ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਦੂਜੇ ਦਿਨ ਵੀ ਕਿਣਮਿਣ ਜਾਰੀ,  ਠੰਢ 'ਚ ਵਾਧਾ 

ਪੰਜਾਬ ਤੇ ਹਰਿਆਣਾ 'ਚ ਬਦਲੇ ਮੌਸਮ ਨੇ ਇਕ ਵਾਰ ਫਿਰ ਠੰਢ 'ਚ ਵਾਧਾ ਕਰਦਿਆਂ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਨਵੇਂ ਸਾਲ 'ਚ ਪਹਿਲੀ ਬਾਰਿਸ਼ ਨੇ ਮੌਸਮ ਨੂੰ ਬਦਲ ਕੇ ਰੱਖ ਦਿੱਤਾ ਹੈ। ਸੋਮਵਾਰ ਸਵੇਰੇ ਸ਼ੁਰੂ ਹੋਈ ਬਾਰਿਸ਼ ਨਾਲ ਸਾਰਾ ਦਿਨ ਕਿਣਮਿਣ ਕਿਣਮਿਣ ਹੁੰਦੀ ਰਹੀ, ਜੋ ਅੱਜ ਮੰਗਲਵਾਰ ਦੁਪਹਿਰ ਨੂੰ ਵੀ ਜਾਰੀ ਰਹੀ।
 

ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਪੱਛਮੀ ਹਿਮਾਲਿਆ ਦੇ ਹਿੱਸਿਆਂ ਵਿੱਚ ਭਾਰੀ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ 'ਚ ਵੀ ਮੀਂਹ ਪੈਂਦਾ ਰਹੇਗਾ। ਪੱਛਮੀ ਉੱਤਰ ਪ੍ਰਦੇਸ਼, ਦਿੱਲੀ ਅਤੇ ਉੱਤਰੀ ਰਾਜਸਥਾਨ ਵਿਚ ਮੀਂਹ ਪਵੇਗਾ। ਇਨ੍ਹਾਂ ਇਲਾਕਿਆਂ ਵਿੱਚ ਗੜੇ ਪੈਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ।
 

 

ਸੋਮਵਾਰ ਸਵੇਰ ਤੋਂ ਸ਼ੁਰੂ ਹੋਈ ਕਿਣਮਿਣ ਨਾਲ ਵਧੀ ਠੰਢ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਵੜੇ ਰਹਿਣ ਲਈ ਮਜਬੂਰ ਕਰ ਦਿੱਤਾ। ਡਿਊਟੀਆਂ ਵਾਲੇ, ਵਿਦਿਆਰਥੀ ਤੇ ਅਤਿ-ਜ਼ਰੂਰੀ ਕੰਮਾਂ ਵਾਲੇ ਲੋਕ ਹੀ ਮਜਬੂਰਨ ਘਰਾਂ ਤੋਂ ਬਾਹਰ ਆਏ ਪਰ ਬੀਤੇ ਦਿਨ ਤੋਂ ਹੀ ਬਾਜ਼ਾਰਾਂ 'ਚ ਲੋਕ ਬਹੁਤ ਘੱਟ ਗਿਣਤੀ 'ਚ ਨਜ਼ਰ ਆ ਰਹੇ ਹਨ। ਚੰਡੀਗੜ੍ਹ 'ਚ ਬੀਤੇ 24 ਘੰਟੇ 'ਚ 8.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਚੰਡੀਗੜ੍ਹ 'ਚ ਸੋਮਵਾਰ ਰਾਤ ਦਾ ਤਾਪਮਾਨ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
 

ਬੀਤੇ ਦਿਨ ਤੋਂ ਪੈ ਰਹੇ ਮੀਂਹ ਤੋਂ ਬਾਅਦ ਅੱਜ ਚੰਡੀਗੜ੍ਹ ਦਾ ਤਾਪਮਾਨ 9 ਡਿਗਰੀ, ਮੋਹਾਲੀ 8.7 ਡਿਗਰੀ, ਪਟਿਆਲਾ 7 ਡਿਗਰੀ, ਲੁਧਿਆਣਾ ਤੇ ਰੋਪੜ 8 ਡਿਗਰੀ, ਗੁਰਦਾਸਪੁਰ 6 ਡਿਗਰੀ, ਅੰਮ੍ਰਿਤਸਰ 'ਚ 8 ਡਿਗਰੀ, ਜਲੰਧਰ 7.4 ਡਿਗਰੀ, ਫਰੀਦਕੋਟ 'ਚ 8 ਡਿਗਰੀ, ਬਠਿੰਡਾ 'ਚ 9.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
 

