ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਰਚਿਤ ਮਿੰਨੀ ਕਹਾਣੀ ਲੇਖਕ – ਸੁਰਿੰਦਰ ਮਕਸੂਦਪੁਰੀ

ਚਰਚਿਤ ਮਿੰਨੀ ਕਹਾਣੀ ਲੇਖਕ – ਸੁਰਿੰਦਰ ਮਕਸੂਦਪੁਰੀ

ਮਿੰਨੀ ਕਹਾਣੀ ਦੇ ਵੱਡੇ ਸਿਰਜਕ–22
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
 

ਸੁਰਿੰਦਰ ਮਕਸੂਦਪੁਰੀ  ਪੰਜਾਬੀ ਮਿੰਨੀ ਕਹਾਣੀ ਦੇ ਮੁਢਲੇ ਰਾਹਾਂ ਦਾ ਪਾਂਧੀ ਹੈ। ਸਾਲ 1995 ਵਿਚ ਉਨ੍ਹਾਂ ਦਾ ਪਹਿਲਾ ਮਿੰਨੀ ਕਹਾਣੀ ਸੰਗ੍ਰਹਿ ਛਪਿਆ। ਪੰਜਾਬੀ ਮਿੰਨੀ ਕਹਾਣੀ ਨੂੰ ਮਹਿਜ਼ ਸ਼ੌਕ ਨਾਲ ਨਹੀਂ ਬਲਕਿ ਪੂਰੀ ਸਮਝ ਅਤੇ ਪ੍ਰਤੀਬੱਧਤਾ ਨਾਲ ਅਪਣਾਉਣ ਵਾਲੇ ਇਸ ਸ਼ਖ਼ਸ਼ ਦਾ ਪੰਜਾਬੀ ਕਵਿਤਾ ਵਿਚ ਵੀ ਚਰਚਿਤ ਨਾਂ ਹੈ। ਮਕਸੂਦਪੁਰੀ ਦੀਆਂ ਮਿੰਨੀ ਕਹਾਣੀਆਂ ਇੱਕ ਆਦਰਸ਼ ਸਿਰਜਦੀਆਂ ਹੋਈਆਂ ਪਾਠਕਾਂ ਲਈ ਰਾਹ ਦਿਸੇਰਾ ਬਣ ਕੇ ਉਸ ਦੀ ਸੋਚ ਨੂੰ ਹਲੂਣਾ ਦੇਣ ਦਾ ਸਾਰਥਿਕ ਯਤਨ ਕਰਦੀਆਂ ਹੋਈਆਂ ਸਾਹਿਤ ਦੇ ਲੋਕ ਪੱਖੀਂ ਹੋਣ ਦੇ ਮਕਸਦ ਨੂੰ ਰੂਪਮਾਨ ਕਰਦੀਆਂ  ਹਨ। ਮਿੰਨੀ ਕਹਾਣੀਆਂ ਦੀ ਵਾਕ ਬਣਤਰ ਵਿਚ ਕਵਿਤਾ ਵਰਗੀ ਰਵਾਨਗੀ ਹੈ।


25 ਫਰਵਰੀ 1957 ਨੂੰ ਪਿੰਡ ਮਕਸੂਦਪੁਰ ਜਿਲਾ ਕਪੂਰਥਲਾ ਵਿਚ ਜਨਮੇ ਸੁਰਿੰਦਰ ਮਕਸੂਦਪਰੀ ਬੈਂਕ ਅਫਸਰ ਵਜੋਂ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੇ ਦੋ ਮਿੰਨੀ ਕਹਾਣੀ ਸੰਗ੍ਰਹਿ ‘ਸਚਿ ਕਾਲੁ ਕੁੜੂ ਵਰਤਿਆ’ ਅਤੇ ‘ਹਾਦਸਿਆਂ ਦਾ ਸਫ਼ਰ’ ਪ੍ਰਕਾਸ਼ਿਤ ਹੋਣ ਦੇ ਨਾਲ ਨਾਲ ਕਵਿਤਾ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ ਹਨ। ਇਨ੍ਹਾਂ ਦੀਆਂ ਰਚਨਾਵਾਂ ਦੇਸ਼ ਵਿਦੇਸ਼ ਦੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਪੇਸ਼ ਹਨ ਇਨ੍ਹਾਂ ਦੀਆਂ ਕੁਝ ਮਿੰਨੀ ਕਹਾਣੀਆਂ:–


