ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਧਦਾ ਹੀ ਜਾ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਦਾ ਵਿੱਤੀ ਸੰਕਟ

ਵਧਦਾ ਹੀ ਜਾ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਦਾ ਵਿੱਤੀ ਸੰਕਟ

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ `ਚ ਵਿੱਤੀ ਸੰਕਟ ਵਧਦਾ ਹੀ ਜਾ ਰਿਹਾ ਹੈ ਕਿਉਂਕਿ ਹੁਣ ਉਸ ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਤੇ ਪੈਨਸ਼ਨਾਂ ਦੇਣਦਾ ਵੀ ਔਖਾ ਹੋ ਗਿਆ ਹੈ। ਇਹ ਅਜਿਹੇ ਖ਼ਰਚੇ ਹਨ, ਜਿਨ੍ਹਾਂ ਤੋਂ ਬਚਿਆ ਹੀ ਨਹੀਂ ਜਾ ਸਕਦਾ। ਹੁਣ ਹਰ ਮਹੀਨੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਤੇ ਪੈਨਸ਼ਨਾਂ ਦੇਰੀ ਨਾਲ ਮਿਲਣ ਲੱਗ ਪਈਆਂ ਹਨ।


ਸ਼ੁੱਕਰਵਾਰ ਨੂੰ ਅਜਿਹੇ ਹਾਲਾਤ ਤੋਂ ਤੰਗ ਆਏ ਅਧਿਆਪਕਾਂ ਤੇ ਗ਼ੈਰ-ਅਧਿਆਪਕ ਮੁਲਾਜ਼ਮਾਂ ਨੇ ਆਪੋ-ਆਪਣੇ ਕੰਮ ਛੱਡ ਕੇ ਵਾਈਸ ਚਾਂਸਲਰ ਦਫ਼ਤਰ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਇਸ ਪ੍ਰਦਰਸ਼ਨ ਤੋਂ ਬਾਅਦ ਕਿਤੇ ਜਾ ਕੇ ਯੂਨੀਵਰਸਿਟੀ ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਕੀਤੀਆਂ ਪਰ ਪੈਨਸ਼ਨਰਾਂ ਨੂੰ ਹਾਲੇ ਵੀ ਉਡੀਕ ਕਰਨੀ ਪੈ ਰਹੀ ਹੈ।


ਡੈਮੋਕ੍ਰੈਟਿਕ ਟੀਚਰਜ਼ ਕੌਂਸਲ ਦੇ ਕਨਵੀਨਰ ਬਲਵਿੰਦਰ ਸਿੰਘ ਟਿਵਾਣਾ, ਜਿਨ੍ਹਾਂ ਨੇ ਰੋਸ ਮੁਜ਼ਾਹਰੇ ਦਾ ਸੱਦਾ ਦਿੱਤਾ ਸੀ, ਨੇ ਦੱਸਿਆ ਕਿ ਹੁਣ ਮੁਲਾਜ਼ਮਾਂ ਨੂੰ ਤਨਖ਼ਾਹਾਂ ਹਰ ਮਹੀਨੇ ਹੀ ਦੇਰੀ ਨਾਲ ਮਿਲਣ ਲੱਗ ਪਈਆਂ ਹਨ; ਜਿਸ ਕਾਰਨ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀਆਂ ਸਮਾਜਕ ਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਉਨ੍ਹਾਂ ਦੱਸਿਆ ਕਿ ਪਿਛਲੇ 25 ਵਰ੍ਹਿਆਂ ਦੌਰਾਨ ਨਵ-ਉਦਾਰਵਾਦੀ ਨੀਤੀਆਂ ਕਾਰਨ ਯੂਨੀਵਰਸਿਟੀ ਨੂੰ ਮਿਲਣ ਵਾਲੀਆਂ ਸਰਕਾਰੀ ਗ੍ਰਾਂਟਾਂ ਬਹੁਤ ਜਿ਼ਆਦਾ ਘਟ ਗਈਆਂ ਹਨ। ਸਾਲ 1991-92 `ਚ ਮੁਲਾਜ਼ਮਾਂ ਦੀਆਂ 100% ਤਨਖ਼ਾਹਾਂ ਸਰਕਾਰ ਦਿੰਦੀ ਸੀ ਪਰ 2016-17 ਦੌਰਾਨ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇਨ੍ਹਾਂ ਤਨਖ਼ਾਹਾਂ ਦਾ ਹਿੱਸਾ ਸਿਰਫ਼ 24% ਰਹਿ ਗਿਆ ਸੀ।


