ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ `ਚ ਅੱਜ ਭਾਰੀ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ। ਕੱਲ੍ਹ ਮੰਗਲਵਾਰ ਨੂੰ ਰੋਸ ਮੁਜ਼ਾਹਰਾਕਾਰੀ ਵਿਦਿਆਰਥੀਆਂ `ਤੇ ਹਿੰਸਕ ਹਮਲਾ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਹਮਲੇ ਦੀ ਘਟਨਾ ਵਾਪਰਨ ਤੋਂ ਯੂਨੀਵਰਸਿਟੀ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਯੂਨੀਵਰਸਿਟੀ ਵੀਰਵਾਰ ਤੇ ਸ਼ੁੱਕਰਵਾਰ ਬੰਦ ਰਹੇਗੀ ਤੇ ਦੋਬਾਰਾ 15 ਅਕਤੂਬਰ ਨੂੰ ਖੁੱਲ੍ਹੇਗੀ। ਇਸ ਦੌਰਾਨ ਕਥਿਤ ਹਮਲਾਵਰ ਸੱਤ ਵਿਦਿਆਰਥੀਆਂ ਖਿ਼ਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਅਮਰਜੀਤ ਸਿੰਘ ਤੇ ਸੁਰਵੀਰ ਕੌਰ ਦੇ ਬਿਆਨ ਦੇ ਆਧਾਰ `ਤੇ ਸੈਕੂਲਰ ਯੂਥ ਫ਼ੈਡਰੇਸ਼ਨ ਆਫ਼ ਇੰਡੀਆ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸਟੂਡੈਂਟਸ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਲਵਪ੍ਰੀਤ ਸਿੰਘ, ਆਰਗੇਨਾਇਜ਼ੇਸ਼ਨ ਆਫ਼ ਪੰਜਾਬੀ ਯੂਨੀਵਰਸਿਟੀ ਸਟੂਡੈਂਟਸ ਦੇ ਜਤਿੰਦਰ ਜੀਤੂ, ਜਤਿਨ ਵਰਮਾ, ਵਿੱਕੀ ਰਾਜਪੂਤ ਤੇ ਤੇਜਪ੍ਰੀਤ ਸਿੰਘ ਸੋਹੀ ਤੇ ਇੱਕ ਅਣਪਛਾਤੇ ਵਿਦਿਆਰਥੀ ਖਿ਼ਲਾਫ਼ ਦਰਜ ਕੀਤਾ ਗਿਆ ਹੈ। ਪਿਛਲੇ 20 ਦਿਨਾਂ ਦੌਰਾਨ ਯੂਨੀਵਰਸਿਟੀ ਨੂੰ ਦੂਜੀ ਵਾਰ ਬੰਦ ਕਰਨਾ ਪਿਆ ਹੈ।
ਮੰਗਲਵਾਰ ਰਾਤੀਂ ਹੋਏ ਇਸ ਹਮਲੇ `ਚ 10 ਵਿਦਿਆਰਥੀ ਜ਼ਖ਼ਮੀ ਹੋ ਗਏ ਸਨ। ਯੂਨੀਵਰਸਿਟੀ ਰਜਿਸਟਰਾਰ ਪ੍ਰੋ. ਮਨਜੀਤ ਸਿੰਘ ਨਿੱਝਰ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ `ਚ ਚਰੱਖਦਿਆਂ ਯੂਨੀਵਰਸਿਟੀ ਬੰਦ ਕੀਤੀ ਗਈ ਹੈ। ਜਿ਼ਲ੍ਹਾ ਪ੍ਰਸ਼ਾਸਨ ਨੂੰ ਵੀ ਲਿਖਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਪੁਲਿਸ ਨੂੰ ਕਰਨ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਛੇਤੀ ਹੀ ਆਪਣਾ ਰੋਸ ਮੁਜ਼ਾਹਰਾ ਖ਼ਤਮ ਕਰਨ ਲਈ ਸਮਝਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਯੂਨੀਵਰਸਿਟੀ ਕਿਉਂਕਿ ਇੱਕ ਖ਼ੁਦਮੁਖ਼ਤਿਆਰ ਅਦਾਰਾ ਹੁੰਦਾ ਹੈ, ਇਸ ਲਈ ਪ੍ਰਸ਼ਾਸਨ ਸਿਰਫ਼ ਤਦ ਹੀ ਕੋਈ ਕਾਰਵਾਈ ਕਰੇਗਾ, ਜੇ ਅਧਿਕਾਰੀ ਕੋਈ ਲਿਖਤੀ ਸਿ਼ਕਾਇਤ ਦਰਜ ਕਰਵਾਉਣਗੇ।
ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਤੇ ਪੁਲਿਸ ਦੀ ਨਜ਼ਰ ਸਮਾਜ-ਵਿਰੋਧੀ ਅਨਸਰਾਂ `ਤੇ ਹੈ।