ਖੁਦਕੁਸ਼ੀਆਂ ਦੇ ਖੰਡਰ

ਉਸ ਪਿੰਡ ਦਾ ਇੱਕ ਸਾਧਾਰਨ ਕਿਸਾਨ ਗਹਿਣਾ ਸਿੰਘ ਖੇਤ ਦੇ ਬੋਝ ਹੇਠ ਬੁਰੀ ਤਰ੍ਹਾਂ ਦੱਬਿਆ ਪਿਆ ਸੀ। ਆਪਣੀ ਤਿੰਨ ਕੁ ਕਿੱਲੇ ਜ਼ਰਖੇਜ਼ ਜ਼ਮੀਨ ਬੈਂਕ ਨੂੰ ਗਿਰਵੀ ਰੱਖ ਲਿਆ ਕਰਜਾ ਤਾਂ ਉਸ ਨੇ ਆਪਣੇ ਲਾਡਲੇ/ਜਿੱਦੀ ਪੁੱਤਰ ਨੂੰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਭੇਜਣ ਤੇ ਰੋੜ੍ਹ ਦਿੱਤਾ ਸੀ। ਉਥੇ ਪਹੁੰਚ ਕੇ ਉਹਦਾ ਪੁੱਤਰ ਵਿਦੇਸ਼ੀ ਰੰਗੀਨੀਆਂ ’ਚ ਗਵਾਚ ਗਰੀਬ ਮਾਂ-ਪਿਓ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਆਪਣੇ ਪਿਛੋਕੜ ਨੂੰ ਭੱੁਲ ਭੁਲਾ ਸ਼ਰਾਬ ਅਤੇ ਸ਼ਬਾਬ ਦੇ ਨਸ਼ੇ ਵਿਚ ਲਬਰੇਜ਼ ਹੋ ਗਿਆ।

ਘਰੇਲੂ ਮੋਹ ਤੋਂ ਮੂੰਹ ਮੋੜ ਗਏ ਪੁੱਤਰ ਦੇ ਗਮ ਤੋਂ ਗਹਿਣਾ ਸਿੰਘ ਨੂੰ ਬੂਹੇ ਬੈਠੀ ਜਵਾਨ ਧੀ ਦੇ ਵਿਆਹ ਦਾ ਫ਼ਿਕਰ ਵੀ ਵੱਢ-ਵੱਢ ਖਾਣ ਲੱਗਾ। ਕਰਜੇ ਤੇ ਲਿਆ ਟਰੈਕਟਰ ਕਿਸ਼ਤਾਂ ਨਾ ਮੋੜਨ ਕਾਰਨ ਕੰਪਨੀ ਵਾਲਿਆਂ ਆਪਣੇ ਕਬਜੇ ਕਰ ਲਿਆ। ਉਧਰ ਬੈਂਕ ਦੇ ਕਰਜੇ ਦੀ ਮਿਆਦ ਪੁੱਗ ਜਾਣ ਤੇ ਕਰਜਾ ਨਾ ਮੋੜ ਸਕਣ ਦੇ ਸਿੱਟੇ ਵਜੋਂ ਬੈਂਕ ਵਲੋਂ ਪੂਰਾ ਕਰਜਾ ਚੁਕਾਉਣ ਜਾਂ ਜ਼ਮੀਨ ਨਿਲਾਮ ਕਰਨ ਹਿੱਤ ਨਿਲਾਮੀ ਨੋਟਿਸ ਆਉਣ ਲਗ ਪਏ ਸਨ। ਕਿਉਂਕਿ ਸਰਕਾਰ ਦੀ ਕਰਜ਼ਈ ਕਿਸਾਨ ਦੀ ਕਰਜਾ-ਮੁਆਫੀ ਦੀ ਵਾਅਦਾ-ਖਿਲਾਫ਼ੀ ਸਦਕਾ ਸਰਕਾਰੇ ਦਰਬਾਰੇ ਵੀ ਉਸ ਦੀ ਬਾਂਹ ਫੜ੍ਹਨ ਲਈ ਕੋਈ ਤਿਆਰ ਨਹੀਂ ਸੀ।

