ਤੁਹਾਡੇ ਐੱਮਪੀ ਦਾ ਰਿਪੋਰਟ ਕਾਰਡ – 11
ਲੋਕ ਸਭਾ ਹਲਕਾ ਖਡੂਰ ਸਾਹਿਬ ਪੂਰੀ ਤਰ੍ਹਾਂ ਦਿਹਾਤੀ ਪੰਥਕ ਸੀਟ ਹੈ। ਕਿਸੇ ਵੇਲੇ ਇੱਥੇ ਅੱਤਵਾਦ ਦਾ ਪੂਰਾ ਜ਼ੋਰ ਸੀ। ਰਕਬੇ ਦੇ ਲਿਹਾਜ਼ ਨਾਲ ਇਹ ਹਲਕਾ ਸਭ ਤੋਂ ਵੱਡਾ ਹੈ ਤੇ ਇਸ ਵਿੱਚ ਤਰਨ ਤਾਰਨ, ਅੰਮ੍ਰਿਤਸਰ, ਕਪੂਰਥਲਾ ਤੇ ਫ਼ਿਰੋਜ਼ਪੁਰ ਜਿਹੇ ਵਿਧਾਨ ਸਭਾ ਹਲਕੇ ਆ ਜਾਂਦੇ ਹਨ ਤੇ ਇਹ ਪੰਜਾਬ ਦੇ ਮਾਝਾ, ਦੋਆਬਾ ਤੇ ਮਾਲਵਾ ਖਿ਼ੱਤਿਆਂ ਤੱਕ ਫੈਲਿਆ ਹੋਇਆ ਹੈ। ਤਰਨ ਤਾਰਨ, ਖਡੂਰ ਸਾਹਿਬ, ਬਾਬਾ ਬਕਾਲਾ, ਸੁਲਤਾਨਪੁਰ ਲੋਧੀ ਤੇ ਚੋਹਲਾ ਸਾਹਿਬ ਇਸ ਹਲਕੇ ਦੇ ਪ੍ਰਮੁੱਖ ਸ਼ਹਿਰ ਹਨ ਤੇ ਇਹ ਸਾਰੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਸਥਿਤ ਹਨ।
ਖਡੂਰ ਸਾਹਿਬ ਹਲਕੇ ਤੋਂ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਐੱਮਪੀ ਹਨ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ ਸਨ। ਉਹ ਆਪਣੇ ਹਲਕਿਆਂ ਵਿੱਚ ‘ਮਾਝੇ ਦਾ ਜਰਨੈਲ’ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਹਨ। ਉਂਝ ਭਾਵੇਂ ਹੁਣ ਉਨ੍ਹਾਂ ਆਪਣੀ ਇੱਕ ਵੱਖਰੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ (ਟਕਸਾਲੀ)’ ਕਾਇਮ ਕਰ ਲਈ ਹੈ। ਉਹ 9 ਜਮਾਤਾਂ ਪਾਸ ਹਨ। ਉਹ 1997 ਤੋਂ ਲੈ ਕੇ 2002 ਤੇ ਫਿਰ 2007 ਤੋਂ ਲੈ ਕੇ 2012 ਤੱਕ ਪੰਜਾਬ ਦੇ ਮੰਤਰੀ ਵੀ ਰਹਿ ਚੁੱਕੇ ਹਨ। ਉਹ ਪਹਿਲਾਂ 1977, 2002 ਤੇ 2007 ਦੌਰਾਨ ਨੌਸ਼ਹਿਰਾ ਪਨੂੰਆਂ ਹਲਕੇ ਤੋਂ ਵਿਧਾਇਕ ਵੀ ਚੁਣੇ ਗਏ ਸਨ।
ਸਾਲ 2014 ਦੀਆਂ ਚੋਣਾਂ ਦੌਰਾਨ ਉਨ੍ਹਾਂ ਹਰਮਿੰਦਰ ਗਿੱਲ ਨੂੰ ਇੱਕ ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਪਰ ਉਸ ਤੋਂ ਪਹਿਲਾਂ ਉਹ 2012 ਦੀ ਵਿਧਾਨ ਸਭਾ ਚੋਣ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਤੋਂ 3,054 ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ ਤੇ 2014 ਦੀ ਜਿੱਤ ਨਾਲ ਉਨ੍ਹਾਂ ਇੱਕ ਵਾਰ ਫਿਰ ਸਰਗਰਮ ਸਿਆਸਤ ਵਿੱਚ ਵਾਪਸੀ ਕੀਤੀ ਸੀ। ਉਨ੍ਹਾਂ ਨਾਲ ਐਤਕੀਂ ਦੁਖਾਂਤ ਇਹ ਵਾਪਰਿਆ ਕਿ ਕੇਂਦਰ ਵਿੱਚ ਉਨ੍ਹਾਂ ਨੂੰ ਕਿਸੇ ਵੀ ਅਹਿਮ ਅਹੁਦੇ ਤੋਂ ਲਾਂਭੇ ਰੱਖਿਆ ਗਿਆ ਤੇ ਪੰਜਾਬ ਵਿੱਚ ਉਨ੍ਹਾਂ ਨੂੰ ਅੱਖੋਂ ਪ੍ਰੋਖੇ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਐੱਮਪੀ ਵਜੋਂ ਉਹ ਸੰਸਦ ਵਿੱਚ ਕੋਈ ਬਹੁਤੇ ਸਰਗਰਮ ਨਹੀਂ ਰਹੇ ਪਰ ਫਿਰ ਵੀ ਉਨ੍ਹਾਂ ਗਹਿਰੀ ਮੰਡੀ–ਜੰਡਿਆਲਾ ਗੁਰੂ ਰੇਲ–ਪਟੜੀ ਉੱਤੇ ਓਵਰਬ੍ਰਿਜ ਦੇ ਨਿਰਮਾਣ ਦਾ ਮੁੱਦਾ ਚੁੱਕਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਦੀ ਜ਼ਮੀਨ ਸਰਕਾਰ ਵੱਲੋਂ ਅਕਵਾਇਰ ਕੀਤੇ ਜਾਣ ਸਮੇਂ ਉਨ੍ਹਾਂ ਨੂੰ ਯੋਗ ਮੁਆਵਜ਼ਾ ਦੇਣ ਤੇ ਅਜਿਹੇ ਅਕਵਾਇਰ ਸਮੇਂ ਪਾਰਦਰਸ਼ਤਾ ਕਾਇਮ ਰੱਖਣ ਉੱਤੇ ਵੀ ਉਨ੍ਹਾਂ ਜ਼ੋਰ ਦਿੱਤਾ ਸੀ। ਤਰਨ ਤਾਰਨ ’ਚ ਰਾਸ਼ਟਰੀ ਰਾਜਮਾਰਗ ਦੇ ਪ੍ਰੋਜੈਕਟ ਦੀ ਉਸਾਰੀ ਸਮੇਂ ਉਨ੍ਹਾਂ ਨੇ ਕਿਸਾਨਾਂ ਨੂੰ ਉਚਿਤ ਵਿੱਤੀ ਰਾਹਤ ਲਈ ਸਾਲ 2015 ਵਿੱਚ ਇੱਕ ਬਿਲ ਵੀ ਪੇਸ਼ ਕੀਤਾ ਸੀ।
ਸਿਆਸੀ ਆਗੂ ਸ੍ਰੀ ਬ੍ਰਹਮਪੁਰਾ ਨਾਲ ਵੀ ਅੱਗੇ ਸਿਆਸਤ ਖੇਡੀ ਗਈ। ਜਦੋਂ ਉਹ ਬਾਦਲਾਂ ਦੇ ਕਰੀਬੀ ਨਾ ਰਹੇ, ਤਾਂ ਕੇਂਦਰ ਤੋਂ ਉਨ੍ਹਾਂ ਦੇ ਹਲਕੇ ਵਿੱਚ ਪ੍ਰੋਜੈਕਟਾਂ ਲਈ ਫ਼ੰਡ ਮਨਜ਼ੂਰ ਹੋਣੇ ਬੰਦ ਹੋ ਗਏ। ਇਹ ਸਭ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਦੇ ਉਭਾਰ ਤੋਂ ਬਾਅਦ ਹੋਣਾ ਸ਼ੁਰੂ ਹੋ ਗਿਆ ਸੀ। ਸ੍ਰੀ ਬ੍ਰਹਮਪੁਰਾ ਨੂੰ ਅੱਖੋਂ ਪ੍ਰੋਖੇ ਕੀਤਾ ਜਾਣ ਲੱਗਾ ਸੀ। ਦਰਅਸਲ, ਸ੍ਰੀ ਮਜੀਠੀਆ ਵੀ ਮਾਝੇ ਦੇ ਹੀ ਹਨ।
ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬ੍ਰਹਮਪੁਰਾ ਦੇ ਜੰਮਪਲ਼ ਹਨ। ਉਨ੍ਹਾਂ ਨਾਲ ‘ਵਧੀਕੀ’ ਇੰਝ ਹੋਈ ਕਿ ਉਹ ਭਾਵੇਂ ਅਕਾਲੀ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਵੱਧ ਸੀਨੀਅਰ ਸਨ ਪਰ ਕੇ਼ਦਰ ਦੀ ਨਰਿੰਦਰ ਮੋਦੀ ਸਰਕਾਰ ਵਿੱਚ ਮੰਤਰੀ ਹਰਸਿਮਰਤ ਕੌਰ ਬਾਦਲ (ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ) ਨੂੰ ਬਣਾਇਆ ਗਿਆ; ਜਦ ਕਿ ਸ੍ਰੀ ਬ੍ਰਹਮਪੁਰਾ ਨੂੰ ਪੂਰੀ ਆਸ ਸੀ ਕਿ ਉਨ੍ਹਾਂ ਦੀ ਸੀਨੀਆਰਤਾ ਨੂੰ ਵੇਖਦਿਆਂ ਉਨ੍ਹਾਂ ਨੂੰ ਕੇਂਦਰ ਵਿੱਚ ਮੰਤਰੀ ਜ਼ਰੂਰ ਬਣਾਇਆ ਜਾਵੇਗਾ। ਪਰ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਬਣ ਗਏ।
