ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਨਸਪ ਘੁਟਾਲਾ: ਮਿੱਲਰਾਂ ਨੇ ਝੋਨੇ ਦੇ ਜਾਅਲੀ ਬਿੱਲਾਂ ਰਾਹੀਂ ਕਲੇਮ ਕੀਤੇ 6 ਕਰੋੜ ਰੁਪਏ

​​​​​​​ਪਨਸਪ ਘੁਟਾਲਾ: ਮਿੱਲਰਾਂ ਨੇ ਝੋਨੇ ਦੇ ਜਾਅਲੀ ਬਿੱਲਾਂ ਰਾਹੀਂ ਕਲੇਮ ਕੀਤੇ 6 ਕਰੋੜ ਰੁਪਏ

ਫ਼ਿਰੋਜ਼ਪੁਰ ਦੇ ਦੋ ਰਾਈਸ–ਮਿੱਲਰਾਂ ਨੇ ‘ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟੇਡ’ (PUNSUP - ਪਨਸਪ) ਦੇ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ 6 ਕਰੋੜ ਰੁਪਏ ਦੇ ਜਾਅਲੀ ਬਿਲ ਕੈਸ਼ ਕਰਵਾ ਲਏ। ਇਸ ਸਾਰੇ ਮਾਮਲੇ ਵਿੱਚ ਇੱਕ ਆੜ੍ਹਤੀਆ ਵੀ ਸ਼ਾਮਲ ਰਿਹਾ। ਇਨ੍ਹਾਂ ਸਾਰਿਆਂ ਨੇ ਝੋਨੇ ਦੇ 86,990 ਅਜਿਹੇ ਥੈਲਿਆਂ ਲਈ ਬਿਲ ਪੇਸ਼ ਕੀਤੇ, ਜਿਨ੍ਹਾਂ ਦੀ ਅਸਲ ਵਿੱਚ ਕੋਈ ਹੋਂਦ ਹੀ ਨਹੀਂ ਸੀ। ਇਹ ਸਾਰਾ ਕੁਝ ਸਰਕਾਰ ਦੀ ‘ਕੈਸ਼ ਕ੍ਰੈਡਿਟ ਲਿਮਿਟ’ (CCL) ਯੋਜਨਾ ਅਧੀਨ ਕੀਤਾ ਗਿਆ।

 

 

ਇਹ ਘੁਟਾਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਸਬੇ ਗੁਰੂ ਹਰਸਹਾਏ ਵਿੱਚ ਪੈਂਦੀ ਜੀਵਨ ਕੀ ਅਰਾਈਂ ਅਨਾਜ ਮੰਡੀ ਵਿੱਚ ਸੰਨਰਾਈਜ਼ ਮਿੱਲ ਤੇ ਏਐੱਮ ਇੰਡਸਟ੍ਰੀਜ਼ ਦੀ ਪੁਸ਼ਟੀ ਕੀਤੀ ਗਈ। ਪਨਸਪ ਦੇ ਜ਼ਿਲ੍ਹਾ ਮੈਨੇਜਰ ਦੀਪਕ ਸਵਰਨ ਨੇ ਦੱਸਿਆ ਕਿ ਚੈਕਿੰਗ ਦੌਰਾਨ ਮਿੱਲਾਂ ਵਿੱਚ ਝੋਨੇ ਦੇ ਸਿਰਫ਼ 26,000 ਥੈਲੇ ਮਿਲੇ, ਜਦ ਕਿ ਕਾਗਜ਼ਾਂ ਵਿੱਚ ਇਨ੍ਹਾਂ ਨੇ 1.13 ਲੱਖ ਥੈਲਿਆਂ ਦੀ ਖ਼ਰੀਦ ਵਿਖਾਈ ਹੋਈ ਸੀ। ਝੋਨੇ ਦੇ ਲਗਭਗ 6 ਕਰੋੜ ਰੁਪਏ ਦੇ 86,990 ਥੈਲੇ ਗ਼ਾਇਬ ਪਾਏ ਗਏ।

 

 

ਇਸ ਸਬੰਧੀ ਪਨਸਪ ਦੇ ਇੰਸਪੈਕਟਰ ਹੰਸਾ ਸਿੰਘ, ਸੰਨਰਾਈਜ਼ ਮਿਲ ਦੇ ਜਸਮੀਤ ਸਿੰਘ, ਏਐੱਮ ਇੰਡਸਟ੍ਰੀਜ਼ ਦੇ ਹਰਪ੍ਰੀਤ ਸਿੰਘ, ਇੱਕ ਆੜ੍ਹਤੀਏ ਜਸਵਿੰਦਰ ਸਿੰਘ ਤੇ ਸੰਦੀਪ ਅਤੇ ਉਸ ਦੀ ਪਤਨੀ ਰਾਸ਼ੂ ਮੁਟਮੇਜਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਹਾਲੇ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

 

 

ਫ਼ੂਡ ਐਂਡ ਸਿਵਲ ਸਪਲਾਈਜ਼ ਵਿਭਾਗ ਵਿੱਚ ਭਾਵੇਂ ਜਾਅਲੀ ਬਿੱਲਾਂ ਦੀ ਚੈਕਿੰਗ ਲਈ ਬਹੁਤ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਇਹ ਘੁਟਾਲਾ ਹੋ ਗਿਆ। ਇਸ ਤੋਂ ਇਲਾਵਾ ਤਾਜ਼ਾ ਖ਼ਰੀਦੇ ਚੌਲ਼ਾਂ ਵਿੱਚ ਰੀਸਾਇਕਲ ਕੀਤੇ ਚੌਲ਼ਾਂ ਦੇ ਇੰਦਰਾਜ਼ ਨਾ ਪਾਏ ਜਾ ਸਕਣ; ਇਸ ’ਤੇ ਵੀ ਚੌਕਸ ਨਜ਼ਰ ਰੱਖੀ ਜਾਂਦੀ ਹੈ।

