕਸ਼ੇ ਵਾਲੇ ਕੋਲ ਸਵਾਰ ਹੋ ਕੇ। ਪਰ ਉਸ ਵੇਲੇ ਖੜੇ ਦੋਹੇਂ ਰਿਕਸ਼ੇ ਵਾਲੇ ਉਸ ਨੂੰ ਇੱਕੋ ਜਿਹੀ ਉਮਰ ਦੇ ਹੀ ਜਾਪੇ ਸੀ।

 


    ਉਸ ਨੇ ਘੜੀ ਦੇਖੀ, ਪੰਜ ਮਿੰਟ ਰਹਿ ਗਏ ਸਨ ਤੇ ਪੈਂਡਾ ਅੱਧਾ ਵੀ ਨਹੀਂ ਸੀ ਮੁੱਕਿਆ। ਉਹ ਹੁਣ ਕਰ ਵੀ ਕੀ ਸਕਦਾ ਸੀ। ਬੁਜ਼ਰਗ ਨੂੰ ਕਹੇ ਵੀ ਤਾਂ ਕੀ? ਉਸਨੇ ਸੋਚਿਆ, ਜੇ ਬੁਜ਼ਰਗ ਨੂੰ ਰਾਹ ਵਿਚ ਛੱਡ ਦਿੱਤਾ ਤਾਂ ਇਹ ਸਗੋਂ ਉਸ ਨਾਲ ਹੋਰ ਜ਼ਿਆਦਤੀ ਹੋਵੇਗੀ। ਪਤਾ ਨਹੀਂ ਕਿਸ ਮਜਬੂਰੀ ਹੇਠ ਰਿਕਸ਼ਾ ਚਲਾਉਂਦਾ ਹੋਵੇਗਾ?

 


    ਪਸੀਨੋ-ਪਸੀਨੀ ਹੋਏ ਬੁਜ਼ਰਗ ਨੇ ਜਦੋਂ ਦਸਾਂ ਦਾ ਨੋਟ ਫੜਿਆ ਤਾਂ ਕਿੰਨੀ ਹੀ ਵਾਰੀ ਰਿਕਸ਼ੇ ਦੇ ਹੈਂਡਲ ਨਾਲ ਲਾਇਆ ਤੇ ਕਿੰਨੀ ਹੀ ਵਾਰੀ ਆਪਣੇ ਮੱਥੇ ਨਾਲ।

 


    ਉਸਨੇ ਤਿਆਰ ਹੋ ਕੇ ਬ੍ਰੀਫਕੇਸ ਚੁੱਕਿਆ ਤਾਂ ਪਤਨੀ ਕਹਿੰਦੀ , ‘ਅੱਜ ਕੀ ਗੱਲ ਬੜੇ ਸਵਖਤੇ ਤੁਰ ਪਏ ਹੋ?’

 


    ‘ਸਵਖਤਾ ਕਿੱਥੋਂ ? ਪੰਦਰਾਂ-ਵੀਹ ਮਿੰਟ ਹੀ ਪਹਿਲਾਂ ਤੁਰਿਆਂ। ਕਲ, ਬੁਜ਼ਰਗ ਟੱਕਰ ਪਿਆ ਰਿਕਸ਼ੇ ਵਾਲਾ, ਦਸ ਮਿੰਟ ਲੇਟ ਕਰਾਤਾ।’ 
    ‘ਇਹ ਤਾਂ ਤੁਹਾਨੂੰ ਸੋਚਨਾ ਚਾਹੀਦਾ ਸੀ ਕਿ ਬੁਜ਼ਰਗ ਦੇ ਰਿਕਸ਼ੇ ‘ਤੇ ਨਾ ਬੈਠਦੇ।’

 


    ‘ਪਰ ਜੇ ਚਾਰਾ ਹੀ ਨਾ ਹੋਵੇ ਤਾਂ’

 


    ਬਸ ਸਟੈਂਡ ‘ਤੇ ਉਤਰਿਆ ਤਾਂ ਰਿਕਸ਼ੇ ਵਾਲੇ ਮੂਹਰੇ ਹੋ ਹੋ ਰਿਕਸ਼ੇ ਤੇ ਬਿਠਾਉਣ ਲਈ ਅੱਗੇ ਹੋਏ। ਕੱਲ ਵਾਲਾ ਬੁਜ਼ਰਗ ਵੀ ਉਹਨਾਂ ਵਿਚ ਸੀ, ਪਰ ਮਗਰ ਖੜਾ ਸੀ।

 


    ਕਲ ਨਾਲੋਂ ਰਿਕਸ਼ੇ ਅੱਜ ਵੱਧ ਸੀ। ਬਰੀਫ਼ ਕੇਸ ਥੱਲੇ ਰੱਖ ਕੇ, ਉਸ ਨੇ ਮਾੜੀ ਜਿਹੀ ਪੱਗ ਠੀਕ ਕੀਤੀ। ਘੜੀ ਦੇਖੀ। ਸਾਢੇ ਸੱਤ ਵਜੇ ਸੀ।
    ਪੱਗ ਠੀਕ ਕਰਕੇ ਉਸਨੇ ਬੁਜ਼ਰਗ ਰਿਕਸ਼ੇ ਵਾਲੇ ਨੂੰ ਚੱਲਣ ਦਾ ਇਸ਼ਾਰਾ ਕੀਤਾ।

===============

 

