ਅਗਲੀ ਕਹਾਣੀ

ਪੰਜਾਬੀ ਯੂਨੀਵਰਸਿਟੀ `ਚ ਵਿਦਿਆਰਥੀਆਂ ਨੇ VC ਨੂੰ ਕਈ ਘੰਟੇ ਬੰਧਕ ਬਣਾ ਕੇ ਰੱਖਿਆ

ਪੰਜਾਬੀ ਯੂਨੀਵਰਸਿਟੀ `ਚ ਵਿਦਿਆਰਥੀਆਂ ਨੇ VC ਨੂੰ ਕਈ ਘੰਟੇ ਬੰਧਕ ਬਣਾ ਕੇ ਰੱਖਿਆ

ਐਤਵਾਰ ਦੇਰ ਰਾਤੀਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ `ਚ ਉਸ ਵੇਲੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ, ਜਦੋਂ ਪਿਛਲੇ ਕਈ ਦਿਨਾਂ ਤੋਂ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀ ਜ਼ਬਰਦਸਤੀ `ਵਰਸਿਟੀ ਦੇ ਗੈਸਟ ਹਾਊਸ `ਚ ਦਾਖ਼ਲ ਹੋ ਗਏ ਤੇ ਉਨ੍ਹਾਂ ਕਥਿਤ ਤੌਰ `ਤੇ ਵਾਈਸ ਚਾਂਸਲਰ (VC) ਪ੍ਰੋ. ਬੀਐੱਸ ਘੁੰਮਣ ਤੇ ਕੁਝ ਹੋਰ ਸੀਨੀਅਰ ਅਧਿਕਾਰੀਆਂ ਨੂੰ ਲਗਭਗ ਤਿੰਨ ਤੋਂ ਪੰਜ ਘੰਟਿਆਂ ਤੱਕ ਬੰਧਕ ਬਣਾ ਕੇ ਰੱਖਿਆ। ਇਹ ਡਰਾਮਾ ਸੋਮਵਾਰ ਵੱਡੇ ਤੜਕੇ 3:00 ਵਜੇ ਤੱਕ ਚੱਲਦਾ ਰਿਹਾ।


ਵਿਦਿਆਰਥੀ ਪਿਛਲੇ ਤਿੰਨ ਹਫ਼ਤਿਆਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਲੜਕੀਆਂ ਨੂੰ ਹੋਸਟਲਾਂ `ਚ 24 ਘੰਟੇ ਆਉਣ-ਜਾਣ ਦੀ ਖੁੱਲ੍ਹ ਦਿੱਤੀ ਜਾਵੇ ਪਰ ਯੂਨੀਵਰਸਿਟੀ ਦੇ ਅਧਿਕਾਰੀ ਇਹ ਮੰਗ ਮੁੱਢੋਂ ਰੱਦ ਕਰਦੇ ਆ ਰਹੇ ਹਨ ਤੇ ਹਾਲੇ ਵੀ ਕੁੜੀਆਂ ਨੂੰ ਰਾਤੀਂ 8:00 ਵਜੇ ਤੋਂ ਬਾਅਦ ਹੋਸਟਲ `ਚ ਦਾਖ਼ਲ ਹੋਣ ਜਾਂ ਉੱਥੋਂ ਬਾਹਰ ਜਾਣ ਦੀ ਪ੍ਰਵਾਨਗੀ ਨਹੀਂ ਹੈ। ਉਹ ਕੱਲ੍ਹ ਭਾਵ ਐਤਵਾਰ ਰਾਤੀਂ 9:30 ਵਜੇ ਵੀ ਗੈਸਟ ਹਾਊਸ `ਚ ਗਏ ਸਨ, ਜਿੱਥੇ ਵੀ.ਸੀ. ਸ੍ਰੀ ਘੁੰਮਣ, ਡੀਨ (ਅਕਾਦਮਿਕ ਮਾਮਲੇ) ਪ੍ਰੋ. ਜੀਐੱਸ ਬਤਰਾ, ਰਜਿਸਟਰਾਰ ਐੱਮਐੱਸ ਨਿੱਜਨ ਤੇ ਹੋਰ ਕਈ ਅਧਿਕਾਰੀ ਮੀਟਿੰਗ ਕਰ ਰਹੇ ਸਨ।


