ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਵੱਖਰੀ ਪਛਾਣ ਵਾਲੀ ਮਿੰਨੀ ਕਹਾਣੀ ਲੇਖਿਕਾ ਸੀ – ਰਾਜਿੰਦਰ ਕੌਰ ਵੰਤਾ

ਇੱਕ ਵੱਖਰੀ ਪਛਾਣ ਵਾਲੀ ਮਿੰਨੀ ਕਹਾਣੀ ਲੇਖਿਕਾ ਸੀ – ਰਾਜਿੰਦਰ ਕੌਰ ਵੰਤਾ

ਮਿੰਨੀ ਕਹਾਣੀ ਦੇ ਵੱਡੇ ਸਿਰਜਕ – 19
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

    ਜੇਕਰ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਇਸ ਵਿਚ ਇਸਤਰੀ ਲੇਖਕਾਵਾਂ ਘੱਟ ਹੀ ਹਨ, ਮਿੰਨੀ ਕਹਾਣੀ ਵਿਚ ਤਾਂ ਹੋਰ ਵੀ ਘੱਟ ਹਨ। ਫੇਰ ਵੀ ਸ਼ੁਰੂਆਤੀ ਦੌਰ ਵਿਚ ਸ਼੍ਰੀਮਤੀ ਅਨਵੰਤ ਕੌਰ, ਸ਼ਰਨ ਮੱਕੜ ਅਤੇ ਰਾਜਿੰਦਰ ਕੌਰ ਵੰਤਾ ਨੇ ਮਿੰਨੀ ਕਹਾਣੀ ਦੇ ਖੇਤਰ ਵਿਚ ਆਪਣੀ ਹੌਂਦ ਜਤਾਈ। ਰਾਜਿੰਦਰ ਕੌਰ ਵੰਤਾ ਨੇ ਇਸ ਵਿਧਾ ਦੇ ਬਲਬੂਤੇ ਤੇ ਸਾਹਿਤਕ ਖੇਤਰ ਵਿਚ ਇੱਕ ਵੱਖਰੀ ਪਛਾਣ ਕਾਇਮ ਕੀਤੀ ਅਤੇ ਬੇਬਾਕੀ ਨਾਲ ਲਿਖਿਆ। ਇਨਾਂ ਦੀਆਂ ਬਹੁਤੀਆਂ ਮਿੰਨੀ ਕਹਾਣੀਆਂ ਔਰਤ ਮਨ ਦੇ ਭਾਵਾਂ ਦੀ ਤਰਜ਼ਮਾਨੀ ਕਰਦੀਆਂ ਹੋਈਆਂ ਉਸ ਨੂੰ ਸਮਾਜਿਕ ਕੁਰੀਤਿਆਂ ਦੇ ਵਿਰੁੱਧ ਲੜਨ ਲਈ ਪ੍ਰਰੇਦੀਆਂ ਹਨ।


    ਉਨ੍ਹਾਂ ਦੇ ਪੰਜ ਮਿੰਨੀ ਕਹਾਣੀ ਸੰਗ੍ਰਹਿ ‘ਪਰਵਾਸੀ ਪੰਛੀ’, ‘ਸਕਤਾ’, ‘ਤੇ ਲੂਣਾ ਰੋ ਪਈ’, ‘ਮਸੀਹਾ ਲਟਕਦਾ ਰਿਹਾ’ ਤੇ ‘ਖਾਮੋਸ਼ ਜਵਾਲਾਮੁਖੀ’ ਛਪੇ। ਉਹ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਲਈ ਵੀ ਯਤਨ ਕਰਦੇ ਰਹੇ। ਉਨ੍ਹਾਂ ਦਾ ਇੱਕ ਕਹਾਣੀ ਸੰਗ੍ਰਹਿ ਅਤੇ ਕਾਵਿ ਸੰਗ੍ਰਹਿ ਵੀ ਛਪਿਆ। ਇਸ ਤੋਂ ਇਲਾਵਾ ਚੌਣਵੀਆਂ ਮਿੰਨੀ ਕਹਾਣੀਆਂ ਦਾ ਅਨੁਵਾਦ ‘ਭੂਚਾਲ’ ਨਾਂ ਦੀ ਪੁਸਤਕ ਵਿਚ ਪ੍ਰਕਾਸ਼ਿਤ ਹੋਇਆ।


