ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਲੇਖਕ ਡਾ. ਐੱਸ. ਤਰਸੇਮ ਨਹੀਂ ਰਹੇ

ਪੰਜਾਬੀ ਲੇਖਕ ਡਾ. ਐੱਸ. ਤਰਸੇਮ ਨਹੀਂ ਰਹੇ

ਉੱਘੇ ਪੰਜਾਬੀ ਲੇਖਕ ਡਾ. ਐੱਸ. ਤਰਸੇਮ ਦਾ ਅੱਜ ਸਨਿੱਚਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 76 ਸਾਲਾਂ ਦੇ ਸਨ। ਉਨ੍ਹਾਂ ਨੂੰ ਬੀਤੀ 18 ਫ਼ਰਵਰੀ ਨੂੰ ਦਿਲ ਦਾ ਦੌਰਾ ਪਿਆ ਸੀ, ਇਸੇ ਲਈ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਂਦਾ ਗਿਆ ਸੀ ਪਰ ਅੱਜ ਸਨਿੱਚਰਵਾਰ ਨੂੰ ਸਵੇਰੇ 10:30 ਵਜੇ ਇੱਕ ਵਾਰ ਫਿਰ ਉਨ੍ਹਾਂ ਨੂੰ ਦਿਲ ਦਾ ਦੂਜਾ ਦੌਰਾ ਪਿਆ ਤੇ 10:45 ਵਜੇ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਦੋ ਪੁੱਤਰ ਡਾ. ਰਾਜੇਸ਼ ਕ੍ਰਾਂਤੀ ਤੇ ਮਜੇਸ਼ ਕ੍ਰਾਂਤੀ ਤੇ ਪੋਤਰੇ–ਪੋਤਰੀਆਂ ਛੱਡ ਗਏ ਹਨ।

 

 

ਅੱਜ ਮਾਲੇਰਕੋਟਲਾ ਦੇ ਜਮਾਲਪੁਰਾ ਇਲਾਕੇ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਲਈ ਅੰਤਿਮ ਅਰਦਾਸ (ਭੋਗ) ਦੀ ਰਸਮ ਆਉਂਦੀ 6 ਮਾਰਚ ਦਿਨ ਬੁੱਧਵਾਰ ਨੂੰ ਮਾਲੇਰਕੋਟਲਾ ਬੱਸ ਅੱਡੇ ਲਾਗੇ ਸਥਿਤ ਕਾਲੀ ਦੇਵੀ ਮੰਦਿਰ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।

 

 

ਡਾ. ਐੱਸ. ਤਰਸੇਮ ਹੁਰਾਂ ਨੂੰ ਆਪਣੀ ਜ਼ਿੰਦਗੀ ਦੇ ਚਾਰ ਦਹਾਕੇ ਤੋਂ ਵੀ ਵੱਧ ਸਮਾਂ ਨੇਤਰਹੀਣਤਾ ਵਿੱਚ ਬਿਤਾਉਣਾ ਪਿਆ। ਉਨ੍ਹਾਂ ਦੀ ਨਜ਼ਰ 30 ਤੋਂ 35 ਸਾਲ ਦੀ ਉਮਰ ਵਿੱਚ ਹੌਲੀ–ਹੌਲੀ ਚਲੀ ਗਈ ਸੀ।

 

 

ਖੱਬੇ–ਪੱਖੀ ਵਿਚਾਰਧਾਰਾ ਦੇ ਧਾਰਨੀ ਡਾ. ਐੱਸ. ਤਰਸੇਮ ਨੇ ਨੇਤਰਹੀਣਤਾ ਨੂੰ ਪਛਾੜਦਿਆਂ ਤਿੰਨ ਦਰਜਨ ਤੋਂ ਵੀ ਵੱਧ ਪੁਸਤਕਾਂ ਲਿਖੀਆਂ। ਉਨ੍ਹਾਂ ਪੰਜਾਬੀ ਸਾਹਿਤ ਦੀ ਲਗਭਗ ਹਰੇਕ ਸਿਨਫ਼ ਉੱਤੇ ਹੱਥ ਅਜ਼ਮਾਇਆ। ਉਨ੍ਹਾਂ ਦੀਆਂ ਕਿਤਾਬਾਂ ਵਿੱਚ ਕਵਿਤਾ, ਕਹਾਣੀ, ਲੇਖ, ਆਲੋਚਨਾ, ਸਵੈ–ਜੀਵਨੀ ਸਭ ਸਾਹਿਤਕ ਵਿਧਾਵਾਂ ਸ਼ਾਮਲ ਹਨ।