ਰਿਸ਼ਤਾ


‘ਮੋਗੇ ਤੋਂ ਰਾਹ ਦੀ ਸਵਾਰੀ ਕੋਈ ਨਾ ਹੋਵੇ, ਇਕ ਵਾਰ ਫੇਰ ਦੇਖ ਲਓ’, ਕਹਿ ਕੇ ਰਾਮ ਸਿੰਘ ਨੇ ਸੀਟੀ ਵਜਾਈ ਅਤੇ ਬਸ ਆਪਣੇ ਰਾਹ ਪੈ ਗਈ।

 


ਬਸ ਵਿਚ ਬੈਠੇ ਨਿਹਾਲ ਸਿੰਘ ਨੇ ਆਪਣਾ ਪਿੰਡ ਨੇੜੇ ਆਉਂਦਾ ਦੇਖ ਸੀਟ ਛੱਡੀ ਤੇ ਡਰਾਇਵਰ ਕੋਲ ਆ ਕੇ ਹੌਲੀ ਜਿਹਾ ਕਿਹਾ, ‘ਡਲੈਵਰ ਸਾਬ, ਜਰਾ ਨਹਿਰ ਦੇ ਪੁੱਲ ‘ਤੇ ਬਰੇਕ ‘ਤੇ ਪੈਰ ਮਾਰਿਓ।’

 


‘ਕੀ ਗੱਲ? ਕਡੰਕਟਰ ਦੀ ‘ਵਾਜ ਨੀਂ ਸੀ ਸੁਣੀ।’ ਡਰਾਇਵਰ ਬੋਲਿਆ।

 


‘ਬਾਈ ਜ਼ਰਾ ਜਲਦੀ ਸੀ। ਬਾਈ ਬਣ ਕੇ, ਵੇਖ ਤੂੰ ਵੀ ਜੱਟ ਤੇ ਮੈਂ ਵੀ ਜੱਟ। ਰੋਕੀਂ ਜ਼ਰਾ।’ ਨਿਹਾਲ ਸਿੰਘ ਨੇ ਗੁਜ਼ਾਰਿਸ਼ ਕੀਤੀ।

 


ਡਰਾਇਵਰ ਨੇ ਨਿਹਾਲ ਸਿੰਘ ਵੱਲ ਦੇਖਿਆ ਤੇ ਫਿਰ ਉਸ ਨੇ ਵੀ ਉਸੇ ਸੁਰ ਵਿਚ ਕਿਹਾ, ‘ਮੈਂ ਤਾਂ ਕੋਈ ਨੀਂ ਜੱਟ-ਜੁੱਟ, ਮੈਂ ਤਾਂ..।’

 


ਨਿਹਾਲੇ ਨੇ ਇਕਦਮ ਗਲ ਬਦਲੀ ਤੇ ਕਿਹਾ, ‘ਤਾਂ ਕੀ ਹੋਇਆ? ਸਿੱਖ ਭਰਾ ਹਾਂ ਆਪਾਂ। ਵੀਰ ਬਣ ਕੇ ਰੋਕ ਦੇ।’

 


ਡਰਾਇਵਰ ਇਸ ਵਾਰ ਮਿੰਨਾਂ ਜਿਹਾ ਮੁਸਕਰਾਇਆ ਤੇ ਸਿਰ ਖੁਰਕਦਾ ਕਹਿਣ ਲੱਗਿਆ, ‘ਮੈਂ ਸਿੱਖ ਵੀ ਨਹੀਂ, ਜੇ ਸੱਚ ਪੁੱਛੇ ਤਾਂ।’

 


‘ਬਾਈ ਇਨਾਂ ਗੱਲਾਂ ਵਿਚ ਕੁਝ ਪਿਐ। ਬੰਦਾ ਹੀ ਬੰਦੇ ਦੀ ਦਾਰੂ ਹੁੰਦੈ। ਇਸ ਤੋਂ ਵੱਧ ਕੁੱਝ ਨੀਂ।’

 


ਜਦ ਨਿਹਾਲੇ ਨੇ ਏਨਾ ਕਿਹਾ ਤਾਂ ਡਰਾਇਵਰ ਨੇ ਇਕ ਵਾਰੀ ਪੂਰੇ ਗੌਰ ਨਾਲ ਉਸ ਨੂੰ ਦੇਖਿਆ ਤੇ ਬਰੇਕ ਲਗਾ ਦਿੱਤੀ।

 


‘ਕੀ ਗੱਲ? ਮੈਂ ਪਹਿਲੋਂ ਨਹੀਂ ਕਿਹਾ, ਕਾਸ ਤੋਂ ਰੋਕ ‘ਤੀ।’ ਕੰਡਕਟਰ ਪਿੱਛੋਂ ਕੜਾਕ ਦੇਣੇ ਬੋਲਿਆ।

 


‘ਕੋਈ ਨਾ, ਕੋਈ ਨਾ, ਇੱਕ ਨਵਾਂ ਰਿਸ਼ਤਾ ਨਿਕਲ ਆਇਆ ਸੀ’, ਡਰਾਇਵਰ ਨੇ ਕਿਹਾ ਤੇ ਨਿਹਾਲ ਸਿੰਘ ਤਦ ਤਕ ਥੱਲੇ ਉੱਤਰ ਚੁੱਕਾ ਸੀ।

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Mini Kahan s Senior Expert Dr Shyam Sunder Deepti