    ਰਾਜਿੰਦਰ ਕੌਰ ਵੰਤਾ ਦਾ ਜਨਮ 2 ਮਾਰਚ 1950 ਨੂੰ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਹੋਇਆ। ਇਨਾਂ ਦਾ ਵਿਆਹ ਸ੍ਰ. ਇਕਬਾਲ ਸਿੰਘ ਵੰਤਾ ਨਾਲ ਹੋਇਆ। ਇਨਾਂ ਦੇ ਸਹੁਰਾ ਸਾਹਿਬ ਸ੍ਰ. ਜਸਵੰਤ ਸਿੰਘ ਵੰਤਾ ਪ੍ਰਸਿੱਧ ਸਟੇਜੀ ਸ਼ਾਇਰ ਸਨ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਇਨਾਂ ਨੇ ਲੇਖਣ ਖੇਤਰ ਵਿਚ ਪ੍ਰਵੇਸ਼ ਕੀਤਾ। ਇਨਾਂ ਨੂੰ ਕਈ ਮਾਣ–ਸਨਮਾਨ ਵੀ ਹਾਸਿਲ ਹੋਏ, ਜਿਨ੍ਹਾਂ ਵਿਚ ਕੇਂਦਰੀ ਪੰਜਾਬੀ ਕਹਾਣੀ ਲੇਖਕ ਮੰਚ, ਪਟਿਆਲਾ ਦਾ ‘ਪੰਜਵਾਂ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ’ ਪਟਿਆਲਾ ਵੀ ਸ਼ਾਮਿਲ ਹੈ। 


18 ਮਾਰਚ 2005 ਨੂੰ ਰਾਜਿੰਦਰ ਕੌਰ ਵੰਤਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ। ਪੇਸ਼ ਹਨ ਉਨ੍ਹਾਂ ਦੀਆਂ ਕੁਝ ਮਿੰਨੀ ਕਹਾਣੀਆਂ:

ਖ਼ਾਮੋਸ਼ ਜਵਾਲਾਮੁਖੀ

ਆਪਣੀ ਆਗਾਮੀ ਜ਼ਿੰਦਗੀ ਦੇ ਸਰੂਰ ਦੀਆਂ ਵਾਦੀਆਂ ’ਚ ਲੱਗ ਰਹੀਆਂ ਕਾਲਪਨਿਕ ਉਡਾਰੀਆਂ ਉਸ ਨੂੰ ਹਕੀਕਤ ਤੋਂ ਪਰਾਂ ਦੀ ਸ਼ੈਅ ਨਹੀਂ ਸੀ ਲੱਗ ਰਹੀਆਂ। ਪੂਰੇ ਚਾਰ ਦਿਨਾਂ ਬਾਅਦ ਉਸ ਦਾ ਵਿਅਕਤਿਤਵ, ਸ਼ਹਿਨਾਈਆਂ ਦੀ ਗੂੰਜ ਨਾਲ ਸ਼ਿੰਗਾਰਿਆਂ ਜੋ ਜਾਣਾ ਸੀ।

ਐਮ.ਬੀ.ਏ. ਦਾ ਅੰਤਿਮ ਪਰਚਾ ਦੇ ਉਹ ਆਪਣੇ ਹੋਸਟਲ ਦੇ ਸਾਥੀਆਂ ਨੂੰ ਅਲਵਿਦਾ ਕਹਿ, ਉਸ ਘਰ ਵਿਚ ਵਾਪਸ ਆ ਰਹੀ ਸੀ, ਜਿੱਥੇ ਸਾਰੇ ਸਾਕ ਸੰਬੰਧੀ ਉਸ ਦੇ ਵਿਆਹ ਦੀ ਤਿਆਰੀ ਵਿਚ ਰੁੱਝੇ, ਉਸ ਦੀ ਉਡੀਕ ਕਰ ਰਹੇ ਸਨ। ਉਸ ਨੂੰ ਪਤਾ ਹੀ ਨਾ ਲੱਗਾ ਕਿ ਰਾਹ ਵਿੱਚ ਆਏ ਇਕ ਸਟੇਸ਼ਨ ’ਤੇ ਸਾਰੀਆਂ ਸਵਾਰੀਆਂ ਉਤਰ ਗਈਆਂ ਸਨ ਤੇ ਉਸ ਖਾਲੀ ਡੱਬੇ ਵਿੱਚ ਸਾਹਮਣੀ ਸੀਟ ’ਤੇ ਬੈਠੇ ਵਿਅਕਤੀ ਦੀਆਂ ਵਾਸਨਾ-ਯੁਕਤ ਨਜ਼ਰਾਂ ਉਸ ਨੂੰ ਜਿਵੇਂ ਸਬੂਤੇ ਦਾ ਸਬੂਤਾ ਨਿਗਲ ਜਾਣ ਲਈ ਬੇਕਰਾਰ ਸਨ।

