ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਮੀਂਹ ਤੇ ਗੜੇਮਾਰ, ਕਿਸਾਨ ਹੋਏ ਚਿੰਤਾਤੁਰ, ਕੁਝ ਥਾਵਾਂ ’ਤੇ ਫ਼ਸਲਾਂ ਬਰਬਾਦ

ਪੰਜਾਬ ’ਚ ਮੀਂਹ ਤੇ ਗੜੇਮਾਰ, ਕਿਸਾਨ ਹੋਏ ਚਿੰਤਾਤੁਰ, ਕੁਝ ਥਾਵਾਂ ’ਤੇ ਫ਼ਸਲਾਂ ਬਰਬਾਦ

ਪੰਜਾਬ ਦੇ ਬਹੁਤੇ ਇਲਾਕਿਆਂ ’ਚ ਅੱਜ ਰੁਕ–ਰੁਕ ਕੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਹੈ। ਰੋਪੜ ਤੇ ਮੋਹਾਲੀ ਜ਼ਿਲ੍ਹਿਆਂ ’ਚ ਮੀਂਹ ਕੁਝ ਹਲਕਾ ਹੈ ਪਰ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਕਪੂਰਥਲਾ ਜ਼ਿਲ੍ਹਿਆਂ ’ਚ ਮੀਂਹ ਕੁਝ ਭਾਰੀ ਵੀ ਪਿਆ ਹੈ ਤੇ ਨਾਲ ਪਏ ਗੜਿਆਂ ਨੇ ਕਿਸਾਨਾਂ ਨੂੰ ਚਿੰਤਾਤੁਰ ਕਰ ਦਿੱਤਾ ਹੈ। ਕੁਝ ਥਾਵਾਂ ’ਤੇ ਕਣਕ ਦੀ ਫ਼ਸਲ ਬਰਬਾਦ ਹੋ ਗਈ ਹੈ।

 

 

ਕਪੂਰਥਲਾ ਜ਼ਿਲ੍ਹੇ ’ਚ ਅੱਜ ਵੱਡੇ ਤੜਕੇ ਤੋਂ ਹੀ ਤੇਜ਼ ਹਵਾਵਾਂ ਨਾਲ ਰੁਕ–ਰੁਕ ਕੇ ਭਾਰੀ ਵਰਖਾ ਹੋ ਰਹੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਮੀਂਹ ਤੇ ਗੜੇਮਾਰ ਦਾ ਮਾੜਾ ਅਸਰ ਨਿਸ਼ਚਤ ਤੌਰ ’ਤੇ ਕਣਕ ਦੀ ਫ਼ਸਲ ਉੱਤੇ ਵੇਖਣ ਨੂੰ ਮਿਲੇਗਾ।

 

 

ਬੇਗੋਵਾਲ ਦੇ ਇੱਕ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੇਮੌਸਮੀ ਵਰਖਾ ਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਦੇ ਝਾੜ ਉੱਤੇ ਮਾੜਾ ਅਸਰ ਪਵੇਗਾ। ਇਨ੍ਹਾਂ ਦਿਨਾਂ ’ਚ ਇੰਨੀ ਤੇਜ਼ ਹਵਾਵਾਂ ਨਹੀਂ ਚਾਹੀਦੀਆਂ ਹੁੰਦੀਆਂ ਤੇ ਫ਼ਸਲ ਨੂੰ ਕਾਫ਼ੀ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੁੰਦੀ ਹੈ।

 

 

ਮੁੱਖ ਖੇਤੀ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਵਰਖਾ ਹਾਲੇ ਵੀ ਪੈ ਰਹੀ ਹੈ ਤੇ ਫ਼ਸਲਾਂ ਦੇ ਨੁਕਸਾਨ ਬਾਰੇ ਸਹੀ ਜਾਣਕਾਰੀ ਅੱਜ ਸਨਿੱਚਰਵਾਰ ਸ਼ਾਮ ਤੱਕ ਹੀ ਪਤਾ ਲੱਗ ਸਕੇਗੀ।

 

 

ਕਪੂਰਥਲਾ ਜ਼ਿਲ੍ਹੇ ਦੇ ਮੁਕਾਬਲੇ ਜਲੰਧਰ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਮੀਂਹ ਦਾ ਜ਼ੋਰ ਕੁਝ ਘੱਟ ਹੈ।

 

 

ਇਸ ਮੀਂਹ ਕਾਰਨ ਇਲਾਕੇ ਦਾ ਤਾਪਮਾਨ ਇੱਕ ਵਾਰ ਫਿਰ ਹੇਠਾਂ ਚਲਾ ਗਿਆ ਹੈ। ਉਂਝ ਇਸ ਵੇਲੇ ਚੱਲ ਰਹੀ ਠੰਢ ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਵਧੀਆ ਹੁੰਦੀ ਹੈ। ਖ਼ਾਸ ਕਰ ਕੇ ਇਹ ਮੌਸਮ ਕਣਕ, ਸਰ੍ਹੋਂ ਤੇ ਛੋਲਿਆਂ ਦੀਆਂ ਫ਼ਸਲਾਂ ਲਈ ਲਾਹੇਵੰਦ ਵੀ ਦੱਸਿਆ ਜਾ ਰਿਹਾ ਹੈ; ਬਸ਼ਰਤੇ ਹਵਾ ਬਹੁਤੀ ਤੇਜ਼ ਨਾ ਹੋਵੇ ਤੇ ਗੜੇਮਾਰ ਨਾ ਹੋਵੇ।

 

 

ਅੰਮ੍ਰਿਤਸਰ ’ਚ ਅੱਜ ਘੱਟੋ–ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ; ਜੋ ਆਮ ਨਾਲੋਂ 5 ਡਿਗਰੀ ਘੱਟ ਹੈ। ਜ਼ਿਲ੍ਹੇ ’ਚ ਅੱਜ 16.3 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ।

 

 

ਅੰਮ੍ਰਿਤਸਰ ਦੇ ਕਈ ਪਿੰਡਾਂ ’ਚ ਕਣਕ ਦੀ ਫ਼ਸਲ ਬਰਬਾਦ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਬਿਆਸ ਦਰਿਆ ਨੇ ਵੀ ਕਾਫ਼ੀ ਤਬਾਹੀ ਮਚਾਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain and Hailstorm in Punjab Farmers worried Crops damaged at some places