ਰਾਜਸਥਾਨ ਦੇ ਵਫ਼ਦ ਨੇ ਪੰਜਾਬ ਦੀ ਜ਼ਮੀਨੀ ਮਲਕੀਅਤ ਸਬੰਧੀ ਤਿਆਰ ਜਮ੍ਹਾਬੰਦੀ ਪ੍ਰਣਾਲੀ 'ਚ ਦਿਲਚਸਪੀ ਦਿਖਾਈ
ਰਾਜਸਥਾਨ ਦੇ ਮਾਲ ਮੰਤਰੀ ਹਰੀਸ਼ ਚੌਧਰੀ ਦੀ ਪ੍ਰਧਾਨਗੀ ਹੇਠ ਰਾਜਸਥਾਨ ਦੇ ਸੀਨੀਅਰ ਅਹੁਦੇਦਾਰਾਂ ਦੇ ਇੱਕ ਵਫ਼ਦ ਨੇ ਅੱਜ ਇਥੇ, ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਮੁਲਾਕਾਤ ਕੀਤੀ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕਾਂਗੜ ਨੇ ਦੱਸਿਆ ਕਿ ਰਾਜਸਥਾਨੀ ਵਫ਼ਦ ਦੇ ਇਸ ਦੌਰੇ ਦਾ ਉਦੇਸ਼ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਮਾਲ ਵਿਭਾਗ ਵਲੋਂ ਅਪਣਾਈ ਗਈ ਉੱਤਮ ਕਾਰਜ ਪ੍ਰਣਾਲੀ ਨੂੰ ਰਾਜਸਥਾਨ ਵਿੱਚ ਲਾਗੂ ਕਰਕੇ ਮਾਲ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਹੈ।
ਰਾਜਸਥਾਨ ਅਤੇ ਪੰਜਾਬ ਦੇ ਮਾਲ ਮੰਤਰੀਆਂ ਦੀ ਰਸਮੀ ਮੀਟਿੰਗ ਤੋਂ ਬਾਅਦ ਦੋਵਾਂ ਸੂਬਿਆਂ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਵਿਸਥਾਰਤ ਵਿਚਾਰ ਚਰਚਾ ਕੀਤੀ। ਇਸ ਦੌਰਾਨ ਪੰਜਾਬ ਵਿੱਚ ਮਾਲ ਵਿਭਾਗ ਦੇ ਰੈਵੀਨਿਊ ਐਕਟ, ਨਿਯਮਾਂ ਅਤੇ ਪ੍ਰਬੰਧਕੀ ਵਿਵਸਥਾ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਰਾਜਸਥਾਨ ਦੇ ਅਧਿਕਾਰੀਆਂ ਵੱਲੋਂ ਪੰਜਾਬ ਰਾਜ ਦੇ ਜ਼ਮੀਨੀ ਮਲਕੀਅਤ ਸਬੰਧੀ ਤਿਆਰ ਕੀਤੀ ਜਮ੍ਹਾਬੰਦੀ ਪ੍ਰਣਾਲੀ ਵਿੱਚ ਗਹਿਰੀ ਦਿਲਚਸਪੀ ਦਿਖਾਈ, ਜਿਸ ਸਦਕੇ ਪੰਜਾਬ ਵਿੱਚ ਹਰੀ ਕ੍ਰਾਂਤੀ ਆਈ।
ਪੰਜਾਬ ਦੁਆਰਾ ਜ਼ਮੀਨੀ ਰਿਕਾਰਡ ਦੇ ਕੰਪਿਊਟਰੀਕਰਨ ਦੀ ਪਹਿਲਕਦਮੀ ਤੋਂ ਰਾਜਸਥਾਨੀ ਵਫ਼ਦ ਬਹੁਤ ਪ੍ਰਭਾਵਤ ਹੋਇਆ ਅਤੇ ਪੰਜਾਬ ਵਿਚ ਮਾਲ ਰਿਕਾਰਡ ਦੀ ਦੇਖ-ਰੇਖ ਅਤੇ ਅਪਡੇਸ਼ਨ ਨੂੰ ਵਿਸਥਾਰ ਨਾਲ ਸਮਝਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਮੁੱਖ ਸਕੱਤਰ (ਮਾਲ) ਪੰਜਾਬ, ਸ੍ਰੀ ਕੇ ਬੀ ਐਸ ਸਿੱਧੂ, ਵਧੀਕ ਸਕੱਤਰ ਮਾਲ ਪੰਜਾਬ, ਕੈਪਟਨ ਕਰਨੈਲ ਸਿੰਘ ਤੋਂ ਰਾਜਸਥਾਨ ਪ੍ਰਬੰਧਕੀ ਸੇਵਾਵਾਂ ਦੇ ਅਧਿਕਾਰੀ ਸ੍ਰੀ ਐਲ.ਆਰ ਗੁੱਗਰਵਾਲ ਅਤੇ ਸ੍ਰੀ ਰਾਕੇਸ਼ ਸ਼ਰਮਾ ਸ਼ਾਮਲ ਸਨ।