ਇਸ ਤੋਂ ਪਹਿਲਾਂ ਕਿ ਭੈ-ਭੀਤ ਹੋਈ ਕੁੜੀ ਆਪਣਾ ਆਪ ਸੰਭਾਲਦੀ ਉਹ ਵਿਅਕਤੀ ਇਕ ਭਿਆਨਕ ਜਾਨਵਰ ਦੀ ਤਰਾਂ ਉਸ ਨਾਜ਼ੁਕ ਮਲੂਕ ਬਦਨ ’ਤੇ ਝਪਟਿਆ ਤੇ ਵੇਖਦੇ -ਵੇਖਦੇ ਇਕ ਕੋਮਲ ਕਲੀ, ਕਰੂਰ ਵਾਸਨਾ ਦੀ ਬਲੀ ਚੜ ਗਈ।

ਕਿਸੇ ਉਚਿਤ ਜਗਾ ਤੇ ਗੱਡੀ ਵਿੱਚੋਂ ਨਿਕਲ ਜਾਣ ਦੇ ਵਿਚਾਰ ਨਾਲ ਉਹ ਵਿਅਕਤੀ ਬੂਹੇ ’ਚ ਖੜ੍ਹਾ, ਕੱਪੜੇ ਸੰਭਾਲਦੀ ਮਾਸੂਮ ਕੁੜੀ ਦੇ ਅੰਦਰ ਨਾ ਜਾਣੇ ਕਿੰਨੇ ਹੀ ਜਵਾਲਾ ਮੁਖੀ ਫੁੱਟ ਉੱਠੇ। ਲੋਹੀ ਲਾਖੀ ਹੋਈ, ਅਰਧ ਨਗਨ ਅਵਸਥਾ ਵਿਚ ਹੀ ਉੱਠ, ਉਸ ਨੇ ਇਕੋ ਝਟਕੇ ਨਾਲ ਬੂਹੇ ਵਿਚ ਖੜੇ ਬਦਮਾਸ਼ ਨੂੰ ਧੱਕਾ ਦੇ ਦਿੱਤਾ।

ਇਸ ਘਟਨਾ ਤੋਂ ਚਾਰ ਦਿਨ ਬਾਅਦ ਡੋਲੀ ਵਿਚ ਬੈਠਦਿਆਂ ਭਾਵੇਂ ਉਸ ਦੇ ਚਿਹਰੇ ਤੇ ਪਹਿਲਾਂ ਵਰਗਾ ਖੇੜਾ ਤਾਂ ਨਹੀਂ ਸੀ ਪਰ ਆਤਮਾ ਬਦਲਾ ਲੈ ਲੈਣ ਦੇ ਕਰਮ ਨਾਲ ਸੰਤੋਸ਼ ਵਿਚ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸ ਨੇ ਅਨੁਭਵ ਕੀਤਾ ਕਿ ਉਸ ਦੀ ਕੁੱਖ ਕਿਸੇ ਨਵੇਂ ਜੀਅ ਨੂੰ ਪਨਾਹ ਦੇਣ ਦਾ ਸੁਨੇਹਾ ਦੇ ਚੁੱਕੀ ਹੈ। ਇਕ ਖੁਸ਼ੀ, ਇਕ ਭੈਅ, ਦੋਵੇਂ ਹੀ ਉਸ ਦੇ ਦਿਲੋ-ਦਿਮਾਗ ਦੀਆਂ ਲੀਹਾਂ ਤੇ ਸਾਮਾਨਾਂਤਰ ਰੂਪ ਵਿੱਚ ਚੱਲ ਰਹੇ ਸਨ। ਪਰ ਬਹੁਤ ਛੋਟੇ ਕੱਦ ਵਾਲੇ ਅਤੀਤ ਦੇ ਲਹੂ-ਪੀਣੇ ਭੈਅ ਨੂੰ ਆਪਣੀ ਉੱਚੇ ਲੰਬੇ ਕੱਦ ਵਾਲੀ, ਗ੍ਰਹਿਸਥ ਦੀ ਸੁਨਹਿਰੀ ਜ਼ਿੰਦਗੀ ਦੇ ਅਹਿਸਾਸ ਨਾਲ ਪਰਾਂ ਧਕੇਲਦਿਆਂ ਉਸ ਨੇ ਘਰ ਦੇ ਹਰ ਕੋਨੇ ਵਿਚ ਆਪਣੇ ਪਤੀ ਦੀ ਤਸਵੀਰ ਲਗਾ ਦਿੱਤੀ।