ਸ੍ਰੀ ਬ੍ਰਹਮਪੁਰਾ ਨੂੰ ਲੋਕ ਸਭਾ ਵਿੱਚ ਸੰਸਦੀ ਪਾਰਟੀ ਦੇ ਆਗੂ ਦਾ ਅਹੁਦਾ ਦੇ ਕੇ ਸ਼ਾਂਤ ਕਰ ਦਿੱਤਾ ਗਿਆ। ਬੀਬਾ ਹਰਸਿਮਰਤ ਕੌਰ ਬਾਦਲ ਤੋਂ ਪਹਿਲਾਂ ਬਾਦਲਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਸਦਾ ਅੱਗੇ ਰੱਖਿਆ ਤੇ ਸ੍ਰੀ ਬ੍ਰਹਮਪੁਰਾ ਨੂੰ ਪਿੱਛੇ ਕਿਉਂਕਿ ਸ੍ਰੀ ਕੈਰੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਹਨ। ਅਜਿਹੀਆਂ ‘ਵਧੀਕੀਆਂ’ ਕਾਰਨ ਹੀ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਬਾਦਲਾਂ ਵਿਰੁੱਧ ਬਗ਼ਾਵਤ ਕਰਨ ਲਈ ਮਜਬੂਰ ਹੋਏ।
ਹੁਣ ਸ੍ਰੀ ਬ੍ਰਹਮਪੁਰਾ ਦਾ ਮੰਨਣਾ ਹੈ ਕਿ ਬਾਦਲ ਪਰਿਵਾਰ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਈਸ਼–ਨਿੰਦਾ ਵਾਲੇ ਕੇਸ ’ਚੋਂ ਮੁਆਫ਼ੀ ਦਿਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੀ ਢਾਹ ਲਾਈ। ਉਨ੍ਹਾਂ ਦੋਸ਼ ਲਾਇਆ ਕਿ ‘ਬਾਦਲਕੇ ਪਾਰਟੀ ਨੂੰ ਆਪਣੀ ਜਗੀਰ ਸਮਝ ਕੇ ਚਲਾ ਰਹੇ ਹਨ।’
ਬਾਦਲਾਂ ਤੋਂ ਦੁਖੀ ਤੇ ਬਾਗ਼ੀ ਹੋ ਕੇ ਹੀ ਸ੍ਰੀ ਬ੍ਰਹਮਪੁਰਾ ਨੇ ਦਸੰਬਰ 2018 ਦੌਰਾਨ ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਤੇ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਮਿਲ ਕੇ ਆਪਣਾ ਟਕਸਾਲੀ ਅਕਾਲੀ ਦਲ ਕਾਇਮ ਕਰ ਲਿਆ ਸੀ।
ਸ੍ਰੀ ਬ੍ਰਹਮਪੁਰਾ ਦਾ ਅਕਾਲੀ ਦਲ ਤੋਂ ਇਸ ਲਈ ਵੀ ਮੋਹਭੰਗ ਹੋਇਆ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਨੇ ਉਨ੍ਹਾਂ ਦੇ ਹਲਕੇ ਦੀਆਂ ਸਮੱਸਿਆਵਾਂ ਵੱਲ ਉੱਕਾ ਧਿਆਨ ਨਹੀਂ ਸੀ ਦਿੱਤਾ। ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਸਬ–ਡਿਵੀਜ਼ਨ ਤੇ ਖਡੂਰ ਸਾਹਿਬ ਡਿਵੀਜ਼ਨ (ਜ਼ਿਲ੍ਹਾ ਤਰਨ ਤਾਰਨ) ਵਿੱਚ ਲਗਭਗ ਹਰ ਸਾਲ ਬਰਸਾਤਾਂ ਦੇ ਮੌਸਮ ਦੌਰਾਨ ਬਿਆਸ ਦਰਿਆ ਦਾ ਪਾਣੀ ਕਈ ਪਿੰਡਾਂ ਉੱਤੇ ਮਾਰ ਕਰਦਾ ਹੈ। ਇਸ ਦੇ ਬਾਵਜੂਦ ਕੋਈ ਪੁਲ਼ ਨਹੀਂ ਬਣਵਾਏ ਗਏ, ਭਾਵੇਂ ਅਜਿਹੇ ਇੱਕ ਪੁਲ ਦਾ ਨੀਂਹ–ਪੱਥਰ ਵੀ ਰੱਖ ਦਿੱਤਾ ਗਿਆ ਸੀ। ਅਜਿਹੇ ਹਾਲਾਤ ਲਈ ਸ੍ਰੀ ਬ੍ਰਹਮਪੁਰਾ ਹੁਣ ਬਾਦਲ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ‘ਸਾਂਸਦ ਆਦਰਸ਼ ਗ੍ਰਾਮ ਯੋਜਨਾ’ ਅਧੀਨ ਤਰਨ ਤਾਰਨ ਜ਼ਿਲ੍ਹੇ ਦਾ ਮੁੰਡਾ ਪਿੰਡ ਅਪਣਾਇਆ ਸੀ। ਉਨ੍ਹਾਂ ਦੀ ਤਜਵੀਜ਼ ਸੀ ਕਿ ਉਸ ਪਿੰਡ ਨੂੰ ਆਦਰਸ਼ ਬਣਾਇਆ ਜਾਵੇਗਾ ਪਰ ਉਹ ਸਭ ਕਾਗਜ਼ਾਂ ਉੱਤੇ ਹੀ ਰਹਿ ਗਿਆ। ਸ੍ਰੀ ਬ੍ਰਹਮਪੁਰਾ ਮੁਤਾਬਕ ਕੇਂਦਰ ਸਰਕਾਰ ਨੇ ਉਸ ਪ੍ਰੋਜੈਕਟ ਲਈ ਕੋਈ ਵੱਖਰੇ ਫ਼ੰਡ ਹੀ ਜਾਰੀ ਨਹੀਂ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ।
‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਆਉਂਦੇ ਹਨ ਤੇ ਐੱਮਪੀ ਨੂੰ ਹਰ ਸਾਲ ਇੱਕ ਸਾਲ ਵਿੱਚ 50 ਲੱਖ ਰੁਪਏ ਹੀ ਮਿਲਦੇ ਹਨ; ਇੰਨੀ ਘੱਟ ਰਕਮ ਨਾਲ ਵਿਕਾਸ ਔਖਾ ਹੈ।
ਸ੍ਰੀ ਬ੍ਰਹਮਪੁਰਾ ਨੇ ਕੁਝ ਅਫ਼ਸੋਸ ਜ਼ਾਹਿਰ ਕਰਦਿਆਂ ਆਖਿਆ ਕਿ ਉਹ ਕਿਸਾਨਾਂ ਲਈ ਖ਼ਾਸ ਤੌਰ ਉੱਤੇ ਤਰਨ ਤਾਰਨ ਜ਼ਿਲ੍ਹੇ ’ਚ ਕਰਮੂਵਾਲਾ ਨੇੜੇ ਬਿਆਸ ਦਰਿਆ ਉੱਤੇ ਪੁਲ ਬਣਵਾਉਣਾ ਚਾਹੁੰਦੇ ਸਨ ਕਿਉਂਕਿ ਉਸ ਹਲਕੇ ਦੀ ਇਹ ਬਹੁਤ ਵੱਡੀ ਮੰਗ ਹੈ ਪਰ ਉਹ ਵੀ ਅਕਾਲੀ–ਭਾਜਪਾ ਸਰਕਾਰ ਵੱਲੋਂ ਅੱਖੋਂ ਪ੍ਰੋਖੇ ਕੀਤੇ ਜਾਣ ਕਾਰਨ ਪੂਰੀ ਨਾ ਾਕੀਤੀ ਜਾ ਸਕੀ।
ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਉਹ ਹੁਣ ਚੋਣ ਨਹੀਂ ਲੜਨਗੇ ਤੇ ਖਡੂਰ ਸਾਹਿਬ ਤੋਂ ਵੀ ਪਾਰਟੀ ਦਾ ਇੱਕ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦਾ ਹਿੱਸਾ ਹੈ ਤੇ ਉਹ ਉਸ ਗੱਠਜੋੜ ਵਿੱਚ ਸ੍ਰੀ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਤੇ ਪਟਿਆਲਾ ਦੇ ਐੱਮਪੀ ਡਾ. ਧਰਮਵੀਰ ਗਾਂਧੀ ਨਾਲ ਹਨ। ਇੱਕ ਹੋਰ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਉਹ ਆਪਣਾ ਧਿਆਨ ਸਿਰਫ਼ ਸੂਬਾਈ ਸਿਆਸਤ ਉੱਤੇ ਹੀ ਕੇਂਦ੍ਰਿਤ ਰੱਖਣਾ ਚਾਹੁਣਗੇ।