 

 

ਪਤਾ ਲੱਗਾ ਹੈ ਕਿ ਪਨਸਪ ਦਾ ਇੰਸਪੈਕਟਰ ਹੰਸਾ ਸਿੰਘ ਜਾਅਲੀ ਬਿੱਲ ਬਣਾਉਣ ਵਿੱਚ ਰਾਈਸ–ਮਿੱਲਰਾਂ ਦੀ ਮਦਦ ਕਰਦਾ ਸੀ। ਵਿਭਾਗ ਦੇ ਕੁਝ ਸੂਤਰਾਂ ਮੁਤਾਬਕ ਜ਼ਿਲ੍ਹਾ ਮੈਨੇਜਰ ਨੇ ਹੰਸਾ ਸਿੰਘ ਨੂੰ ਕਥਿਤ ਤੌਰ ’ਤੇ ਮਿੱਲਰਾਂ ਦੀ ‘ਮਦਦ’ ਕਰਨ ਲਈ ਆਖਿਆ ਸੀ ਪਰ ਬਾਅਦ ’ਚ ਉਨ੍ਹਾਂ ਸਟੈਂਡ ਬਦਲ ਲਿਆ।

 

 

ਸ੍ਰੀ ਦੀਪਕ ਸਵਰਨ ਨੇ ਕਿਹਾ ਕਿ ਅਜਿਹਾ ਉਨ੍ਹਾਂ ਨੂੰ ਬਿਨਾ ਵਜ੍ਹਾ ਫਸਾਉਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਹੀ ਇਸ ਘੁਟਾਲੇ ਦਾ ਪਰਦਾਫ਼ਾਸ਼ ਕੀਤਾ ਸੀ।

 

 

ਪਨਸਪ ਦੇ ਮੈਨੇਜਿੰਗ ਡਾਇਰੈਕਟਰ ਅਮਰਪਾਲ ਸਿੰਘ ਨੇ ਕਿਹਾ ਕਿ ਸ੍ਰੀ ਦੀਪਕ ਸਵਰਨ ਦੇ ਖਿ਼ਲਾਫ਼ ਪਹਿਲਾਂ ਕੁਝ ਮਾਮਲਿਆਂ ਵਿੱਚ ਕੋਈ ਇਨਕੁਆਰੀਆਂ ਤੇ ਚਾਰਜਸ਼ੀਟਸ ਮੁਲਤਵੀ ਪਈਆਂ ਹੋ ਸਕਦੀਆਂ ਹਨ ਪਰ ਇਸ ਵਾਰ ਉਸ ਨੇ ਬਹੁਤ ਵਧੀਆ ਕੰਮ ਕਰ ਕੇ ਵਿਖਾਇਆ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਦੀਪਕ ਸਵਰਨ ਹੁਰਾਂ ਨੂੰ ਇਸ ਸਾਰੇ ਮਾਮਲੇ ਬਾਰੇ ਪਤਾ ਲੱਗਾ, ਉਹ ਤੁਰੰਤ ਹਰਕਤ ਵਿੱਚ ਆ ਗਏ। ਛੇ ਕਰੋੜ ਰੁਪਏ ਦੇ ਘੁਟਾਲੇ ਵਿੱਚੋਂ 3 ਕਰੋੜ ਰੁਪਏ ਵੱਖੋ–ਵੱਖਰੇ ਖਾਤਿਆਂ ਵਿੱਚ ਫ਼੍ਰੀਜ਼ ਕਰ ਦਿੱਤੇ ਗਏ ਹਨ; ਜਦ ਕਿ 2.5 ਕਰੋੜ ਰੁਪਏ ਕਢਵਾ ਲਏ ਗਏ ਸਨ। ਉਨ੍ਹਾਂ ਨੇ ਹੀ ਇਹ ਮਾਮਲਾ ਪੰਜਾਬ ਨੈਸ਼ਨਲ ਬੈਂਕ ਦੀ ਫ਼ਿਰੋਜ਼ਪੁਰ ਸ਼ਾਖ਼ਾ ਕੋਲ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਖੇ ਵੀ ਚਾਰ ਜਾਅਲੀ ਬਿੱਲਾਂ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਉੱਥੇ ਸਰਕਾਰੀ ਖ਼ਜ਼ਾਨੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ ਕਿਉਂਕਿ ਭੁਗਤਾਨ ਹੋਣ ਤੋਂ ਪਹਿਲਾਂ ਹੀ ਕਾਰਵਾਈ ਹੋ ਗਈ ਸੀ।

 

ਜਾਅਲੀ ਬਿੱਲਾਂ ਦੇ ਦਾਅਵੇ ਪੇਸ਼ ਕਰਨ ਤੋਂ ਬਾਅਦ ਮਿੱਲ ਮਾਲਕ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਸਸਤੇ ਭਾਅ ਚੌਲ਼ ਖ਼ਰੀਦ ਕੇ ਲਿਆਉਂਦੇ ਸਨ ਤੇ ਉਨ੍ਹਾਂ ਨੂੰ ਤਾਜ਼ਾ ਚੌਲ਼ਾਂ ਵਿੱਚ ਮਿਲਾ ਦਿੰਦੇ ਸਨ। ਇੰਝ ਕਰ ਮਾਲਕਾਂ ਤੇ ਆੜ੍ਹਤੀਆਂ ਨੂੰ ਤੁਰੰਤ ਮੋਟਾ ਫ਼ਾਇਦਾ ਹੁੰਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punsup Scam Millers claimed Rs 6 Crore on bogus bills