“ਹੇ ਪ੍ਰਮਾਤਮਾ! ਇਹ ਬੱਚਾ ਮੇਰੇ ਪਤੀ ਦਾ ਹੀ ਹੋਵੇ।“ ਇਕ ਖਾਮੋਸ਼ ਅਰਦਾਸ ਉਹ ਸਵੇਰੇ ਸ਼ਾਮ ਕਰਦੀ ਰਹਿੰਦੀ। ਤੇ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਬਿਲਕੁਲ ਆਪਣੀ ਪਤੀ ਦਾ ਮੁਹਾਂਦਰਾ ਵੇਖ, ਉਸ ਦੇ ਵਿਸ਼ਵਾਸ ਤੇ ਸੰਤੋਸ਼ ਦਾ ਕੱਦ ਹੋਰ ਵੀ ਉਚੇਰਾ ਹੋ ਗਿਆ।

ਇਕ ਦੁਪਹਿਰ ਆਪਣੇ ਪੰਜ ਛੇ ਮਹੀਨੇ ਦੇ ਬੱਚੇ ਨੂੰ ਦੁੱਧ ਚੁੰਘਾਉਂਦਿਆਂ ਉਸ ਦੀ ਅੱਖ ਲੱਗ ਪਈ। ਗੂੜੀ ਨੀਂਦ ਵਿਚ ਅਚਾਨਕ, ਨਿੱਕੇ ਨਿੱਕੇ ਨਹੁੰਆਂ ਵਾਲੇ ਹੱਥਾਂ ਨੂੰ ਆਪਣੀ ਛਾਤੀ ਨਾਲ ਖੇਡਦਿਆਂ ਮਹਿਸੂਸ ਕਰ ਉਹ ਤ੍ਰਬਕ ਕੇ ਉੱਠ ਬੈਠੀ। ਬੱਚੇ ਨੂੰ ਕਿਲਕਾਰੀਆਂ ਮਾਰਦਿਆਂ ਦੇਖ ਗੱਡੀ ਦੇ ਡੱਬੇ ਵਿਚ ਖਿਲਰੇ-ਇਕ ਹਵਸੀ ਹਾਸੇ ਦਾ ਦ੍ਰਿਸ਼ ਉਸ ਦੇ ਦਿਲੋ-ਦਿਮਾਗ਼ ਨੂੰ ਵਲੂੰਧਰਦਾ ਅੱਗੇ ਨਿਕਲ ਗਿਆ।

===========

ਆਪਣੇ ਪਰਾਏ

 ‘‘ਯਾਰ! ਮੈਂ ਤਾਂ ਆਪ ਸੋਚਦਾਂ ਕਿ ਤੇਰੇ ਹੀ ਵਾਂਗ, ਅਮਰੀਕਾ ਪੜ ਰਹੀਆਂ, ਆਪਣੀਆਂ ਕੁੜੀਆਂ ਲਈ ਚੰਗੇ ਜਿਹੇ ਮੁੰਡੇ ਲੱਭ, ਉਹਨਾਂ ਨੂੰ ਉਥੇ ਹੀ ਸੈਂਟਲ ਕਰ ਦਿਆਂ।’’ ਮਿ. ਵਿਵੇਕ ਨੇ ਬੜੇ ਸੰਜੀਦਾ ਜਿਹੇ ਲਹਿਜੇ ਨਾਲ, ਆਪਣੇ ਵਪਾਰੀ ਦੋਸਤ ਨੂੰ ਦਿਲ ਦੀ ਗੱਲ ਦਸਦਿਆਂ ਕਿਹਾ।

