ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲ ਤਖ਼ਤ ਬਾਰੇ ਬਿੱਟੂ ਦੀ ਟਿੱਪਣੀ ਉੱਚਿਤ ਨਹੀਂ : ਤ੍ਰਿਪਤ ਬਾਜਵਾ

ਲੁਧਿਆਣਾ ਤੋਂ ਕਾਂਗਰਸ ਦੇ ਐੱਮਪੀ ਸ੍ਰੀ ਰਵਨੀਤ ਸਿੰਘ ਬਿੱਟੂ ਵੱਲੋਂ ਅਕਾਲ ਤਖ਼ਤ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੀਤੀ ਟਿੱਪਣੀ 'ਤੇ ਇਤਰਾਜ਼ ਜਤਾਉਂਦੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਉੱਚਿਤ ਨਹੀਂ ਹੈ ਅਤੇ ਉਹ ਇਸ ਸਬੰਧੀ ਉਨ੍ਹਾਂ ਨਾਲ ਗੱਲਬਾਤ ਕਰਨਗੇ। .
 

ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧਾ ਪ੍ਰਸਾਰਣ ਦੇ ਮੁੱਦੇ 'ਤੇ ਅਕਾਲ ਤਖ਼ਤ ਦੇ ਕਾਰਜਕਾਰੀ ਜੱਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ, "ਮੈਂ ਬਿੱਟੂ ਨੂੰ ਸਿਰਫ਼ ਅਪੀਲ ਕਰ ਸਕਦਾ ਹਾਂ ਕਿ ਉਹ ਅਕਾਲ ਤਖ਼ਤ ਸਾਹਿਬ ਨੂੰ ਹਰੇਕ ਮਾਮਲੇ ਵਿੱਚ ਨਾ ਖਿੱਚਣ। ਉਨ੍ਹਾਂ ਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।"
 

ਬਿੱਟੂ ਨੇ ਉਸ ਵਾਇਰਲ ਵੀਡੀਓ ਉੱਤੇ ਇਤਰਾਜ਼ ਪ੍ਰਗਟਾਇਆ ਸੀ; ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ‘ਕਾਤਲਾਂ’ ਦੀ ਸ਼ਲਾਘਾ ਕਰਦੇ ਦਿਸਦੇ ਹਨ ਅਤੇ ਗ਼ਲਤ ਆਗੂ ਚੁਣਨ ਲਈ ਜਨਤਾ ਨੂੰ ਦੋਸ਼ ਦਿੰਦੇ ਸੁਣਦੇ ਹਨ। ਜੱਥੇਦਾਰ ਨੇ ਇਹ ਕਥਿਤ ਟਿੱਪਣੀ ਬੇਅੰਤ ਸਿੰਘ (ਰਵਨੀਤ ਸਿੰਘ ਬਿੱਟੂ ਦੇ ਦਾਦਾ) ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਪਰਮਜੀਤ ਸਿੰਘ ਭਿਓਰਾ ਦੀ ਮਾਂ ਦੇ ਭੋਗ ਮੌਕੇ ਕੀਤੀ ਸੀ।
 

ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਅਤੇ ਐਸਜੀਪੀਸੀ ਮੈਂਬਰਾਂ ਦੇ ਨਾਲ ਬਾਜਵਾ ਨੇ ਜੱਥੇਦਾਰ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ 'ਚ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧਾ ਪ੍ਰਸਾਰਣ ਉੱਤੇ ਇੱਕ ਚੈਨਲ ਦਾ ਕਬਜ਼ਾ ਖਤਮ ਕਰਨ ਅਤੇ ਸਾਰੇ ਟੀਵੀ ਚੈਨਲਾਂ ਨੂੰ ਸਿਗਨਲ ਦੀ ਉਪਲਬੱਧਤਾ ਦੀ ਸਹੂਲਤ ਦੇਣ ਦੀ ਮੰਗ ਕੀਤੀ ਗਈ ਹੈ।
 