 

 

21 ਦਸੰਬਰ, 1942 ਨੂੰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਤਪਾ (ਹੁਣ ਇਹ ਸ਼ਹਿਰ ਬਰਨਾਲਾ ਜ਼ਿਲ੍ਹੇ ਵਿੱਚ ਹੈ) ਵਿਖੇ ਪੈਦਾ ਹੋਏ ਡਾ. ਐੱਸ. ਤਰਸੇਮ ਦਾ ਪੂਰਾ ਨਾਂਅ ਤਰਸੇਮ ਲਾਲ ਗੋਇਲ ਸੀ। ਉਂਝ ਉਨ੍ਹਾਂ ਦੀ ਨਾਨੀ ਨੇ ਉਨ੍ਹਾਂ ਦਾ ਨਾਂਅ 'ਸਵਰਾਜ' ਰੱਖਿਆ ਸੀ ਤੇ ਬਾਅਦ 'ਚ ਉਸੇ 'ਸਵਰਾਜ' ਦੇ ਪਹਿਲੇ ਅੰਗਰੇਜ਼ੀ ਅੱਖਰ 'ਐੱਸ' (S) ਨੂੰ ਉਨ੍ਹਾਂ ਅੱਗੇ ਲਾ ਲਿਆ ਤੇ ਉਸੇ ਕਲਮੀ–ਨਾਂਅ (ਐੱਸ. ਤਰਸੇਮ) ਨਾਲ ਉਹ ਪ੍ਰਸਿੱਧ ਹੋਏ। ਪਹਿਲਾਂ ਉਹ ਸਰਕਾਰੀ ਸਕੂਲ ਵਿੱਚ ਅਧਿਆਪਕ ਸਨ। ਉਸ ਤੋਂ ਬਾਅਦ ਨੇਤਰਹੀਣਤਾ ਦੇ ਬਾਵਜੂਦ ਸਖ਼ਤ ਮਿਹਨਤ ਸਦਕਾ ਉਹ 1983 ਵਿੱਚ ਸਰਕਾਰੀ ਕਾਲਜ ਮਾਲੇਰਕੋਟਲਾ ’ਚ ਪੰਜਾਬੀ ਦੇ ਲੈਕਚਰਾਰ ਲੱਗ ਗਏ।

 

 

ਡਾ. ਐੱਸ. ਤਰਸੇਮ ਨੂੰ ਮਾਤ–ਭਾਸ਼ਾ ਪੰਜਾਬੀ ਨਾਲ ਬਹੁਤ ਪਿਆਰ ਸੀ। ਉਨ੍ਹਾਂ ਪੰਜਾਬੀ ਮਾਂ–ਬੋਲੀ ਦੇ ਹੱਕ ਵਿੱਚ ਅਨੇਕਾਂ ਧਰਨੇ ਦਿੱਤੇ। ਫਿਰ ਵੀ ਉਨ੍ਹਾਂ ਦੀਆਂ ਕੁਝ ਕਿਤਾਬਾਂ ਹਿੰਦੀ ਤੇ ਉਰਦੂ ਵਿੱਚ ਵੀ ਹਨ। ਉਹ ਪੰਜਾਬੀ, ਹਿੰਦੀ, ਉਰਦੂ ਤੇ ਫ਼ਾਰਸੀ ਭਾਸ਼ਾਵਾਂ ਦੇ ਪੋਸਟ–ਗ੍ਰੈਜੂਏਟ ਸਨ। ਉਨ੍ਹਾਂ 1985 'ਚ ਪੰਜਾਬੀ ਯੂਨੀਵਰਸਿਟੀ–ਪਟਿਆਲਾ ਤੋਂ ਗਾਈਡ ਡਾ. ਗੁਰਚਰਨ ਸਿੰਘ ਅਰਸ਼ੀ ਅਧੀਨ ਪੀ–ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਸੀ। ਇਸ ਡਿਗਰੀ ਲਈ ਉਨ੍ਹਾਂ ਦਾ ਵਿਸ਼ਾ ਸੀ – ‘ਬਾਵਾ ਬਲਵੰਤ ਦੀ ਕਵਿਤਾ ਦਾ ਆਲੋਚਨਾਤਮਕ ਅਧਿਐਨ’।