‘‘ਠੀਕ ਹੈ ਯਾਰ! ਠੀਕ ਹੈ! ਇਸ ਦੇਸ਼ ਵਿਚ ਉਂਝ ਵੀ, ਸ਼ਰੀਫ ਬੰਦਿਆਂ ਲਈ ਕੋਈ ਐਸ਼ੋ ਆਰਾਮ ਤਾਂ ਹੈ ਹੀ ਨਹੀਂ। ਸੱਚ ਪੁੱਛੋ ਤਾਂ ਮੇਰੇ ਦੋਵੇਂ ਬੱਚੇ ਉਥੇ ਬੜੇ ਆਨੰਦ ਵਿੱਚ ਨੇ।’’ ਸ਼ੁਰੂ ਹੋ ਚੁੱਕੇ ਪਹਾੜੀ ਇਲਾਕੇ ਤੇ ਆਪਣੀ ਕੰਨਟੈਸਾ ਗੱਡੀ ਨੂੰ ਮਿਸਟਰ ਸਿੰਗਲਾ ਨੇ ਦੂਜੇ ਗੇਅਰ ਵਿਚ ਪਾਉਂਦਿਆਂ ਕਿਹਾ।
‘‘ਯਾਰ ਸਿੰਗਲਾ! ਅੱਜ ਰਾਤੀਂ ਵੀ, ਉਸੇ ਸਾਹਮਣੇ ਵਾਲੇ ਬੰਗਲੇ ਵਿਚ ਹੀ ਠਹਿਰਦੇ ਹਾਂ।’’ ਡਾਕ ਬੰਗਲਾ ਨਜ਼ਰ ਆਉਂਦਿਆਂ ਹੀ ਮਿ. ਵਿਵੇਕ ਜਿਵੇਂ ਸਭ ਕੁਝ ਭੁੱਲ ਹੀ ਗਏ।

‘‘ਕਿਉਂ ਨਹੀਂ, ਕਿਉਂ ਨਹੀ!’’ ਮਿ. ਸਿੰਗਲਾ ਨੇ ਮਿਚਾਉਂਦਿਆਂ ਅੱਖਾਂ ਨਾਲ ਉਸ ਵੱਲ ਵੇਖਿਆ ਤੇ ਇਕ ਸ਼ਰਾਰਤੀ ਜਿਹੀ ਮੁਸਕ੍ਰਾਹਟ ਦੋਹਾਂ ਦੇ ਚਿਹਰਿਆਂ ਤੇ ਖੇਡਣ ਲੱਗੀ। ਥੋੜੀ ਹੀ ਦੇਰ ’ਚ ਆਪਣਾ ਸਾਮਾਨ ਡਾਕ-ਬੰਗਲੇ ਦੇ ਇਕ ਕਮਰੇ ’ਚ ਟਿਕਾ ਚੌਕੀਦਾਰ ਦੇ ਹੱਥ ਪੰਜ ਸੌ ਦਾ ਕੜਕਦਾ ਨੋਟ ਰੱਖ ਉਸ ਦੇ ਕੰਨ ’ਚ ਕੁਝ ਸਮਝਾਉਂਦਿਆਂ ਉਹ ਦੋਵੇਂ ਆਲੇ -ਦੁਆਲੇ ਦੀ ਹੁਸੀਨ ਵਾਤਾਵਰਣ ਦਾ ਆਨੰਦ ਮਾਨਣ ਬਾਹਰ ਨਿਕਲ ਗਏ।

ਜਦ ਸ਼ਾਮ ਦੀ ਲਾਲਿਮਾ ਆਪਣੇ ਹੁਸਨ ਨੂੰ ਛੁਪਾਉਣ ਲਈ ਪੱਛਮ ਦੀ ਗੋਦ ਵਿਚ ਸਿਮਟ ਰਹੀ ਸੀ ਤਾਂ ਉਹ ਦੋਵੇਂ ਆਪਣੇ ਉਸੇ ਕਮਰੇ ਵਲ ਰਤ ਰਹੇ ਸਨ ਜਿਥੇ ਸੋਲਾਂ ਸਤਾਰਾਂ ਸਾਲਾਂ ਦੀ ਕੋਮਲ ਜਿਹੀ ਕਲੀ, ਘਰ ਦੀ ਮੁਫਲ ਸੀ ਤੋਂ ਥੋੜੀ ਰਾਹਤ ਪਾਉਣ ਲਈ, ਹੱਥ ਵਿਚ ਸ਼ਰਾਬ ਫੜੀ ਉਹਨਾਂ ਦੀ ਸੇਵਾ ਲਈ ਹਾਜ਼ਰ ਸੀ।