ਸ੍ਰੀ ਬਾਜਵਾ ਨੇ ਕਿਹਾ, “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਰਤਨ ਦੇ ਪ੍ਰਸਾਰਣ ਦਾ ਅਧਿਕਾਰ ਸਿਰਫ ਪੀਟੀਸੀ ਟੀਵੀ ਚੈਨਲ ਨੂੰ ਦਿੱਤੇ ਗਏ ਹਨ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੀ ਮਲਕੀਅਤ ਹੈ। ਅਜਿਹਾ ਕਰਨਾ ਗੁਰਬਾਣੀ ਦੇ ਮੁੱਢਲੇ ਸਿਧਾਂਤਾਂ ਅਤੇ ਸਿੱਖਿਆਵਾਂ ਦੀ ਉਲੰਘਣਾ ਕਰਦਾ ਹੈ।"
 

ਵਫ਼ਦ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰ ਲਈ ਦਿਲਚਸਪੀ ਰੱਖਣ ਵਾਲੇ ਹਰੇਕ ਚੈਨਲ ਨੂੰ ਸਿਗਨਲ ਮੁਫ਼ਤ ਉਪਲੱਬਧ ਕਰਵਾਏ ਜਾਣੇ ਚਾਹੀਦੇ ਹਨ। ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿਗਨਲ ਦੀ ਵੰਡ ਲਈ ਖੁਦ ਪ੍ਰਬੰਧ ਕਰਨੇ ਚਾਹੀਦੇ ਹਨ।
 

ਉਨ੍ਹਾਂ 6 ਨਵੰਬਰ 2019 ਨੂੰ ਪੰਜਾਬ ਅਸੈਂਬਲੀ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ ਕੀਤੀ ਅਪੀਲ ਦਾ ਜ਼ਿਕਰ ਕੀਤਾ। ਵਫ਼ਦ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸੁਖਜੀਤ ਸਿੰਘ ਲੋਹਗੜ੍ਹ, ਅਮਰੀਕ ਸਿੰਘ ਸ਼ਾਹਪੁਰ, ਸੁਰਜੀਤ ਸਿੰਘ ਤੁਗਲਵਾਲ ਅਤੇ ਜਸਵੰਤ ਸਿੰਘ ਪੁਰੈਣ ਸ਼ਾਮਲ ਸਨ।
 

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਦੇ ਮੁੜ ਤੋਂ ਅਕਾਲੀ ਦਲ 'ਚ ਸ਼ਾਮਲ ਹੋਣ ਬਾਰੇ ਸ੍ਰੀ ਬਾਜਵਾ ਨੇ ਕਿਹਾ ਕਿ ਰਤਨ ਸਿੰਘ ਅਜਨਾਲਾ ਅਤੇ ਬੋਨੀ ਅਜਨਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਕੇ ਨਵਾਂ ਅਕਾਲੀ ਦਲ ਬਣਾਉਣ ਲਈ ਸਹੁੰ ਖਾਧੀ ਸੀ ਪਰ ਲੱਗਦਾ ਹੈ ਕਿ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ਕੋਈ ਡਰ ਨਹੀਂ ਹੈ।
 

ਉਨ੍ਹਾਂ ਕਿਹਾ ਕਿ ਬੋਨੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਮਜੀਠੀਆ ਸਾਹਿਬ ਨਸ਼ੇ ਦੇ ਸਭ ਤੋਂ ਵੱਡੇ ਸੌਦਾਗਰ ਹਨ ਤੇ ਅੱਜ ਉਸੇ ਨੂੰ ਭਰਾ ਕਹਿ ਰਿਹੇ ਹੈ। ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਆਪਣੀ ਲੀਡਰਸ਼ਿਪ ਫੇਲ ਹੁੰਦੀ ਨਜ਼ਰ ਆਈ ਹੈ ਤਾਂ ਉਹ ਰਤਨ ਸਿੰਘ ਅਜਨਾਲਾ ਨੂੰ ਮਨਾ ਕੇ ਲਿਆਏ ਹਨ। ਇਸ ਮੌਕੇ ਉਨ੍ਹਾਂ ਕਿਹਾ ਪ੍ਰਕਾਸ਼ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਨਹੀਂ ਟੇਕ ਸਕੇ ਅਤੇ ਰੈਲੀ ਦੌਰਾਨ ਖੜ੍ਹੇ ਹੋ ਕੇ ਭਾਸ਼ਣ ਵੀ ਨਹੀਂ ਦੇ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ravneet Singh Bittu remark on Akal Takht not appropriate Tript Rajinder Singh Bajwa