ਤਰਨ ਤਾਰਨ ’ਚ ਭਿਖੀਵਿੰਡ ਸਬ–ਡਿਵੀਜ਼ਨ ਦੇ ਪਿੰਡ ਬਲੇਹਾਰ ਦੇ 20 ਸਾਲਾ ਨੌਜਵਾਨ ਗੁਰਲਵਜੀਤ ਸਿੰਘ ਦੀ ਲੈਬਨਾਨ ਦੇਸ਼ ਵਿੱਚ ਹੋਈ ਕਥਿਤ ਗੋਲੀਬਾਰੀ ਦੌਰਾਨ ਮੌਤ ਹੋ ਗਈ ਹੈ। ਇਹ ਦੁਖਦਾਈ ਘਟਨਾ ਸੋਮਵਾਰ ਤੇ ਮੰਗਲਵਾਰ ਦੀ ਰਾਤ ਨੂੰ ਵਾਪਰੀ। ਇਹ ਖ਼ਬਰ ਮਿਲਦਿਆਂ ਹੀ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਦੁਖੀ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਗੁਰਲਵਜੀਤ ਸਿੰਘ ਆਪਣੀ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸੱਤ ਕੁ ਮਹੀਨੇ ਪਹਿਲਾਂ ਲੈਬਨਾਨ ਦੇ ਸ਼ਹਿਰ ਯੱਲਾ ਚਲਾ ਗਿਆ ਸੀ। ਉੱਥੇ ਉਹ ਇੱਕ ਪੈਕਿੰਗ ਕੰਪਨੀ ਵਿੱਚ ਵਰਕਰ ਸੀ। ‘ਸੋਮਵਾਰ ਦੀ ਰਾਤ ਨੂੰ ਜਦੋਂ ਮੇਰਾ ਪੁੱਤਰ ਆਪਣੇ ਦੋਸਤਾਂ ਨਾਲ ਘਰ ਵਿੱਚ ਮੌਜੂਦ ਸੀ ਕਿ ਕੁਝ ਹਮਲਾਵਰਾਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸੇ ਹਮਲੇ ਦੌਰਾਨ ਮੇਰੇ ਪੁੱਤਰ ਦੀ ਮੌਤ ਹੋ ਗਈ।’
ਸ੍ਰੀ ਹਰਦੇਵ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਲੈਬਨਾਨ ਤੋਂ ਕਿਸੇ ਨੇ ਸਾਨੂੰ ਗੁਰਲਵਜੀਤ ਸਿੰਘ ਦੇ ਮੋਬਾਇਲ ਤੋਂ ਫ਼ੋਨ ਕਰਦਿਆਂ ਇਹ ਦੁਖਦਾਈ ਖ਼ਬਰ ਸੁਣਾਈ। ‘ਮੈਂ ਤਾਂ ਆਪਣੇ ਪੁੱਤਰ ਨੂੰ ਇਸ ਲਈ ਲੈਬਨਾਨ ਭੇਜਿਆ ਸੀ ਕਿ ਤਾਂ ਜੋ ਸਾਡੇ ਪਰਿਵਾਰ ਦਾ ਗੁਜ਼ਾਰਾ ਕੁਝ ਚੰਗਾ ਚੱਲਣ ਲੱਗ ਪਵੇਗਾ। ਮੇਰੀ ਇੱਕ ਧੀ ਤੇ ਦੋ ਹੋਰ ਪੁੱਤਰ ਹਨ। ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਸਦਮੇ ਵਿੱਚ ਹੈ।’
ਗੁਰਲਵਜੀਤ ਸਿੰਘ ਦੀ ਭੈਣ ਕਿਰਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਐਤਵਾਰ ਦੀ ਰਾਤ ਨੂੰ ਹੀ ਆਪਣੇ ਭਰਾ ਨਾਲ ਫ਼ੋਨ ਉੱਤੇ ਗੱਲ ਕੀਤੀ ਸੀ। ‘ਮੇਰਾ ਭਰਾ ਮੇਰੇ ਵਿਆਹ ਤੇ ਆਪਣੇ ਦੋ ਛੋਟੇ ਭਰਾਵਾਂ ਦੀ ਪੜ੍ਹਾਈ ਨੂੰ ਲੈ ਕੇ ਫ਼ਿਕਰਮੰਦ ਸੀ। ਤਦ ਮੈਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਹ ਮੇਰੇ ਭਰਾ ਦੀ ਆਖ਼ਰੀ ਕਾਲ ਹੋਵੇਗੀ।’
ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਗੁਰਮੀਤ ਕੌਰ ਡੂੰਘੇ ਸਦਮੇ ਵਿੱਚ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਸੀ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਪ੍ਰੈੱਸ ਤੋਂ ਹੀ ਪਤਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਤੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਗੁਰਲਵਜੀਤ ਸਿੰਘ ਦੀ ਮ੍ਰਿਤਕ ਦੇਹ ਦੇਸ਼ ਵਾਪਸ ਲਿਆਉਣ ਵਿੱਚ ਕੇਂਦਰ ਸਰਕਾਰ ਉਨ੍ਹਾਂ ਦੀ ਮਦਦ ਕਰੇ।