ਰਾਤ ਦੇਰ ਤੱਕ ਨਸ਼ੇ ਵਿਚ ਮਦਹੋਸ਼ ਹੋਏ, ਉਹ ਉਸ ਸੋਹਲ ਜਿਹੇ ਹੁਸਨ ਨੂੰ ਮਾਣਦੇ ਰਹੇ। ਕੋਮਲ ਜਿਹੀ ਕੁੜੀ ਆਪਣੇ ਕੱਪੜੇ ਸੰਭਾਲਦਿਆਂ, ਲੜਖੜਾਉਂਦੀ ਹੋਈ ਬਾਹਰ ਨਿਕਲ ਰਹੀ ਸੀ ਤਾਂ ਨਹਾ ਧੋ ਕੇ ਤਿਆਰ ਹੋਏ ਉਹ ਦੋਵੇਂ ਸ਼ਰੀਫ ਆਦਮੀ ਚੌਕੀਦਾਰ ਦੇ ਹੱਥ ’ਤੇ ਸੌ ਦਾ ਨੋਟ ਬਖਸ਼ੀਸ਼ ਵਜੋਂ ਰੱਖ, ਆਪਣੀ ਚਮਚਮਾਉਂਦੀ ਕਾਰ ’ਚ ਬੈਠ ਰਹੇ ਸਨ।

==========

ਸਵੈ-ਮਾਣ

ਸਕਲੋਂ ਸੂਰਤੋਂ ਉਹ ਨੌਜੁਆਨ ਰਿਕਸ਼ਾ ਚਾਲਕ, ਪੜਿਆ ਲਿਖਿਆ ਜਾਪਦਾ ਸੀ। ਰਿਕਸ਼ੇ ਵਿੱਚ ਬੈਠਿਆਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਉਸ ਦੀ ਕਮੀਜ਼ ਕਈ ਥਾਵਾਂ ਤੋਂ ਫਟੀ ਹੋਈ ਸੀ। ਇਵੇਂ ਲਗਦਾ ਸੀ ਕਿ ਉਸ ਦੀ ਸਿਲਾਈ ਕਈ ਵਾਰੀ ਹੋ ਚੁੱਕੀ ਸੀ ਪਰ ਕਮੀਜ਼, ਜਿਵੇਂ ਛੋਟੇ ਰਹਿਣ ਲਈ ਹੀ ਬਾ-ਜ਼ਿੱਦ ਸੀ।

“ਕਿਤਨੀਆਂ ਨਵੀਆਂ ਨਵੀਆਂ ਕਮੀਜ਼ਾਂ ਮੇਰੀ ਅਲਮਾਰੀ ਵਿਚ ਰੁਲ ਰਹੀਆਂ ਹਨ ਕਿਉਂ ਨਾ ਇਕ ਅੱਧ ਇਸ ਨੂੰ ਹੀ ਦੇ ਦੇਵਾਂ।” ਮੈਂ ਆਪਣੇ ਆਪ ਨਾਲ ਗੱਲ ਕੀਤੀ।

ਜ਼ਦੋਂ ਰਿਕਸ਼ਾ ਮੇਰੇ ਘਰ ਅੱਗੇ ਰੁਕੀ ਤਾਂ ਮੈਂ ਕੁਝ ਝਕਦਿਆਂ ਝਕਦਿਆਂ ਕਿਹਾ, “ਵੀਰਾ ਤੇਰੀ ਕਮੀਜ਼ ਦੀ ਹਾਲਤ ਕਾਫੀ ਖਸਤਾ ਏ, ਜੇ ਤੂੰ ਬੁਰਾ ਨਾ ਮੰਨੇ ਤਾਂ ਇਕ ਮਿੰਟ ਰੁਕ, ਮੈਂ ਤੈਨੂੰ ਅੰਦਰੋਂ ਇਕ ਕਮੀਜ਼ ਲਿਆ ਦਿੰਦਾ ਹਾਂ।”

“ਨਹੀਂ ਸਰਦਾਰ ਜੀ। ਫਟੀ ਹੋਈ ਕਮੀਜ਼ ਤਾਂ ਮੈਂ ਜਾਣ ਬੁਝ ਕੇ ਪਾਈ ਹੈ। ਇਸ ਵਿਚ ਗਰਮੀ ਘੱਟ ਲਗਦੀ ਹੈ।” ਮੁਸਕਰਾ ਕੇ ਕਹਿੰਦਿਆਂ ਉਸ ਨੇ ਰਿਕਸ਼ਾ ਤਾਂ ਅੱਗੇ ਤੋਰ ਲਿਆ ਪਰ ਉਸ ਦੇ ਸਵੈ-ਮਾਣ ਦੀ ਬੁੱਕਲ ਵਿਚ ਉਸ ਦੀ ਵਿਰਲਾਪ ਕਰਦੀ ਲਾਚਾਰੀ, ਮੇਰੀਆਂ ਅੱਖਾਂ ਤੋਂ ਛੁਪੀ ਨਾ ਰਹਿ ਸਕੀ।

==========

 

ਅੰਨੀ ਬਸਤੀ ਗੂੰਗੇ ਲੋਕ

 ‘ਤੁਸੀਂ ਕੁਝ ਸੁਣਿਐ?’

