ਅਗਲੀ ਕਹਾਣੀ

ਪੰਜਾਬ ਦੀਆਂ ਜੇਲ੍ਹਾਂ ’ਚ ਵੰਡਿਆ ਜਾਵੇਗਾ ਧਾਰਮਿਕ-ਸਾਹਿਤ

ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼ੁੱਕਰਵਾਰ ਨੂੰ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਮੋਢੀ, ਮਾਨਵਤਾ ਦੇ ਰਹਿਬਰ, ਸਾਂਝੀਵਾਲਤਾ ਦੇ ਮੁੱਜਸਮੇ, ਅਕਾਲ ਜੋਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਗੁਰੂ ਸਾਹਿਬ ਦੀ ਚਰਨ ਛੋਹ ਥਾਂਵਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ।

 

 

ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਤਾਬਦੀ ਸਮਾਗਮ ਵੱਡੇ ਪੱਧਰ ਤੇ ਮਨਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਸ ਮਹਾਨ ਦਿਨ ਤੇ ਦੇਸ ਵਿਦੇਸ਼ ਤੋਂ ਪਹੁੰਚਣ ਵਾਲੀਆਂ ਲੱਖਾਂ ਸੰਗਤਾਂ ਦੇ ਠਹਿਰਨ, ਲੰਗਰ, ਮੈਡੀਕਲ ਸੇਵਾਵਾਂ ਅਤੇ ਹਰ ਤਰ੍ਹਾਂ ਦੀ ਸੁਵਿਧਾ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।

 

ਉਨ੍ਹਾ ਕਿਹਾ ਕਿ ਇਹ ਸਮਾਗਮ ਜਿਥੇ ਸਮੁੱਚੇ ਪੰਜਾਬ ਵਿੱਚ ਵੱਖ ਵੱਖ ਸ਼ਹਿਰਾ ਵਿੱਚ ਚੱਲਣਗੇ ਉਥੇ ਖਾਸ ਕਰਕੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਆਯੋਜਿਤ ਕਰਵਾਏ ਜਾਣ ਵਾਲੇ ਸਮਾਗਮ ਵੇਖਣਯੋਗ ਹੋਣਗੇ।

 

ਰੰਧਾਵਾ ਨੇ ਕਿਹਾ ਕਿ ਇਸ ਸ਼ਤਾਬਦੀ ਸਮਾਗਮ ਮੌਕੇ ਜਿਥੇ ਜੇਲਾਂ ਵਿੱਚ ਬੰਦ 550 ਚੰਗੇ ਆਚਰਨ ਵਾਲੇ ਕੈਦੀਆਂ ਨੂੰ ਵੀ ਰਿਹਾਅ ਕੀਤੇ ਜਾਣ ਦੀ ਤਜ਼ਵੀਜ਼ ਹੈ ਉਥੇ ਜੇਲ੍ਹਾਂ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਧਾਰਮਿਕ ਲਿਟਰੇਚਰ ਵੀ ਵੰਡਿਆ ਜਾਵੇਗਾ ਜਿਸ ਵਿੱਚ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਵਲੋਂ ਲਿਖੀਆਂ ਪੁਸਤਕਾਂ ਜਿੰਨ੍ਹਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਬ੍ਰਿਤਾਂਤ ਦਰਸਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਬਾਕੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਵਾਲਾ ਧਾਰਮਿਕ ਲਿਟਰੇਚਰ ਜੋ ਮਾਨਵਤਾ ਦਾ ਰਾਹ ਦੁਸੇਰਾ ਹੈ ਸਮੇਤ ਹੋਰ ਵੀ ਲਿਟਰੇਚਰ ਵੰਡਿਆ ਜਾਵੇਗਾ।

 

ਸ ਰੰਧਾਵਾ ਨੇ ਦੱਸਿਆ ਕਿ ਜੇਲਾਂ ਵਿੱਚ ਬੰਦ ਕੈਦੀਆ ਨੂੰ ਇਹ ਲਿਟਰੇਚਰ ਮੁਹੱਈਆ ਕਰਵਾਉਣ ਦਾ ਮੰਤਵ ਹੈ ਕਿ ਅਜਿਹੇ ਲੋਕਾਂ ਦੀ ਮਨੋਬਿਰਤੀ ਵਿੱਚ ਬਦਲਾਅ ਆ ਸਕੇ ਤੇ ਉਹ ਵੀ ਸਮਾਜ ਦਾ ਚੰਗਾ ਹਿੱਸਾ ਬਣ ਕੇ ਜਿੰਦਗੀ ਜੀ ਸਕਣ। ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਹਰੇਕ ਜੇਲਾਂ ਵਿੱਚ 5-5 ਸੈੱਟਾਂ ਚ 550-550 ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇਹ ਉਪਰਾਲਾ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਤੇ ਖਾਸ ਕਰਕੇ ‘ਮਹਾਰਾਜਾ ਜੱਸਾ ਸਿੰਘ ਰਾਮਗੜੀਆ ਫਾਊਂਡੇਸ਼ਨ’ ਵਲੋਂ ਕਰਵਾਇਆ ਜਾਵੇਗਾ ।

 

ਇਸ ਮੋਕੇ ਧਾਰਮਿਕ, ਸਮਾਜਿਕ ਜਥੇਬੰਦੀਆ ਦੇ ਨੁੰਮਾਇੰਦਿਆਂ ਗੁਰਦਰਸ਼ਨ ਸਿੰਘ ਰੰਧਾਵਾ, ਰੁਪਿੰਦਰ ਸਿੰਘ ਸ਼ਾਮਪੁਰਾ, ਹਰਜੀਤ ਸਿੰਘ, ਰਣਧੀਰ ਸਿੰਘ, ਭੁਪਿੰਦਰ ਸਿੰਘ ਅਤੇ ਓਕਾਰ ਸਿੰਘ ਵਲੋਂ ਕੇਬਨਿਟ ਮੰਤਰੀ ਨੂੰ ਪਹਿਲਾ ਸੈਟ ਭੇਟ ਕੀਤਾ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Religious literature will be distributed in Punjab jails