ਹੁਣ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਇਆ ਗਹਿਣਾ ਸਿੰਘ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਢਹਿੰਦੀਆਂ ਕਲਾਂ ਵੱਲ ਸੋਚਣ ਲੱਗਾ। ਅਮਰੀਕਾ ਤੰਗੀ -ਤੁਰਸ਼ੀ ਨਾ ਸਹਾਰਦੇ ਹੋਏ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਦੇਸ਼ ਭਰ ਵਿਚ ਝੁੱਲੀ ਖੁਦਕੁਸ਼ੀਆਂ ਦੀ ਖੂੰਖਾਰ ਹਨੇਰੀ ਗਹਿਣਾ ਸਿੰਘ ਦੇ ਦਿਲੋ-ਦਿਮਾਗ ’ਤੇ ਛਾ ਗਈ। ਉਹਦੀ ਅਜਿਹੀ ਨਿਰਾਸ਼ਾਵਾਦੀ ਸੋਚ ਉਸ ਰਾਤ ਅੱਧਸੁਤੇ ਪਿਆਂ ਸਵੈ-ਸੰਵਾਦ ਰਚਾਉਂਦਿਆਂ/ਬੁੜਬੁੜਾਉਂਦਿਆਂ ਇੰਝ ਜ਼ਾਹਿਰ ਹੋਈ, “ਇਹ ਜਮੀਨ ਤਾਂ ਜੱਟ ਦੀ ਮਾਂ ਹੁੰਦੀ ਏ ਬੈਂਕ ਵਾਲਿਓ। ਇਹ ਦੀ ਬੈਅ/ਨਿਲਾਮੀ ਦੀ ਗੱਲ ਭੁੱਲ ਜਾਓ, ਆਪਣੇ ਜਿਉਂਦੇ ਜੀਅ ਏਥੇ ਕਿਸੇ ਨੂੰ ਪੈਰ ਵੀ ਨਹੀਂ ਧਰਨ ਦਿਆਂਗਾ। ਇਹਦੇ ਬਦਲੇ ਮੇਰੀ ਜਾਨ ਵੀ ਚਲੀ ਜਾਏ ਪ੍ਰਵਾਹ ਨਹੀਂ-ਮੈਨੂੰ ਖੁਦਕੁਸ਼ੀ ਵੀ ਕਰਨੀ ਪਈ ਤਾਂ ਪਿਛੇ ਨ੍ਹੀਂ ਹਟਾਂਗਾ।”

ਗਹਿਣਾ ਸਿੰਘ ਦੇ ਅੰਦਰ ਦੀ ਗੱਲ ਸੁਣ ਕੇ ਨੇੜਲੇ ਮੰਜੇ ਤੇ ਪਈ ਪਿੰਡ ਵਿਚ ਚੰਗਾ ਅਸਰ-ਰਸੂਖ ਰੱਖਣ ਵਾਲੀ ਉਹਦੀ ਪਤਨੀ ਨਸੀਬ ਕੌਰ ਸਭ ਕੁਝ ਜਾਂਚ-ਭਾਂਪ ਗਈ। ਆਪਣੇ ਘਰ ਤੇ ਮੁਸੀਬਤ ਦਾ ਪਹਾੜ ਡਿੱਗਦਾ ਵੇਖ ਉਹ ਅੰਦਰੋਂ-ਅੰਦਰੀ ਸੁਲਗਦੀ ਸਵੇਰ ਹੁੰਦਿਆਂ ਹੀ ਪਿੰਡ ਦੇ ਨਾਮਵਰ/ਸਿਆਣੇ ਸਰਪੰਚ ਕੋਲ ਗਈ ਤੇ ਉਸ ਨੂੰ ਗਹਿਣਾ ਸਿੰਘ ਦੀ ਗਮਗੀਨ ਗਾਥਾ ਖੋਲ੍ਹ ਸੁਣਾਈ। ਤੇ ਪਤੀ ਨੂੰ ਸਮਝਾਉਣ ਲਈ ਸਰਪੰਚ ਨੂੰ ਬੇਨਤੀ ਸਹਿਤ ਆਪਣੇ ਘਰ ਬੁਲਾਇਆ।

ਸੁਲਝੇ ਹੋਏ ਵਿਦਵਾਨ ਸਰਪੰਚ ਨੇ ਗਹਿਣਾ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ, “ਗਹਿਣਾ ਸਿਹਾਂ, ਮੈਂ ਤੇਰੀ ਮਾਨਸਿਕ ਅਵਸਥਾ ਨੂੰ ਭਲੀ ਭਾਂਤ ਵੇਖ, ਸੁਣ ਲਿਆ। ਖੁਦਕੁਸ਼ੀਆਂ ਦੇ ਖੂਨੀ ਖੰਡਰਾਂ / ਖੂਹਾਂ ਵਿਚ ਛਾਲ ਮਾਰਨੀ ਕਿਸੇ ਸਮੱਸਿਆ ਦਾ ਹੱਲ ਨਹੀਂ ਸਰਦਾਰ ਜੀ। ਇਹ ਤਾਂ ਬੁਜ਼ਦਿਲ ਅਤੇ ਕਾਇਰ ਲੋਕਾਂ ਦੀਆਂ ਕੋਝੀਆਂ ਕਮੀਨੀਆਂ ਸ਼ਰਮਨਾਕ ਹਰਕਤਾਂ ਨੇ। ਮੈਨੂੰ ਪਤਾ ਜ਼ਿਮੀਂਦਾਰ ਅਤੇ ਜ਼ਮੀਨ ਦਾ ਰਿਸ਼ਤਾ ਬੜਾ ਕਰੀਬ ਹੰੁਦੈ। ਬਾਕੀ ਤੇਰੇ ਨਾਲ ਮੇਰਾ ਵਾਅਦਾ ਰਿਹਾ ਮੈਂ ਤੇਰੀ ਗਹਿਣੇ ਪਈ ਜਮੀਨ ਨਿਲਾਮ ਨਹੀਂ ਹੋਣ ਦਿਆਂਗਾ। ਮੈਂ ਤੇਰੀ ਜ਼ਿੰਦਗੀ ਦੇ ਬੁਝਦੇ ਹੋਏ ਦੀਵੇ ਨੂੰ ਰੋਸ਼ਨੀ ਦਿਆਂਗਾ। ਤੇਰੀ ਡੁੱਬਦੀ ਜੀਵਨ ਬੇੜੀ ਨੂੰ ਮੋਢਾ ਦਿਆਂਗਾ। ਬਸ਼ਰਤੇ ਤੂੰ ਆਪਣੇ ਮਨ ਮਸਤਕ ਦੀ ਕੈਨਵਸ ਤੇ ਚਿਤਰੇ ਖੁਦਕੁਸ਼ੀ ਦੇ ਖੂਨੀ ਖੰਡਰ ਮਿਟਾਅ, ਖੁਦ-ਖੁਸ਼ੀ ਦੇ ਖੁਸ਼ਹਾਲ /ਖੁਸ਼ਗਵਾਰ ਚਿੱਤਰ ਸਿਰਜ ਲੈ ਤੇ ਫਿਰ ਵੇਖ ਤੇਰਾ ਆਪਾ ਖੁਦ -ਖੁਸ਼ੀਆਂ /ਖੇੜੇ ਵੰਡਦਾ ਤੇਰੇ ਘਰ-ਪਰਿਵਾਰ ਨੂੰ ਸ਼ਰ  ਸਾਰ ਕਰ ਦੇਵੇਗਾ।”