 ‘ਨਹੀਂ।’

“ਤੁਸੀਂ ਕੁਝ ਵੇਖਿਐ?”

“ਨਹੀਂ।”

“ਲਗਦੈ ਕਿਸੇ ਦੇ ਕੰਨ ਸੁਣ ਨਹੀਂ ਸਕਦੇ।”

“ਇਥੇ ਹਰ ਬੰਦਾ ਅੰਨਾਂ ਹੋ ਗਿਆ ਜਾਪਦੈ।”

‘ਉਹ ਵੇਖੋ, ਉਹ ਵੇਖੋ, ਸੜਕ ਦੇ ਕਿਨਾਰੇ ਇਕ ਨੌਜਵਾਨ ਔਰਤ ਦੀ ਨੰਗੀ ਲਾਸ਼ ਪਈ ਹੈ।’

ਇਕ ਵਿਅਕਤੀ ਜਿਸ ਨੂੰ ਇਸ ਬਸਤੀ ਦੇ ਲੋਕਾਂ ਨੇ ਪਾਗਲ ਕਰਾਰ ਦਿੱਤਾ ਸੀ, ਘਬਰਾਇਆ ਹੋਇਆ ਸੜਕ ਵੱਲ ਇਸ਼ਾਰਾ ਕਰਦਿਆਂ ਸਭ ਨੂੰ ਦੱਸਦਾ ਫਿਰ ਰਿਹਾ ਸੀ। 

ਉਹ ਦੱਸ ਰਿਹਾ ਸੀ ਕਿ ਅੱਧੀ ਰਾਤ ਵੇਲੇ ਕਿਸੇ ਔਰਤ ਦੀਆਂ ਚੀਕਾਂ ਦੀ ਬੜੀ ਆਵਾਜ਼ ਆਈ ਸੀ।

ਉਹ ਪੁੱਛ ਰਿਹਾ ਸੀ, ਕਿ ਤੁਸੀਂ ਸੁਣੀਆਂ ਸੀ ਉਹ ਦਰਦਨਾਕ ਚੀਕਾਂ? ਨਹੀਂ, ਨਹੀਂ, ਬਿਲਕੁਲ ਨਹੀਂ।

ਕਮਾਲ ਹੈ! ਲੱਗਦੈ ਕਿਸੇ ਦੇ ਕੰਨ ਸੁਣ ਨਹੀਂ ਸਕਦੇ। ਇੱਥੇ ਹਰ ਬੰਦਾ ਅੰਨਾ ਹੈ ਗਿਆ ਜਾਪਦੈ।’

============

ਪੱਥਰ ਤੇ ਲਕੀਰ

ਜਾਗੀਰਦਾਰ ਦੇ ਲੜਕੇ ਦੇ ਪਿਆਰ-ਇਜ਼ਹਾਰ ਪੰਛੀ ਨੇ ਆਪਣੇ ਮਿੱਠੇ ਮਿੱਠੇ ਬੋਲਾਂ ਦੀਆਂ ਠੂੰਗਾਂ ਮਾਰ, ਅਖੀਰ ਆਪਣੀ ਹਵੇਲੀ ਵਿਚ ਕੰਮ ਕਰਨ ਵਾਲੀ ਉਸ ਬੇਹੱਦ ਸੁਹਣੀ ਕੁੜੀ ਨੂਰਾਂ ਦੇ ਦਿਲ ਵਿਚ ਆਪਣੇ ਲਈ ਥਾਂ ਬਣਾ ਹੀ ਲਈ ਸੀ। ਫਿਰ ਇਕ ਦਿਨ ਜੇਰਾ ਕਰਕੇ ਨੂਰਾ ਨੇ ਉਸ ਅੱਗੇ ਆਪਣਾ ਅੰਤਮ ਸਵਾਲ ਰੱਖਦਿਆਂ ਪੁੱਛ ਹੀ ਲਿਆ, “ਬਈ, ਅਸੀਂ ਤਾਂ ਨੀਵੀਂ ਜਾਤ ਦੇ ਅਪਵਿੱਤਰ ਬੰਦੇ ਹਾਂ। ਕੀ ਤੇਰੇ ਮਾਂ-ਬਾਪ ਇਸ ਰਿਸ਼ਤੇ ਨੂੰ ਮੰਨ ਜਾਣਗੇ?”