ਵਿਦਿਆਰਥੀ ਉਸ ਵੇਲੇ ਰੋਹ `ਚ ਆ ਗਏ, ਜਦੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਉਸ ਵੇਲੇ ਰੋਸ ਮੁਜ਼ਾਹਰੇ `ਚ ਸ਼ਾਮਲ ਕੁਝ ਕੁੜੀਆਂ ਦੇ ਮਾਪਿਆਂ ਨੂੰ ਫ਼ੋਨ ਕਰ ਕੇ ਸਿ਼ਕਾਇਤ ਕਰ ਦਿੱਤੀ ਸੀ।


ਫਿਰ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਅਧਿਕਾਰੀਆਂ ਨਾਲ ਤਿੱਖੀਆਂ ਝੜਪਾਂ ਹੋਈਆਂ। ਇੱਕ ਕੁੜੀ ਨੇ ਤਾਂ ਯੂਨੀਵਰਸਿਟੀ ਪ੍ਰੋਵੋਸਤ ਨਿਸ਼ਾਨ ਸਿੰਘ ਦਿਓਲ ਹੁਰਾਂ ਨਾਲ ਹੱਥੋਪਾਈ ਵੀ ਕੀਤੀ ਕਿਉਂਕਿ ਉਨ੍ਹਾਂ ਵੀ.ਸੀ. ਨੂੰ ਕਾਰ ਤੱਕ ਜਾਂਦੇ ਸਮੇਂ ਉਨ੍ਹਾਂ ਨੂੰ ਬਚਾਉਣ ਲਈ ਇੱਕ ਰੋਸ ਮੁਜ਼ਾਹਰਾਕਾਰੀ ਨੂੰ ਧੱਕਾ ਦੇ ਦਿੱਤਾ ਸੀ। ਜਦੋਂ ਵਿਦਿਆਰਥੀ ਸ਼ਾਂਤ ਹੁੰਦੇ ਨਾ ਦਿਸੇ, ਤਾਂ ਵੀ.ਸੀ. ਪ੍ਰੋ. ਘੁੰਮਣ ਵੀ ਉੱਥੇ ਫ਼ਰਸ਼ `ਤੇ ਬਹਿ ਗਏ ਪਰ ਫਿਰ ਵੀ ਕੋਈ ਫ਼ਾਇਦਾ ਨਾ ਹੋਇਆ।


ਉੱਥੈ ਇੰਝ ਹੰਗਾਮਾ ਮਚਿਆ ਰਿਹਾ ਤੇ ਜਦੋਂ ਵੀ.ਸੀ. ਨੇ ਉੱਥੋਂ ਜਾਣਾ ਚਾਹਿਆ, ਤਾਂ ਕੁਝ ਵਿਦਿਆਰਥੀ ਉਨ੍ਹਾਂ ਦੇ ਅੱਗੇ ਜ਼ਮੀਨ `ਤੇ ਲੇਟ ਗਏ ਤੇ ਉਨ੍ਹਾਂ ਨੂੰ ਵਾਹਨ `ਚ ਜਾਣ ਤੋਂ ਰੋਕਿਆ।


ਇੱਕ ਪ੍ਰੋਫ਼ੈਸਰ ਨੇ ਇਸ ਘਟਨਾ `ਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਆਖਿਆ,‘ਰੋਸ ਮੁਜ਼ਾਹਰੇ ਦਾ ਇਹ ਕੋਈ ਤਰੀਕਾ ਨਹੀਂ ਹੈ। ਅਸੀਂ ਉਨ੍ਹਾਂ ਦੇ ਅਧਿਆਪਕ ਹਾਂ, ਕੋਈ ਦੁਸ਼ਮਣ ਤਾਂ ਨਹੀਂ। ਜਦੋਂ ਅਧਿਕਾਰੀ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਠਰੰਮ੍ਹੇ ਨਾਲ ਸੁਣ ਰਹੇ, ਤਦ ਉਹ ਕੈਂਪਸ `ਚ ਕਾਨੁੰਨ ਤੇ ਵਿਵਸਥਾ ਦੀ ਹਾਲਤ ਕਿਉਂ ਵਿਗਾੜ ਰਹੇ ਹਨ।`