ਸ੍ਰੀ ਟਿਵਾਣਾ ਨੇ ਦੱਸਿਆ ਕਿ ਹੁਣ ਸਰਕਾਰੀ ਗ੍ਰਾਂਟਾਂ ਬਹੁਤ ਹੀ ਜਿ਼ਆਦਾ ਘਟਣ ਕਾਰਨ ਯੂਨੀਵਰਸਿਟੀ ਨੂੰ ਆਪਣੇ ਖ਼ਰਚਿਆਂ ਲਈ ਜਿ਼ਆਦਾਤਰ ਵਿਦਿਆਰਥੀਆਂ ਤੋਂ ਵਸੂਲੀਆਂ ਜਾਣ ਵਾਲੀਆਂ ਫ਼ੀਸਾਂ ਤੇ ਹੋਰ ਫ਼ੰਡਾਂ `ਤੇ ਹੀ ਨਿਰਭਰ ਰਹਿਣਾ ਪੈਂਦਾ ਹੈ।


ਉਨ੍ਹਾਂ ਦੱਸਿਆ ਕਿ ਹੁਣ ਅਧਿਆਪਕਾਂ ਨੇ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾਉਣ ਬਾਰੇ ਸੋਚਿਆ ਹੈ ਪਰ ਇਸ ਮਾਮਲੇ `ਚ ਵਾਈਸ ਚਾਂਸਲਰ ਪ੍ਰੋ. ਬੀ.ਐੱਸ. ਘੁੰਮਣ ਨੂੰ ਵਧੇਰੇ ਸਰਗਰਮੀ ਵਿਖਾਉਣੀ ਹੋਵੇਗੀ।


ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਕਨਵੀਨਰ ਜਸਵਿੰਦਰ ਸਿੰਘ ਬਰਾੜ ਨੇ ਵੀ ਇਹੋ ਗੱਲ ਦੁਹਰਾਈ ਕਿ ਯੂਨੀਵਰਸਿਟੀ ਦੀ ਆਰਥਿਕ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ। ‘ਹਾਲਾਤ ਇਹ ਹਨ ਕਿ ਵਾਈਸ ਚਾਂਸਲਰ ਹੁਣ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਮਿਲਣ ਤੋਂ ਵੀ ਟਾਲ਼ਾ ਵੱਟਦੇ ਰਹਿੰਦੇ ਹਨ। ਦਰਅਸਲ, ਯੂਨੀਵਰਸਿਟੀ ਦੇ ਮਾੜੇ ਅਰਥਚਾਰੇ ਕਾਰਨ ਉਹ ਕੋਈ ਫ਼ੈਸਲਾ ਲੈਣ ਦੀ ਹਾਲਤ `ਚ ਹੀ ਨਹੀਂ ਹਨ।`


ਲਿਬਰਲਜ਼ ਟੀਚਰਜ਼` ਫ਼ਰੰਟ ਦੇ ਕਨਵੀਨਰ ਗੁਰਨਾਮ ਸਿੰਘ ਵਿਰਕ ਹੁਰਾਂ ਦਾ ਵੀ ਇਹੋ ਕਹਿਣਾ ਸੀ। ਉਨ੍ਹਾਂ ਕਿਹਾ ਕਿ ਉਹ ਹਾਲੇ ਤੱਕ ਇਹ ਨਹੀਂ ਸਮਝ ਸਕੇ ਹਨ ਕਿ ਆਖ਼ਰ ਵਾਈਸ ਚਾਂਸਲਰ ਕਿਸ ਦ੍ਰਿਸ਼ਟੀਕੋਣ ਨਾਲ ਯੂਨੀਵਰਸਿਟੀ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਵਾਈਸ ਚਾਂਸਲਰ ਤੇ ਉਨ੍ਹਾਂ ਦੀ ਟੀਮ ਦੇ ਸੀਨੀਅਰ ਅਧਿਕਾਰੀਆਂ ਦਾ ਕੋਈ ਦ੍ਰਿਸ਼ਟੀਕੋਣ ਹੀ ਨਹੀਂ ਹੈ।


ਵਾਈਸ ਚਾਂਸਲਰ ਨਾਲ ਸੰਪਰਕ ਕਰਨ ਦਾ ਜਤਨ ਕਈ ਵਾਰ ਕੀਤਾ ਗਿਆ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।


ਇਸ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਮਨਜੀਤ ਸਿੰਘ ਨਿੱਝਰ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਤਨਖ਼ਾਹਾਂ ਸ਼ੁੱਕਰਵਾਰ 14 ਸਤੰਬਰ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਪੈਨਸ਼ਨਾਂ ਵੀ ਛੇਤੀ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ।


ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਆਪਣੇ ਫ਼ੰਡਾਂ ਵਿਵਸਥਾ ਕਰਨ ਵਿੱਚ ਕੁਝ ਸਮਾਂ ਲੱਗਦਾ ਹੈ ‘ਪਰ ਛੇਤੀ ਹੀ ਸਭ ਕੁਝ ਠੀਕ ਹੋ ਜਾਵੇਗਾ ਤੇ ਸਾਰੇ ਭੁਗਤਾਨ ਸਮੇਂ-ਸਿਰ ਹੋਣ ਲੱਗ ਪੈਣਗੇ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi University in grave financial crisis