ਸਰਪੰਚ ਦੇ ਵਿਦਵਤਾ ਭਰਪੂਰ ਦਲੇਰੀ ਅਤੇ ਹਮਦਰਦੀ ਭਰੇ ਗੱਲ ਸੁਣ ਕੇ ਕਿਸਾਨ ਗਹਿਣਾ ਸਿੰਘ ਦੇ ਬੇਜਾਨ ਨੁਮਾ ਬੁੱਤ ਨੂੰ ਜਿਵੇਂ ਜੀਵਨਦਾਇਕ ਆਕਸੀਜਨ ਮਿਲ ਗਈ ਹੋਵੇ। 

============

ਜੀਵਨ-ਜੜ੍ਹਾਂ

“ਪ੍ਰੋਫੈਸਰ ਬਲਰਾਜ। ਮੈਂ ਕਿੰਨੀ ਵਾਰ ਤੁਹਾਨੂੰ ਕਿਹਾ ਬਈ ਬੇਬੇ ਬਾਪੂ ਪਿੰਡ ਜਾਣ ਨੂੰ ਕਾਹਲੇ ਨੇ। ਸ਼ਹਿਰ ਵਿਚ ਇਨ੍ਹਾਂ ਦਾ ਜਰਾ ਵੀ ਚਿੱਤ ਨਹੀਂ ਲਗਦੈ-ਹਰਦਮ ਪਿੰਡ ਪਿੰਡ ਕਰਦੇ ਨੇ। ਚੰਗਾ ਹੋਵੇ ਇਨ੍ਹਾਂ ਨੂੰ ਉਥੇ ਭੇਜ ਦਿਓ- ਨਾਲੇ ਮੈਂ ਆਪਣੇ ਬੱਚਿਆਂ ਨੂੰ ਸੰਭਾਲਾਂ ਕਿ ਤੁਹਾਡੇ ਬੇਬੇ-ਬਾਪੂ ਦਾ ਬੁਢਾਪਾ....।” ਸ਼ਹਿਰ ਰਹਿੰਦੇ ਪ੍ਰੋਫੈਸਰ ਬਲਰਾਜ ਦੀ ਤੇਜ਼ ਤਰਾਰ ਪਤਨੀ ਜਮਸੀਤ ਉਸ ਦਿਨ ਸਵੇਰੇ ਸਾਜਰੇ ਹੀ ਉਸ ਨੂੰ ਜਿਵੇਂ ਆਪਣਾ ਹੁਕਮ ਸੁਣਾ ਰਹੀ ਸੀ।