ਪ੍ਰੋ. ਘੁੰਮਣ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਤੇ ਵਿਦਿਆਰਥਣਾਂ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਨਿਸ਼ਚਤ ਸਮੇਂ ਮੁਤਾਬਕ ਹੋਸਟਲਾਂ `ਚ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ - ‘ਅਸੀਂ ਕਿਉਂਕਿ ਵਿਦਿਆਰਥੀਆਂ ਦੇ ਕਸਟੋਡੀਅਨ ਹਾਂ, ਇਸੇ ਲਈ ਮਾਪਿਆਂ ਨੂੰ ਸਿਰਫ਼ ਸੂਚਿਤ ਕੀਤਾ ਹੈ, ਉਨ੍ਹਾਂ ਬਾਰੇ ਮਾੜਾ ਕੁਝ ਨਹੀਂ ਕਿਹਾ।`


ਉੱਧਰ ਡੈਮੋਕ੍ਰੈਟਿਕ ਸਟੂਡੈਂਟ ਆਰਗੇਨਾਇਜ਼ੇਸ਼ਨ ਦੇ ਸਕੱਤਰ ਗਗਨਦੀਪ ਕੌਰ ਨੇ ਆਖਿਆ,‘ਰੋਸ ਮੁਜ਼ਾਹਰਾ ਕਰਨਾ ਸਾਡਾ ਅਧਿਕਾਰ ਹੈ ਤੇ ਯੂਨੀਵਰਸਿਟੀ ਨੂੰ ਸਾਡੇ ਮਾਪਿਆਂ ਨੂੰ ਉਸ ਬਾਰੇ ਸੂਚਿਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਹੋਸਟਲ ਦੇ ਵਾਰਡਨਾਂ ਨੇ ਸਾਡੇ ਮਾਪਿਆਂ ਨੂੰ ਸਾਡੇ ਬਾਰੇ ਐਂਵੇਂ ਇਤਰਾਜ਼ਯੋਗ ਗੱਲਾਂ ਦੱਸੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਅਧਿਕਾਰੀ ਇਸ ਲਈ ਲਿਖਤੀ ਮੁਆਫ਼ੀ ਮੰਗਣ।`


ਸੋਮਵਾਰ ਤੜਕੇ ਰੋਸ ਮੁਜ਼ਾਹਰਾਕਾਰੀ ਵਿਦਿਆਰਥੀਆਂ ਨੇ ਵੀ.ਸੀ ਦੇ ਦਫ਼ਤਰ ਨੂੰ ਜਿੰਦਰਾ ਤੱਕ ਲਾ ਦਿੱਤਾ ਤੇ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਨੂੰ ਅੰਦਰ ਜਾਣ ਤੋਂ ਰੋਕਿਆ। ਦਫ਼ਤਰ ਅੱਜ ਸਾਰਾ ਦਿਨ ਬੰਦ ਰਿਹਾ। ਸਾਰੇ ਵਿਭਾਗਾਂ ਦੇ ਮੁਖੀਆਂ ਨੇ ਇੱਕ ਐਮਰਜੈਂਸੀ ਮੀਟਿੰਗ ਕੀਤੀ ਤੇ ਵਿਦਿਆਰਥੀਆਂ ਦੇ ਵਿਵਹਾਰ ਦੀ ਨਿਖੇਧੀ ਕੀਤੀ।


ਡੀਨ (ਅਕਾਦਮਿਕ ਮਾਮਲੇ) ਜੀਐੱਸ ਬਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਹੋਸਟਲ 24 ਘੰਟੇ ਖੁੱਲ੍ਹੇ ਰੱਖਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi varsity VC held hostage by Students