ਮੈਂ ਤੈਨੂੰ ਹੁਣੇ ਪਵਿੱਤਰ ਕਰ ਦਿੰਦਾ ਹਾਂ।’ ਕਹਿੰਦਿਆਂ ਉਸ ਨੇ ਆਪਣੀ ਮਾਂ ਦੇ ਪਜਾ ਵਾਲੇ ਕਮਰੇ ’ਚੋਂ ਗੰਗਾ ਜਲ ਨਾਲ ਭਰੀ ਚਾਂਦੀ ਦੀ ਗਾਗਰ ਲਿਆ ਕੇ ਉਸ ਉਤੇ ਉਲਟਾ ਦਿੱਤੀ।

“ਲੈ ਹੁਣ ਤੂੰ ਹਮੇਸ਼ਾ ਲਈ ਪਵਿੱਤਰ ਹੋ ਗਈ ਏ।” ਉਸ ਨੇ ਨੂਰਾ ਦੇ ਸ਼ਰਮ ਨਾਲ ਲਾਲ ਹੋਏ ਮੂੰਹ ਨੂੰ ਬੜੇ ਪਿਆਰ ਲਾਲ ਤੱਕਦਿਆਂ ਕਿਹਾ ਤੇ ਉਸੇ ਪਲ ਨੂਰਾ ਦਾ ਸਭ ਕੁਝ ਉਸ ਜਾਗੀਰਦਾਰ ਮੁੰਡੇ ਦਾ ਹੋ ਗਿਆ।

ਅਗਲੀ ਸਵੇਰ ਗੁਲਾਬ ਦੇ ਫੁੱਲ ਵਾਂਗ ਖਿੜੀ, ਨੂਰਾ ਭਵਿੱਖ ਵਿਚ ਮਾਨਣ ਵਾਲੇ ਸੁਖਾਂ ਦੇ ਤਸਵੀਰ ਦੀ ਬੁੱਕਲ ਮਾਰ ਹਵੇਲੀ ਜਾ ਰਹੀ ਸੀ ਤਾਂ ਉਸ ਨੇ ਵੇਖਿਆ ਕਿ ਜਗੀਰਦਾਰ ਦੀ ਹਾਜ਼ਰੀ ਵਿਚ, ਮੰਦਰ ਦਾ ਪੁਜਾਰੀ, ਉਸ ਦੇ ਬਾਪੂ ਨੂੰ ਮੰਦਰ ਅੰਦਰ ਜਾਣ ਤੇ ਵਰਜ ਰਿਹਾ ਸੀ। 

ਆਪਣੇ ਨਾਨਕੇ ਪਿੰਡ ਨੇੜੇ ਵਗਦੀ ਗੰਗਾ ਨਦੀ ਵਿਚ ਨੂਰਾ ਨੇ ਆਪਣੇ ਬਾਪੂ ਨੂੰ ਡੁਬਕੀਆਂ ਲਾਉਂਦੇ ਵੇਖਿਆ ਸੀ। ਉਹ ਝੱਟ ਹੀ ਸੱਜਰੇ ਪਲੇ ਡਾਢੇ ਡੂੰਘੇ ਵਿਸ਼ਵਾਸ ਨੂੰ ਪੱਲੇ ਬੰਨੀ ਉੱਠੀ, ‘ਹਾਲਾ ਪਿਛਲੇ ਮਹੀਨੇ ਹੀ ਤਾਂ ਬਾਪੂ ਗੰਗਾ ਇਸ਼ਨਾਨ ਕਰਕੇ ਆਇਆ ਹੈ।”

“ਚੁੱਪ ਕਰ ਕੁੜੀਏ, ਜਨਮ-ਜਨਮਾਤਰਾ ਦੇ ਸ਼ਰਾਪ ਕਿਤੇ ਪਾਣੀਆਂ ਵਿਚ ਨਹਾਉਣ ਨਾਲ ਧੁਲ ਜਾਂਦੇ ਨੇ।” ਤੇ ਨੂਰਾ ਨੂੰ ਇਵੇਂ ਲੱਗਿਆ ਜਿਵੇਂ ਜਾਗੀਰਦਾਰ ਦੇ ਇਨਾਂ ਬੋਲਾਂ ਨੇ ਪੈਰਾ ਹੇਠਲੀ ਸਾਰੀ ਦੀ ਸਾਰੀ ਧਰਤੀ ਖਿੱਚ ਕੇ ਆਪਣੀ ਮੁੱਠੀ ਵਿਚ ਸਮੇਟ ਲਈ ਹੈ।


=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajinder Kaur Vanta Mini Kahani writer with distinction