 

 

ਡਾ. ਤਰਸੇਮ ਅੱਜ–ਕੱਲ੍ਹ ਆਪਣਾ ਇੱਕ ਤਿਮਾਹੀ ਪੰਜਾਬੀ ਪਰਚਾ ‘ਨਜ਼ਰੀਆ’ ਵੀ ਕੱਢ ਰਹੇ ਸਨ। ਇਸ ਤੋਂ ਇਲਾਵਾ ਪੰਜਾਬੀ ਕਵਿਤਾ ਦੇ ਪਿੰਗਲ ਤੇ ਅਰੂਜ਼ ਉੱਤੇ ਉਨ੍ਹਾਂ ਦੀ ਪੂਰੀ ਮੁਹਾਰਤ ਸੀ। ਇਸ ਵਿਸ਼ੇ 'ਤੇ ਉਨ੍ਹਾਂ ਦੀ ਕਿਤਾਬ ਮੌਜੂਦ ਹੈ, ਜੋ ਇਸ ਵੇਲੇ ਰੈਫ਼ਰੈਂਸ–ਬੁੱਕ ਵਜੋਂ ਵਰਤੀ ਜਾਂਦੀ ਹੈ। ਜੱਥੇਬੰਦਕ ਕੰਮਾਂ ਵਿੱਚ ਉਹ ਸਦਾ ਅੱਗੇ ਰਹਿੰਦੇ ਸਨ। ਇਸੇ ਲਈ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦਿਆਂ ’ਤੇ ਰਹੇ ਸਨ।

 

 

ਡਾ. ਐੱਸ. ਤਰਸੇਮ ਨੇ ਦੋ ਸਵੈ–ਜੀਵਨੀਆਂ ‘ਕੱਚੀ ਮਿੱਟੀ ਪੱਕਾ ਰੰਗ’ ਅਤੇ ‘ਧ੍ਰਿਤਰਾਸ਼ਟਰ’ ਲਿਖੀਆਂ ਸਨ। ਉਨ੍ਹਾਂ ਦੀਆਂ ਲਿਖਤਾਂ ਲਈ ਉਨ੍ਹਾਂ ਨੂੰ ਅਨੇਕ ਸਰਕਾਰੀ ਤੇ ਗ਼ੈਰ–ਸਰਕਾਰੀ ਮਾਣ–ਸਨਮਾਨ ਮਿਲੇ ਸਨ।

 

 

ਡਾ. ਐੱਸ. ਤਰਸੇਮ ਦੇ ਪੁੱਤਰ ਡਾ. ਰਾਜੇਸ਼ ਕ੍ਰਾਂਤੀ ਇਸ ਵੇਲੇ ਜਾਖਲ਼ (ਹਰਿਆਣਾ) ਦੇ ਸਰਕਾਰੀ ਹਸਪਤਾਲ ’ਚ ਡਾਕਟਰ ਵਜੋਂ ਨਿਯੁਕਤ ਹਨ। 'ਹਿੰਦੁਸਤਾਨ ਟਾਈਮਜ਼ ਪੰਜਾਬੀ' ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਤਾ ਦੀਆਂ ਸਾਰੀਆਂ ਲਿਖਤਾਂ ਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣਗੇ। ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ੁੱਕਰਵਾਰ ਤੱਕ ਉਹ ਬਿਲਕੁਲ ਚੰਗੇ–ਭਲੇ ਤੇ ਤੰਦਰੁਸਤ ਸਨ, ‘ਬੱਸ ਐਂਵੇਂ ਅਚਾਨਕ ਹੀ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Writer Dr S Tarsem no more