ਰਾਜ ਸਭਾ ਚੋਣਾਂ ਅਤੇ ਮੱਧ ਪ੍ਰਦੇਸ਼ 'ਚ ਪੈਦਾ ਹੋਏ ਸਿਆਸੀ ਸੰਕਟ ਨੇ ਜਿੱਥੇ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ, ਉੱਥੇ ਹੀ ਹਿਮਾਚਲ ਪ੍ਰਦੇਸ਼ 'ਚ ਹੋਈ ਤਾਜ਼ਾ ਬਰਫ਼ਬਾਰੀ ਤੇ ਪੰਜਾਬ ਸਮੇਤ ਉੱਤਰੀ ਸੂਬਿਆਂ 'ਚ ਪਏ ਮੀਂਹ ਨੇ ਪਾਰਾ ਘਟਾ ਦਿੱਤਾ ਹੈ।
ਮੌਸਮ ਨੇ ਇੱਕ ਵਾਰ ਫਿਰ ਆਪਣਾ ਮਿਜ਼ਾਜ ਬਦਲ ਲਿਆ ਹੈ। ਪਹਾੜਾਂ 'ਚ ਖੂਬ ਬਰਫ਼ਬਾਰੀ ਹੋ ਰਹੀ ਹੈ ਅਤੇ ਇਸ ਦਾ ਅਸਰ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ 'ਚ ਵੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਇਲਾਕਿਆਂ 'ਚ ਹੋ ਰਹੀ ਬਰਫ਼ਬਾਰੀ ਤੇ ਮੀਂਹ ਨਾਲ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕੁੱਲੂ 'ਚ ਪਿਛਲੇ 3 ਦਿਨ ਤੋਂ ਆਸਮਾਨ ਤੋਂ ਡਿੱਗ ਰਹੀ ਬਰਫ ਮੁਸੀਬਤ ਬਣ ਰਹੀ ਹੈ।
ਬੁੱਧਵਾਰ ਰਾਤ ਨੂੰ ਸ਼ਿਮਲਾ, ਮਨਾਲੀ, ਕਿਨੌਰ, ਲਾਹੌਲ ਸਪੀਤੀ, ਕੁੱਲੂ, ਸਿਰਮੌਰ, ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ 'ਚ ਬਰਫ਼ਬਾਰੀ ਹੋਈ ਹੈ। ਸ਼ਿਮਲਾ 'ਚ ਕੁਫਰੀ, ਨਾਰਕੰਡਾ, ਖੜਾਪੱਥਰ 'ਚ ਤਾਜ਼ਾ ਬਰਫ਼ਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਕੁਫਰੀ-ਨਾਰਕੰਡਾ ਹਾਈਵੇਅ ਬੰਦ ਹੋ ਗਿਆ ਹੈ।
ਤਸਵੀਰਾਂ : ਸੰਜੀਵ ਸ਼ਰਮਾ
ਸ਼ਿਮਲਾ ਤੋਂ ਇਲਾਵਾ ਧਰਮਸ਼ਾਲਾ ਵਿੱਚ ਵੀ ਬੁੱਧਵਾਰ ਰਾਤ ਨੂੰ ਖੂਬ ਮੀਂਹ ਪਿਆ। ਹਾਲਾਂਕਿ ਵੀਰਵਾਰ ਸਵੇਰੇ ਸ਼ਿਮਲਾ ਅਤੇ ਧਰਮਸ਼ਾਲਾ ਵਿੱਚ ਹਲਕੀ ਧੁੱਪ ਨਿਕਲੀ। ਪੰਜਾਬ 'ਚ ਹੋਈ ਬਾਰਸ਼ ਅਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀਆਂ ਪੱਕੀਆਂ ਕਣਕਾਂ ਬਰਬਾਦ ਹੋ ਗਈਆਂ ਹਨ। ਫਸਲਾਂ 'ਚ ਗੜ੍ਹੇ ਅਤੇ ਮੀਂਹ ਪੈਣ ਕਾਰਨ ਪਾਣੀ ਇਕੱਠਾ ਹੋ ਗਿਆ ਹੈ। ਮੀਂਹ ਕਾਰਨ ਕਣਕ ਦੀ ਫਸਲ ਜ਼ਮੀਨ 'ਤੇ ਵਿਛ ਗਈ ਹੈ ਅਤੇ ਬਿਲਕੁਲ ਖਰਾਬ ਹੋ ਚੁੱਕੀ ਹੈ। ਕਣਕ ਦੇ ਨਾਲ-ਨਾਲ ਆਲੂ ਦੀ ਫਸਲ ਨੂੰ ਵੀ ਮੀਂਹ ਕਾਰਨ ਕਾਫੀ ਨੁਕਸਾਨ ਪੁੱਜਿਆ ਹੈ।