ਪ੍ਰੋਫੈਸਰ ਬਲਰਾਜ ਨੈਤਿਕਤਾ ਅਤੇ ਨਿਮਰਤਾ ਦੇ ਸੁਮੇਲ ਸਹਿਤ ਪਤਨੀ ਨੂੰ ਸੰਬੋਧਿਤ ਹੋਇਆ, “ਭਾਗਵਾਨੇ! ਕਿੰਨੀ ਵਾਰ ਸਮਝਾਇਆ ਕਿ ਘਰ ਦੇ ਮਾਹੌਲ ਨੂੰ ਸਾਵਾਂ-ਸੁਖਾਵਾਂ ਰੱਖਣ ਲਈ ਤੈਨੂੰ ਬਜ਼ੁਰਗ ਮਾਂ-ਬਾਪ ਨਾਲ ਐਡਜਸਟਮੈਂਟ ਕਰਨੀ ਪੈਣੀ ਏ। ਇਹ ਤਾਂ ਸਾਡਾ ਫਰਜ਼ ਬਣਦੈ। ਸਾਡੇ ਬਿਨਾਂ ਇਨ੍ਹਾਂ ਵਿਚਾਰਿਆਂ ਨੂੰ ਭਲਾ ਕੌਣ ਸਾਂਭੂ। ਕੱਲ੍ਹ ਨੂੰ ਅਸੀਂ ਵੀ ਇਸੇ ਅਵਸਥਾ ’ਚੋਂ ਗੁਜਰਨਾ ਕੀ ਸਾਡੇ ਜੰਮੇ ਜਾਏ ਵੀ ਸਾਨੂੰ ਏਦਾਂ ਹੀ ਘਰੋਂ ਬਾਹਰ ਦਾ ਰਸਤਾ ਦਿਖਾਣਗੇ ਫਿਰ ਜਰਾ ਦੂਰ ਅੰਦੇਸ਼ੀ ਨਾ ਸੋਚਿਆ ਵਿਚਾਰਿਆ ਕਰ। ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲਈਦੈ - ਨਾਲੇ ਪਿੰਡ ’ਚ ਕੌਣ ਸੰਭਾਲਣ ਵਾਲਾ ਇਨ੍ਹਾਂ ਨੂੰ ਹੁਣ ....?”

“ਜੇ ਪਿੰਡ ਵਿਚ ਨਹੀਂ ਸੰਭਾਲਣ ਵਾਲਾ ਇਨ੍ਹਾਂ ਨੂੰ ਤਾਂ ਸ਼ਹਿਰ ਵਿਚ ਬਥੇਰੇ ਬਿਰਧ-ਆਸ਼ਰਮ/ਓਲਡ ਏਜ਼ ਹੋਮ ਖੁਲ੍ਹੇ ਹੋਏ ਨੇ। ਇਨ੍ਹਾਂ ਨੂੰ ਵੀ ਛੱਡ ਆਓ ਉਥੇ ਖਬਰਸਾਰ ਲੈਂਦੇ ਰਹਿਣਾ ....।” ਜਸਮੀਤ ਇੰਜ ਖਫਾ ਤੇ ਬਾਜ਼ਿੱਦ ਜੇਹੀ ਹੋਈ ਪਈ ਸੀ, ਜਿਵੇਂ ਉਹ ਆਪਣੇ ਦਰ-ਦਰਵਾਜੇ ਤੇ ਦਸਤਕ ਦੇਣ ਵਾਲੇ ਬੁਢਾਪੇ ਤੋਂ ਬਿਲਕੁਲ ਬੇਖਬਰ ਹੋਵੇ।

ਸੂਝਵਾਨ ਪ੍ਰੋਫੈਸਰ ਬਲਰਾਜ ਆਪਣੀ ਪਤਨੀ ਨੂੰ ਅਸਲੀਅਤ ਨਸੀਹਤ ਦਿੰਦਿਆਂ ਬੋਲਿਆ, “ਅਸੀਂ ਸਭਿਅਕ ਸਮਾਜ ਵਿਚ ਰਹਿਣ ਵਾਲੇ ਸਧਾਰਨ ਮਨੁੱਖ ਝੱਲੀਏ। ਏਦਾਂ ਸਰਕਾਰੀ ਹੁਕਮਰਾਨ ਬਣ ਕੇ ਘਰ -ਪਰਿਵਾਰ ਨ੍ਹੀਂ ਚੱਲਦੇ। ਸਾਡੇ ਮਾਂ-ਪਿਓ ਹੀ ਤਾਂ ਸਾਡੇ ਜੀਵਨ ਦੀਆਂ ਮਜਬੂਤ ਮੰਜਿਲਾਂ ਦੇ ਥੰਮ੍ਹ-ਦਮ ਹਨ ... ਇਨ੍ਹਾਂ ਬਜੁਰਗਾਂ/ਬਾਬੇ ਬੋਹੜਾਂ/ਬੋਧ ਬਿਰਖਾਂ ਦੀਆਂ ਜਰਖੇਜ਼ ਜੜ੍ਹਾਂ ਦੀ ਬਦੌਲਤ ਹੀ ਅਸੀਂ ਜਵਾਨ ਹੋਏ ਬੂਟੇ ਹਾਂ - ਅਗਰ ਅਸੀਂ ਇਨ੍ਹਾਂ ਜੀਵਨ ਜੜ੍ਹਾਂ ਨੂੰ ਹੀ ਕੱਟਣ-ਵੱਢਣ ਲਗ ਪਏ ਤਾਂ ਸਾਡੇ ਬੂਟਿਆਂ ਬਿਰਖਾਂ ਦਾ ਕੀ ਬਣੂ।”