 

ਦੱਸਣਯੋਗ ਹੈ ਕਿ ਮੌਸਮ ਨੇ ਲੰਘੇ ਹਫਤੇ ਦੇ ਅਖੀਰ 'ਚ ਥੋੜ੍ਹੀ ਜਿਹੀ ਕਰਵਟ ਲਈ ਸੀ ਅਤੇ ਦੋ-ਦਿਨ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੋਏ ਸਨ ਤੇ ਧੁੱਪ ਵੀ ਨਿਕਲੀ ਸੀ। ਲੋਕਾਂ ਨੇ ਧੁੱਪ ਦਾ ਆਨੰਦ ਲਿਆ ਸੀ ਪਰ ਸਨਿੱਚਰਵਾਰ ਨੂੰ ਮੁੜ ਸੂਰਜ ਬੱਦਲਾਂ ਪਿੱਛੇ ਲੁਕ ਗਿਆ, ਜਿਸ ਨਾਲ ਠੰਢ ਫਿਰ ਵੱਧ ਗਈ।
 

ਇਸ ਕਿਣਮਿਣ ਦਾ ਅਸਰ ਜਿਥੇ ਲੋਕਾਂ ਉੱਪਰ ਪੈ ਰਿਹਾ, ਉਥੇ ਹੀ ਫਸਲਾਂ ਉਪਰ ਵੀ ਇਸ ਦਾ ਅਸਰ ਪਵੇਗਾ। ਕਣਕ ਲਈ ਇਹ ਮੀਂਹ ਲਾਹੇਵੰਦਾ ਹੋ ਸਕਦਾ ਹੈ ਪਰ ਪੁਟਾਈ ਲਈ ਤਿਆਰ ਹੋ ਚੁੱਕੀ ਆਲੂਆਂ ਦੀ ਫਸਲ ਲਈ ਨੁਕਸਾਨਦੇਹ ਸਾਬਤ ਹੋਵੇਗਾ ਕਿਉਂਕਿ ਜੇਕਰ ਮੀਂਹ ਹੋਰ ਤੇਜ਼ ਹੁੰਦਾ ਹੈ ਤਾਂ ਆਲੂਆਂ ਦੇ ਖੇਤਾਂ 'ਚ ਪਾਣੀ ਖੜ੍ਹਾ ਹੋ ਜਾਵੇਗਾ। ਪਾਣੀ ਕਾਰਨ ਖੇਤਾਂ 'ਚ ਗਾਰਾ ਹੋ ਜਾਂਦਾ ਹੈ, ਜਿਸ ਨਾਲ ਆਲੂ ਪੁੱਟਣ 'ਚ ਸਮੱਸਿਆ ਆਉਂਦੀ ਹੈ। 

 


 

ਉੱਧੜ ਉਤਰਾਖੰਡ ਵਿੱਚ ਬਰਫਬਾਰੀ ਜਾਰੀ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਬਦਰੀਨਾਥ, ਕੇਦਾਰਨਾਥ, ਹੇਮਕੁੰਟ ਸਾਹਿਬ ਅਤੇ ਵੈਲੀ ਆਫ ਫੁੱਲ 'ਚ ਵੀ ਸੋਮਵਾਰ ਤੇ ਮੰਗਲਵਾਰ ਸਵੇਰੇ ਬਰਫਬਾਰੀ ਹੋਈ।
 

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫਬਾਰੀ ਹੋਈ, ਜਦੋਂ ਕਿ ਨੀਵੇਂ ਇਲਾਕਿਆਂ ਅਤੇ ਮੈਦਾਨੀ ਇਲਾਕਿਆਂ ਵਿੱਚ ਬਾਰਸ਼ ਹੋਈ। ਤਾਪਮਾਨ ਆਮ ਨਾਲੋਂ ਛੇ-ਸੱਤ ਡਿਗਰੀ ਹੇਠਾਂ ਆ ਗਿਆ। ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਸ਼ੀਤ ਲਹਿਰ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain continued to lash most parts of Punjab and Haryana