ਪਤੀ ਦੇ ਆਦਰਸ਼ਵਾਦੀ ਬੋਲ ਸੁਣ ਕੇ ਪਤਨੀ ਅਜੇ ਵੀ ਅਸੰਤੁਸ਼ਟ ਜੇਹੀ ਪ੍ਰਤੀਤ ਹੁੰਦੀ ਜਿਵੇਂ ਪਲਟਵਾਰ ਕਰਨ ਲਈ ਤਿਆਰ ਹੋਵੇ।

===========

ਕੱਚ ਸੱਚ

ਹਰਮੀਤ ਜੰਮਪਲ ਤਾਂ ਉਂਜ ਪੰਜਾਬ ਦੀ ਸੀ ਪਰ ਵਿਦੇਸ਼ ਜਾ ਕੇ ਉਹ ਵਿਦੇਸ਼ੀ ਸਭਿਆਚਾਰ ਦੇ ਰਹੁ-ਰੰਗ ਵਿਚ ਰੰਗੀ ਗਈ ਲਗਦੀ ਸੀ। ਉਸ ਦੇਸ਼ ਵਿਚ ਵਿਚਰਦਿਆਂ ਉਹ ਜਿਵੇਂ ਪੰਜਾਬੀ ਸਭਿਆਚਾਰ ਤੋਂ ਅਣਗੌਲੀ ਅਗਿਆਨੀ ਅਤੇ ਅਭਿੱਜ ਜੇਹੀ ਪ੍ਰਤੀਤ ਹੁੰਦੀ । ਹਰ ਸਮੇਂ ਆਪਣੇ ਘਰੇਲੂ ਮਾਹੌਲ ਨੂੰ ਉਹ ਤਾਨਾਸ਼ਾਹੀ ਰੰਗਤ ਦੇਣ ਦੀ ਕੋਸ਼ਿਸ਼ ਕਰਦੀ। ਸਾਊ ਸੁਭਾਅ ਦੀ ਪ੍ਰਵਿਰਤੀ ਵਾਲਾ ਉਹਦਾ ਪਤੀ ਵਿਚਾਰਾ ਦੂਰ-ਦੁਰਾਡੇ ਸਰਵਿਸ ਕਰਦਾ ਕਦੇ-ਕਦਾਈਂ ਘਰ ਬਹੁੜਦਾ।

ਸਮਾਜਿਕ ਵਰਤਾਰੇ ਵਿਚ ਵੀ ਹਰਮੀਤ ਅਕਸਰ ਵਿਤੋਂ ਵੱਧ ਸਿਆਣੀ ਅਤੇ ਚਤੁਰ -ਚਲਾਕ ਹੋਣ ਦਾ ਅਡੰਬਰ ਰਚਦੀ। ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਤੇ ਦਿਖਾਉਣ ਦੇ ਹੋਰ ਦੀ ਕਹਾਵਤ ਵਾਂਗ ਦੂਹਰੇ ਕਿਰਦਾਰ ਨਿਭਾਉਂਦੀ। ਦੀਵੇ ਹੇਠ ਹਨੇਰੇ ਦੀ ਹੋਂਦ ਨੂੰ ਭੁਲ ਭੁਲਾ ਜਾਂਦੀ। ਉਂਜ ਸੁਬ੍ਹਾ-ਸਵੇਰੇ ਗੁਰਬਾਣੀ ਦਾ ਜਾਪ ਕਰਦੀ ਪ੍ਰੰਤੂ ਅਸਲੀ ਰੂਪ ਵਿਚ ਗੁਰੂ ਸਾਹਿਬਾਨਾਂ ਦੀਆਂ ਸਿਖਿਆਵਾਂ ਹਰਮੀਤ ਦੇ ਮਨ ਮਸਤਿਕ ਤੋਂ ਕੋਹਾਂ ਦੂਰ ਸਨ।

ਘਰ ਪਰਿਵਾਰ ਵਿਚ ਜਦੋਂ ਵੀ ਹਰਮੀਤ ਵਿਦੇਸ਼ੀ ਕਲਚਰ ਦੇ ਪ੍ਰਭਾਵ ਦਾ ਪ੍ਰਦਰਸ਼ਨ ਕਰਦੀ ਜਾਂ ਅਣਸੁਖਾਵੇ ਮਾਹੌਲ ਸਿਰਜਦੀ ਤਾਂ ਉਸ ਦੀ ਗੂੜ੍ਹ-ਗਿਆਨਣ ਸੱਸ ਸੁਰਜੀਤ ਕੌਰ ਆਪਣੀ ਨੂੰਹ-ਰਾਣੀ ਨੂੰ ਨਸੀਹਤ ਦੇਂਦੀ “ਪੁੱਤ ਕੁੜੇ ਸਾਡਾ ਪਰਿਵਾਰ ਤਾਂ ਸਿੱਧਾ-ਸਾਦਾ ਜਿਹਾ ਪੇਂਡੂ ਪਿਛੋਕੜ ਵਾਲਾ ਸਧਾਰਨ ਪਰਿਵਾਰ ਹੈ। ਸਾਨੂੰ ਤਾਂ ਆਪਣੇ ਅਮੀਰ ਵਿਰਸੇ ਦੀਆਂ ਰਹੁ-ਰੀਤਾਂ ’ਚ ਰਹਿ ਕੇ ਹੀ ਜੀਵਨ ਜਿਊਣਾ ਚੰਗਾ ਲੰਗਦੈ। ਸਚਿਆਰੇ ਜੀਵਨ ਦੇ ਸੁਚਜੇ ਪੰਧ-ਪੈਂਡਿਆਂ ਅਤੇ ਸੁੱਚੇ ਰਾਹ-ਦਸੇਰੇ ਗੁਰੂਆਂ ਦੇ ਗਾਡੀ ਰਾਹਾਂ ਤੇ ਚਲਕੇ ਹੀ ਆਪਾਂ ਆਪਣਾ ਮਨੁੱਖਤਾ ਜੀਵਨ ਸੁਹਜ ਸਵਾਰ ਸਕਦੇ ਹਾਂ ਬੀਬਾ!”

ਸੂਝਵਾਨ ਸੱਸ ਸੁਰਜੀਤ ਕੌਰ ਦੀ ਗੂੜ੍ਹ-ਗਿਆਨ ਉਸਾਰੂ ਸਿੱਖਿਆ ਸੁਣ ਕੇ ਹੰਕਾਰੀ ਹੋਈ ਹਰਮੀਤ ਕੌਰ ਦੇ ਕੰਨਾਂ ’ਤੇ ਜੂੰ ਤਕ ਨਾ ਸਰਕਦੀ। ਸਗੋਂ ਇਸ ਦੇ ਵਿਰੁੱਧ ਵਿਚ ਉਹ ਵਿਅੰਗ ਕਸਦੀ, “ਆਈ ਡੌਂਟ ਕੇਅਰ ਅਬਾਊਟ ਇਟ ਮੈਨੂੰ ਨਾ ਦਿਆ ਕਰੋ ਅਜਿਹੀਆਂ ਮੱਤਾਂ। ਏਸ ਦੇਸ਼ ਵਿਚ ਏਦਾਂ ਨ੍ਹੀਂ ਚਲਦਾ ....।”
“ਠੀਕ ਐ ਕੁੜੀਏ। ਜੇ ਮੇਰੀ ਮੱਤ ਨਹੀਂ ਕਬੂਲ ਤੈਨੂੰ - ਤੂੰ ਸਾਡੇ ਗੁਰੂਆਂ ਦੀ ਇਲਾਹੀ ਬਾਣੀ ਤੋਂ ਹੀ ਕੁਝ ਸਿਖ ਸਮਝ ਲੈ ਜਿਸ ਦਾ ਤੂੰ ਰੋਜ਼ ਸਿਮਰਨ ਕਰਦੀ ਏਂ। ਮੇਰਾ ਜਾਚੇ ਜੇ ਤੇਰੀ ਹਊਮੈਂ ਦੀ ਅਗਨੀ ਸੜਦੀ ਸੌੜੀ ਸੁੰਗੜੀ ਸੋਚ ਪਾਵਨ ਪਵਿੱਤਰ ਗੁਰਬਾਣੀ ਦੇ ਮਹਾਂਵਾਕਾਂ ਦੇ ਇਕ ਵੀ ਸ਼ਬਦ ਦੀ ਸਾਰਥਿਕਤਾ ਨੂੰ ਸਮਝਣ ਦੇ ਸਮਰਥ ਹੁੰਦੀ ਤਾਂ ਸਾਡੇ ਹੱਸਦੇ ਵਸਦੇ ਘਰ ਦੇ ਸਵਰਗ ਨੂੰ ਨਰਕ ਨਾ ਬਣਾਉਂਦੀ।” ਸੁਘੜ-ਸਿਆਣੀ ਸੱਸ ਨੇ ਆਪਣੀ ਨੂੰਹ ਦੇ ਕੱਚ-ਸੱਚ ਤੇ ਚੋਟ ਮਾਰਦਿਆਂ ਹਕੀਕਤ ਬਿਆਨੀਂ। 

=============

ਸਾਡਾ ਰੱਬ

ਉਸ ਮੁਹਲੇ ਦੇ ਸਾਰੇ ਧਰਮਾਂ ਦੇ ਮੁੰਡੇ ਝੁੰਡ ਬਣਾ ਕੇ ਦਿਲਚਸਪ ਖੇਡ ਖੇਡ ਰਹੇ ਸਨ। ਇਉਂ ਲਗ ਰਿਹਾ ਸੀ ਜਿਵੇਂ ਭਾਂਤ-ਭਾਂਤ ਕਿਸਮਾਂ ਦੇ ਫੁਲ ਇਕ ਗੁਲਦਸਤੇ ਵਿਚ ਸੱਜ ਕੇ ਵੰਨ-ਸੁਵੰਨੀਆਂ ਮਹਿਕਾਂ ਵੰਡ ਰਹੇ ਹੋਣ।

ਸੂਰਜ ਦਾ ਸਫ਼ਰ ਰਾਤ-ਰਾਣੀ ਨੂੰ ਦਾਅਵਤ ਦੇ ਰਿਹਾ ਸੀ। ਆਪਣੀ ਖੇਡ ਤੋਂ ਹਾਰ ਹੰਭ ਕੇ ਉਹ ਮੰੁਡੇ ਪਿੰਡ ਦੇ ਪੁਰਾਣੇ ਖੂਹ ਦੀ ਮੌਣ ਤੇ ਆ ਬੈਠੇ ਸਨ। ਹੁਣ ਉਹ ਸੁਹਣੇ ਤੇ ਸੱਚੇ ਰਬ ਦੀਆਂ ਬਾਤਾਂ ਪਾਉਣ ਲੱਗੇ। ਉਹਦੀ ਅਪਾਰ ਮਹਿਮਾਂ ਦੀਆਂ ਗੱਲਾਂ ਕਰਨ ਲੱਗੇ।

‘‘ਸਾਡਾ ਰੱਬ ਬੜਾ ਚੰਗੈ -ਗੁਰਦੁਆਰੇ ’ਚ ਰਹਿੰਦੈ - ਬਹੁਤ ਕੁਝ ਖਾਣ ਦੇਂਦੇ -ਕੜਾਹ /ਪ੍ਰਸ਼ਾਦ, ਲੰਗਰ ਤੇ ਕਈ ਕੁਛ।” ਸਰਵਪ੍ਰੀਤ ਸਿੰਘ ਬੋਲਿਆ।

‘‘ਸਾਡਾ ਰਬ ਸਭ ਤੋਂ ਚੰਗੈ ਉਹ ਮੰਦਰ ’ਚ ਰਹਿੰਦੈ - ਫਲ-ਫਰੂਟ ਤੇ ਮੇਵੇ -ਮਖਾਣੇ ਖਾਣ ਲਈ ਦੇਂਦੈ ੲੈ ਉਹ -।” ਇਹ ਉਪਜਿੰਦਰ ਪਾਲ ਸੀ।

‘‘ਨਹੀਂ ਯਾਰ! ਤੁਸੀਂ ਸਾਰੇ ਝੂਠੇ ਓ -ਸਭ ਤੋਂ ਵਧੀਆ ਤੇ ਪਿਆਰਾ ਤਾਂ ਸਾਡਾ ਰੱਬ ਏ -ਉਹ ਮਸੀਤ ’ਚ ਵਸਦੈ-ਖਾਣ-ਪੀਣ ਤੋਂ ਬਿਨਾ ਪਾਉਣ ਲਈ ਕਪੜੇ ਤੇ ਰਹਿਣ ਲਈ ਘਰ ਵੀ ਦੇਂਦੈ।’’ ਨੂਰ ਮੁਹੰਮਦ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ।

ਤੇ ਫਿਰ ਕਿਸੇ ਡੂੰਘੀ ਸੋਚ ਵਿਚ ਗੁੰਮਿਆ -ਗੁਆਚਿਆ ਇਕ ਗਰੀਬੜੇ ਜਿਹੇ ਪਰਿਵਾਰ ਦਾ ਮੁੰਡਾ ਛੱਬਾ ਬੋਲਿਆ, “ਯਾਰੋ, ਸਾਡਾ ਰੱਬ ਤਾਂ ਬਾਹਲਾ ਈ ਕੰਜੂਸ ਐ-ਊਂ ਮਿੱਲ ਦਾ ਮਾਲਕ ਐ-ਪੈਸੇ ਵਾਲੇ ਆਲੀਸ਼ਾਨ ਬੰਗਲੇ ’ਚ ਰਹਿੰਦੈ -ਵਿਦੇਸ਼ੀ ਕਾਰਾਂ ਝੂਟਦੈ-ਪਰ ਮਜਦੂਰ ਨੂੰ ਮਿਹਨਤ ਦੇ ਪੈਸੇ ਦੇਣ ਲੱਗਿਆਂ ਵੀ ਨੱਕ ਮੂੰਹ ਵੱਟਦੈ-ਗਰੀਬਾਂ ਨੂੰ ਡੱਸਦੈ-ਨਾਗ ਕਿਸੇ ਥਾਂ ਦਾ!”

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Renonwned Mini Kahani Writer Surinder Maqsoodpuri